Ferozepur News
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ
ਨਸ਼ੇ ਦੇ ਖਾਤਮੇ ਲਈ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਲੋੜ- ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ
• ਨਸ਼ੇ ਦੇ ਖਾਤਮੇ ਲਈ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਲੋੜ- ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
• ਪੰਜਾਬ ਸਰਕਾਰ ਵੱਲੋਂ ਕਈ ਵੱਡੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰ ਕੇ ਭੇਜਿਆ ਗਿਆ ਸਲਾਖਾਂ ਪਿੱਛੇ
• ਨੋਜ਼ਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਾਉਣ ਲਈ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਏ ਗਏ
• ਨਸ਼ਾ ਤਸਕਰੀ ਵਿੱਚ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਹ ਬਖ਼ਸ਼ਿਆ ਨਹੀਂ ਜਾਵੇਗਾ
ਫਿਰੋਜ਼ਪੁਰ 25 ਜੂਨ ( ) ਸੂਬੇ ਨੂੰ ਨਸ਼ਾ ਮੁੱਕਤ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਸ. ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ (ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪਸ਼ੂ ਪਾਲਣ ਤੇ ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਮੰਤਰੀ) ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਜ਼ਿਲਾ, ਹਲਕਾ ਤੇ ਬਲਾਕ ਕੋਆਰਡੀਨੇਟਰਾਂ ਤੇ ਵਲੰਟੀਅਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਭੁੱਲਰ, ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਐਸਐਸਪੀ ਸ. ਭੁਪਿੰਦਰ ਸਿੰਘ ਸਿੱਧੂ, ਨਸ਼ਾ ਮੁਕਤੀ ਮੋਰਚਾ ਦੇ ਮਾਲਵਾ ਜ਼ੋਨ ਦੇ ਇੰਚਾਰਜ਼ ਚਸਪਿੰਦਰ ਸਿੰਘ ਚਹਿਲ, ਜ਼ਿਲ੍ਹਾ ਕੋਆਰਡੀਨੇਟਰ ਹਰਜਿੰਦਰ ਸਿੰਘ (ਕਾਕਾ ਸਰਾਂ) ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਜੰਗ ਵਿੱਚ ਅਸੀਂ ਸਾਰਿਆਂ ਨੇ ਭਾਗੀਦਾਰੀ ਕਰ ਕੇ ਇਸ ਬੁਰਾਈ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਲੜਾਈ ਲੜਨੀ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਸ਼ਾ ਤਸਕਰੀ ਵਿੱਚ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਹ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਕਿਸੇ ਇੱਕ ਦੀ ਨਹੀਂ ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਜੇਕਰ ਹਰ ਜਾਗਰੂਕ ਨਾਗਰਿਕ ਆਪਣਾ ਫਰਜ਼ ਸਮਝ ਕੇ ਇਸ ਮੁਹਿੰਮ ਵਿੱਚ ਯੋਗਦਾਨ ਪਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਇਸ ਮੁਹਿੰਮ ਨਾਲ ਜੁੜੇ ਕੋਆਰਡੀਨੇਟਰਾਂ, ਹਲਕਾ ਇੰਚਾਰਜਾਂ ਸਮੇਤ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਕੰਮ ਦੀ ਸਰਾਹਨਾ ਕੀਤੀ ਤੇ ਇਸ ਮੁਹਿੰਮ ਨੂੰ ਹੋਰ ਸਫਲਤਾ ਵੱਲੋ ਲਿਜਾਣ ਅਤੇ ਤੇਜ ਕਰਨ ਲਈ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਵਿੱਚੋ ਨਸ਼ਿਆਂ ਦੇ ਖਾਤਮੇ ਲਈ ਹਰ ਵਰਗ ਨੂੰ ਸ਼ਾਮਿਲ ਕਰਨ ਦਾ ਮੁੱਖ ਮਕਸਦ ਇਸ ਸਮਾਜਿਕ ਬੁਰਾਈ ਦਾ ਰਲ ਮਿਲ ਕੇ ਖਾਤਮਾ ਕਰਨਾ ਮਿਥਿਆ ਗਿਆ ਹੈ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਜਿੱਥੇ ਨਸ਼ਾ ਵੇਚਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਉਥੇ ਹੀ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਪਿੰਡ-ਪਿੰਡ ਸਟੇਡੀਅਮਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਘਰਾਂ ਦੇ ਨਜ਼ਦੀਕ ਹੀ ਸਹੂਲਤਾਂ ਮਿਲ ਸਕਣ। ਉਹ ਖੇਡਾਂ ਵਿੱਚ ਆਪਣਾ ਨਾਮ ਚਮਕਾਉਣ ਤੇ ਸੂਬੇ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਨਸ਼ਿਆਂ ਜਿਹੀਆਂ ਮਾੜੀਆਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ ਤੇ ਸੂਬੇ ਦੀ ਜਵਾਨੀ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਦ੍ਰਿੜ ਹੈ ਤੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਸ਼ਲਾਂਘਾਯੋਗ ਕਦਮ ਪੁੱਟੇ ਗਏ ਹਨ ਜਿਸ ਤਹਿਤ ਨਸ਼ਾ ਤਸਕਰਾਂ ਦੇ ਘਰ ਢਾਹੇ ਗਏ ਹਨ ਅਤੇ ਕਰੀਬ 70 ਫੀਸਦੀ ਨਸ਼ਾ ਸੂਬੇ ਵਿਚੋਂ ਖਤਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਪੂਰਨ ਤੌਰ ਤੇ ਰੋਕਣ ਲਈ ਸਭ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਜਾ ਕੋਈ ਵੀ ਵਿਅਕਤੀ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਜੋ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤੇ ਉਸ ਦੀ ਪਹਿਚਾਣ ਵੀ ਗੁਪਤ ਰੱਖੀ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਵੀ ਨਾਗਰਿਕ ਗੁੰਮਰਾਹ ਹੋ ਕੇ ਨਸ਼ਿਆਂ ਦੇ ਰੋਗ ਦਾ ਸ਼ਿਕਾਰ ਹੋ ਗਏ ਹਨ ਉਨ੍ਹਾਂ ਦਾ ਇਲਾਜ ਸੰਭਵ ਹੈ ਅਤੇ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇ ਜਿਥੇ ਉਨ੍ਹਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ, ਐਨਜੀਓਜ਼ ਆਦਿ ਨੂੰ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਆਪਸੀ ਤਾਲਮੇਲ ਕਰ ਕੇ ਨਸ਼ਾ ਖਤਮ ਕਰਨ ਦੀ ਮੁਹਿੰਮ ਵਿੱਚ ਹਿੱਸਾ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਨਸ਼ਾ ਵਰਤੋਂ ਕਰਨ ਵਾਲੇ ਪਿੰਡਾਂ ਦੀ ਸ਼ਨਾਖਤ ਕਰ ਕੇ ਪਿੰਡਾਂ ਵਿੱਚ ਨਸ਼ਾ ਤਸਕਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।ਇਸ ਦੌਰਾਨ ਉਨ੍ਹਾਂ ਪਿੰਡਾਂ ਵਿਚ ਸਰਪੰਚਾਂ, ਬਲਾਕ ਕੁਆਰਡੀਨੇਟਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਨ੍ਹਾ ਨਾਲ ਆਪਣੇ ਸੁਝਾਅ ਵੀ ਸਾਂਝੇ ਕੀਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਕ੍ਰਿਸ਼ਨਾ ਪਾਲ ਰਾਜਪੂਤ, ਐਸਡੀਐਮ ਫਿਰੋਜ਼ਪੁਰ ਸ੍ਰੀ ਅਭਿਸ਼ੇਕ ਸ਼ਰਮਾ, ਐਸਡੀਐਮ ਜ਼ੀਰਾ ਸ੍ਰੀ ਸੂਰਜ ਕੁਮਾਰ, ਹਲਕਾ ਫ਼ਿਰੋਜ਼ਪੁਰ ਸ਼ਹਿਰ ਦੇ ਕੋਆਰਡੀਨੇਟਰ ਸ੍ਰੀਮਤੀ ਅਮਨਦੀਪ ਕੌਰ, ਜ਼ਿਲ੍ਹਾ ਵਾਈਸ ਪ੍ਰਧਾਨ ਗੁਰਨਾਮ ਚੰਦੜ੍ਹ, ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਸਮੇਤ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੋ ਇਲਾਵਾ ਜ਼ਿਲ੍ਹਾ ਤੇ ਬਲਾਕ ਕੁਆਰਡੀਨੇਟਰ ਆਦਿ ਹਾਜ਼ਰ ਸਨ।





