ਅੰਗਦਾਨ ਜਾਗਰੂਕਤਾ ਲਈ ਫ਼ਿਰੋਜ਼ਪੁਰ ‘ਚ ਮੈਰਾਥਨ ਦੌੜ, ਐਸਐਸਪੀ ਭੁਪਿੰਦਰ ਸਿੰਘ ਨੇ ਕੀਤਾ ਆਗਾਜ਼
ਅੰਗਦਾਨ ਜਾਗਰੂਕਤਾ ਲਈ ਫ਼ਿਰੋਜ਼ਪੁਰ ‘ਚ ਮੈਰਾਥਨ ਦੌੜ, ਐਸਐਸਪੀ ਭੁਪਿੰਦਰ ਸਿੰਘ ਨੇ ਕੀਤਾ ਆਗਾਜ਼

ਫ਼ਿਰੋਜ਼ਪੁਰ, 28 ਜੂਨ 2026:ਮਨੁੱਖਤਾ ਦੀ ਸੇਵਾ ਅਤੇ ਅੰਗਦਾਨ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਐਤਵਾਰ ਸਵੇਰੇ 7 ਵਜੇ ਗੁਰੂਦੁਆਰਾ ਸ੍ਰੀ ਸਾਰਾਗੜ੍ਹੀ ਸਾਹਿਬ, ਫ਼ਿਰੋਜ਼ਪੁਰ ਤੋਂ ਇੱਕ ਵਿਸ਼ੇਸ਼ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਨੂੰ ਸ੍ਰੀ ਭੁਪਿੰਦਰ ਸਿੰਘ ਆਈਪੀਐਸ, ਸੀਨੀਅਰ ਪੁਲਿਸ ਕਪਤਾਨ ਫ਼ਿਰੋਜ਼ਪੁਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਡਾ. ਬਲਦੇਵ ਸਿੰਘ ਔਲਖ, ਡਾ. ਕਮਲ ਬਾਗ਼ੀ, ਸ੍ਰੀ ਅਨੁਰੋਧ ਗੁਪਤਾ, ਗੇਨੇਸਿਸ ਡੈਂਟਲ ਹਸਪਤਾਲ ਫ਼ਿਰੋਜ਼ਪੁਰ ਦੇ ਡਾ. ਨਿਖਿਲ ਗੁਪਤਾ, ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਡਾ. ਬਲਦੇਵ ਸਿੰਘ ਔਲਖ ਅਤੇ ਐਸਐਸਪੀ ਭੁਪਿੰਦਰ ਸਿੰਘ ਨੇ ਅੰਗਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੌਤ ਤੋਂ ਬਾਅਦ ਵੀ ਅੰਗਦਾਨ ਰਾਹੀਂ ਕਈ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅੰਗਦਾਨ ਲਈ ਅੱਗੇ ਆਉਣ ਅਤੇ ਇਸ ਮਹਾਨ ਕਾਰਜ ਬਾਰੇ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਪ੍ਰੇਰਿਤ ਕਰਨ ਦੀ ਅਪੀਲ ਕੀਤੀ।
ਮੈਰਾਥਨ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ, ਕਰਮਚਾਰੀਆਂ, ਸਮਾਜ ਸੇਵੀ ਸੰਸਥਾਵਾਂ, ਸੀਨੀਅਰ ਸਿਟੀਜਨ ਫੋਰਮ ਦੇ ਮੈਂਬਰਾਂ ਅਤੇ ਗੇਨੇਸਿਸ ਹਸਪਤਾਲ ਦੇ ਡਾਕਟਰਾਂ ਤੇ ਕਰਮਚਾਰੀਆਂ ਨੇ ਅੰਗਦਾਨ ਮੁਹਿੰਮ ਨੂੰ ਸਮਰਥਨ ਦੇਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਸਹੁੰ ਚੁੱਕੀ।
ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੇ ਪ੍ਰਧਾਨ ਸ੍ਰੀ ਪ੍ਰਦੀਪ ਧਵਨ ਦੀ ਅਗਵਾਈ ਹੇਠ ਸ੍ਰੀ ਦੇਸ਼ ਬੰਧੂ ਤੁਲੀ (ਪੈਟਰਨ), ਸ੍ਰੀ ਅਵਤਾਰ ਸਿੰਘ ਭੋਲਾ (ਮੀਤ ਪ੍ਰਧਾਨ), ਸ੍ਰੀ ਮੁਹਿੰਦਰ ਸਿੰਘ ਧਾਲੀਵਾਲ (ਜਨਰਲ ਸਕੱਤਰ), ਸ੍ਰੀ ਹਰੀਸ਼ ਮੋਂਗਾ (ਚੀਫ਼ ਐਡਵਾਈਜ਼ਰ), ਡਾ. ਸੁਰਿੰਦਰ ਸਿੰਘ, ਯੋਗਿੰਦਰ ਨਾਥ ਯੋਗੀ, ਸ਼ਾਮ ਲਾਲ ਗੱਖੜ ਆਦਿ ਨੇ ਵੀ ਮੈਰਾਥਨ ਵਿੱਚ ਸ਼ਮੂਲੀਅਤ ਕੀਤੀ।
ਇਹ ਮੈਰਾਥਨ ਅੰਗਦਾਨ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਸਮਾਜ ਨੂੰ ਮਨੁੱਖਤਾ ਦੀ ਭਲਾਈ ਲਈ ਪ੍ਰੇਰਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਈ।





