ਪੰਜਾਬੀ ਨੇ ਫਿਰ ਗੱਡੇ ਝੰਡੇ,ਅਰਵਿੰਦਰ ਖੋਸਾ ਬਣੇ ‘ਕਨੇਡਾ ਕ੍ਰਿਕੇਟ’ ਪ੍ਰਧਾਨ
ਪੰਜਾਬੀ ਨੇ ਫਿਰ ਗੱਡੇ ਝੰਡੇ,ਅਰਵਿੰਦਰ ਖੋਸਾ ਬਣੇ ‘ਕਨੇਡਾ ਕ੍ਰਿਕੇਟ’ ਪ੍ਰਧਾਨ
-ਅਰਵਿੰਦਰ ਨੇ ਸਮੁੱਚੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ – ਗਾਮਾ
ਫ਼ਿਰੋਜ਼ਪੁਰ 11 ਅਪ੍ਰੈਲ, 2026: – ਦੁਨੀਆਂ ਵਿਚ ਵੱਸਦੇ ਪੰਜਾਬੀਆਂ ਦਾ ਸਿਰ ਇੱਕ ਵਾਰ ਫਿਰ ਮਾਣ ਨਾਲ ਉੱਚਾ ਹੋ ਗਿਆ ਜਦੋਂ ਅਰਵਿੰਦਰ ਸਿੰਘ ਖੋਸਾ ਨੇ ਕ੍ਰਿਕੇਟ ਕਨੇਡਾ ਦੇ ਪ੍ਰਧਾਨ ਦੀ ਚੋਣ ਜਿੱਤਣ ਵਿਚ ਕਾਮਯਾਬੀ ਹਾਸਲ ਕਰ ਲਈ।
ਅੱਜ ਇਥੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਅਰਵਿੰਦਰ ਸਿੰਘ ਖੋਸਾ ਦੇ ਸਰੀਰਕ ਸਿੱਖਿਆ ਅਧਿਆਪਕ ਰਹੇ ਸਟੇਟ ਅਤੇ ਰਾਸ਼ਟਰੀ ਐਵਾਰਡ ਜੇਤੂ ਗੁਰਨਾਮ ਸਿੱਧੂ ਗਾਮਾ ਨੇ ਦੱਸਿਆ ਕਿ ਅਰਵਿੰਦਰ ਸਿੰਘ ਖੋਸਾ ਉਰਫ਼ ਅਫਰੀਦੀ ਫ਼ਿਰੋਜ਼ਪੁਰ ਦੇ ਪਿੰਡ ਕੋਠਾ ਅੰਬਰਹਰ ਦਾ ਜੰਮਪਲ ਹੈ। ਓਸ ਦੇ ਪਿਤਾ ਸਵਰਗਵਾਸੀ ਨਿਸ਼ਾਨ ਸਿੰਘ ਖੋਸਾ ਅਤੇ ਚਾਚਾ ਸੁਖਵੰਤ ਸਿੰਘ ਖੋਸਾ ( ਸਾਬਕਾ ਸੀਨੀਅਰ ਸਹਾਇਕ, ਦਫ਼ਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ) ਦੀ ਪ੍ਰੇਰਨਾ ਸਦਕਾ ਹੀ ਓਹ ਕ੍ਰਿਕੇਟ ਖੇਡਣ ਲੱਗਾ ਸੀ। ਓਸ ਨੇ ਮੁੱਢਲੀ ਪੜ੍ਹਾਈ ਫਿਰੋਜ਼ਪੁਰ ਦੇ ਡਾਲ ਚੰਦ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਛਾਉਣੀ ਤੋਂ ਅਤੇ ਉੱਚ ਵਿੱਦਿਆ ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ ਛਾਉਣੀ ਤੋਂ ਹਾਸਲ ਕੀਤੀ ਹੈ। ਅਰਵਿੰਦਰ ਦੇ ਖੇਡਣ ਦੇ ਸਟਾਈਲ ਕਰਕੇ ਹੀ ਉਸਦੇ ਹਾਣੀ ‘ਅਫਰੀਦੀ’ ਕਹਿਕੇ ਬੁਲਾਉਂਦੇ ਹਨ।
ਕਨੇਡਾ ਤੋਂ ਫੋਨ ‘ਤੇ ਗੱਲਬਾਤ ਕਰਦਿਆਂ ਅਰਵਿੰਦਰ ਖੋਸਾ ਨੇ ਦੱਸਿਆ ਕਿ ਕਨੇਡਾ ਕ੍ਰਿਕੇਟ ਦੀਆਂ ਚੋਣਾਂ ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਸਨ। ਇਹ ਚੋਣਾਂ ਕਰਵਾਉਣ ਲਈ ਆਈ.ਸੀ.ਸੀ. ਵੱਲੋਂ ਵੀ ਜ਼ੋਰ ਪਾਇਆ ਜਾ ਰਿਹਾ ਸੀ। ਓਹਨਾ ਕਿਹਾ ਕਿ ਹਾਰ ਕੇ ਓਹਨਾ ਵੱਲੋਂ ਅਦਾਲਤ ਦਾ ਬੂਹਾ ਖੜਕਾਇਆ ਗਿਆ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਬੀਤੇ ਕੱਲ੍ਹ ਹੋਈਆਂ ਕਨੇਡਾ ਕ੍ਰਿਕੇਟ ਚੋਣਾਂ ਵਿੱਚ 10 ਵਿੱਚੋਂ 8 ਸਟੇਟਾਂ ਅਰਵਿੰਦਰ ਖੋਸਾ ਦੇ ਹੱਕ ਵਿੱਚ ਭੁਗਤੀਆਂ। ਵੱਡੀ ਲੀਡ ਨਾਲ ਜਿੱਤੇ ਇਸ ਨੌਜਵਾਨ ਤੋਂ ਕਨੇਡਾ ਵਾਸੀ ਕ੍ਰਿਕੇਟ ਦੇ ਸੁਨਹਿਰੀ ਭਵਿੱਖ ਨੂੰ ਵੇਖ ਰਹੇ ਹਨ। ਓਹਨਾ ਕਿਹਾ ਕਿ ਕਨੇਡਾ ਕ੍ਰਿਕੇਟ ਲਈ ਓਹ ਆਪਣੀ ਪੂਰੀ ਰੂਹ ਲਗਾ ਦੇਣਗੇ।
ਅਰਵਿੰਦਰ ਖੋਸਾ ਦੇ ਕਨੇਡਾ ਕ੍ਰਿਕੇਟ ਪ੍ਰਧਾਨ ਬਣਨ ‘ਤੇ ਵਧਾਈਆਂ ਦਾ ਤਾਂਤਾ ਲੱਗ ਗਿਆ ਹੈ। ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਵਿਧਾਇਕ ਕੁਲਬੀਰ ਜ਼ੀਰਾ, ਗੁਰਨਾਮ ਸਿੱਧੂ, ਗਾਇਕ ਆਰ ਨੇਤ, ਸੁਖਜਿੰਦਰ ਸਿੰਘ ਕੁੱਲਗੜ੍ਹੀ, ਗੁਰਭੇਜ ਟਿੱਬੀ, ਲਖਵਿੰਦਰ ਜੌੜਾ, ਸਟੇਟ ਐਵਾਰਡੀ ਗੁਰਿੰਦਰ ਸਿੰਘ, ਅਦਾਕਾਰ ਹਰਿੰਦਰ ਭੁੱਲਰ, ਯਾਦਵਿੰਦਰ ਯਾਦੂ ਬਰਾੜ, ਗੁਰਪ੍ਰੀਤ ਬਰਾੜ ਆਸਟ੍ਰੇਲੀਆ, ਓਸਦੇ ਅਧਿਆਪਕ ਵਿਕਰਮ ਅਦਿੱਤਿਆ, ਕੁਲਬੀਰ ਮਲਿਕ, ਕੁਲਵਿੰਦਰ ਸ਼ਰਮਾ, ਹਰੀ ਓਮ, ਪ੍ਰਿਤਪਾਲ ਕੌਰ ਸਿੱਧੂ, ਜਸਵਿੰਦਰ ਪੁੰਨੂੰ ਆਦਿ ਨੇ ਵਧਾਈਆਂ ਦਿੰਦਿਆ ਕਿਹਾ ਕਿ ਅਰਵਿੰਦਰ ਨੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।





