ਵਿਵੇਕਾਨੰਦ ਵਰਲਡ ਸਕੂਲ ਵਿੱਚ ਸ਼ਰਧਾ ਤੇ ਭਗਤੀ ਨਾਲ ਕਰਵਾਇਆ ਗਿਆ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ

ਵਿਵੇਕਾਨੰਦ ਵਰਲਡ ਸਕੂਲ ਵਿੱਚ ਸ਼ਰਧਾ ਤੇ ਭਗਤੀ ਨਾਲ ਕਰਵਾਇਆ ਗਿਆ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ
: ਫਿਰੋਜ਼ਪੁਰ, 17 ਜਨਵਰੀ, 2026ਗੁਰੂ ਸਾਹਿਬ ਜੀ ਦੀਆਂ ਅਪਾਰ ਬਖ਼ਸ਼ਿਸ਼ਾਂ ਪ੍ਰਾਪਤ ਕਰਨ ਅਤੇ ਸ਼ੁਕਰਾਨਾ ਅਦਾ ਕਰਨ ਦੇ ਉਦੇਸ਼ ਨਾਲ ਵਿਵੇਕਾਨੰਦ ਵਰਲਡ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਵਿੱਤਰ ਪਾਠ ਦਾ ਆਯੋਜਨ ਬਹੁਤ ਹੀ ਸ਼ਰਧਾ, ਅਨੁਸ਼ਾਸਨ ਅਤੇ ਭਗਤੀ ਭਾਵ ਨਾਲ ਕੀਤਾ ਗਿਆ। ਇਸ ਆਧਿਆਤਮਿਕ ਸਮਾਗਮ ਦਾ ਮੁੱਖ ਉਦੇਸ਼ ਸਕੂਲ ਪਰਿਵਾਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਨਾ, ਸ਼ਾਂਤੀ, ਸਦਭਾਵਨਾ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨਾ ਰਿਹਾ।
ਸਮਾਗਮ ਦੀ ਸ਼ੁਰੂਆਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਵਿੱਤਰ ਪਾਠ ਨਾਲ ਹੋਈ, ਜਿਸ ਨਾਲ ਪੂਰਾ ਸਕੂਲ ਪਰਿਸਰ ਆਧਿਆਤਮਿਕ ਚੇਤਨਾ ਨਾਲ ਪ੍ਰਕਾਸ਼ਮਾਨ ਹੋ ਗਿਆ। ਇਸ ਉਪਰੰਤ ਵਿਦਿਆਰਥੀਆਂ ਅਨੰਤਲੀਨ ਕੌਰ, ਸਨ੍ਹਾ, ਦੱਕਸਪ੍ਰੀਤ ਸਿੰਘ, ਹਿਮਾਨੀ, ਪ੍ਰਭਸੀਰਤ ਕੌਰ ਅਤੇ ਨਵਕ੍ਰਿਤ ਕੌਰ ਵੱਲੋਂ ਪੇਸ਼ ਕੀਤਾ ਮਧੁਰ ਕੀਰਤਨ ਸੰਗਤ ਲਈ ਆਤਮਿਕ ਅਨੰਦ ਦਾ ਸਰੋਤ ਬਣਿਆ। ਕੀਰਤਨ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਹਿਮਾਨਾਂ ਨੇ ਪ੍ਰਭੂ ਸਿਮਰਨ ਰਾਹੀਂ ਮਨ ਦੀ ਸ਼ਾਂਤੀ ਅਤੇ ਆਤਮਿਕ ਤ੍ਰਿਪਤੀ ਦਾ ਅਨੁਭਵ ਕੀਤਾ।
ਇਸ ਪਾਵਨ ਮੌਕੇ ‘ਤੇ ਸੰਤ ਬਾਬਾ ਗੁਰਨਾਮ ਸਿੰਘ ਜੀ, ਮੁਖੀ ਡਰੋਲੀ ਭਾਈ, ਕਾਰ ਸੇਵਾ ਵਾਲਿਆਂ ਦੀ ਵਿਸ਼ੇਸ਼ ਹਾਜ਼ਰੀ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾਇਆ। ਇਸ ਦੇ ਨਾਲ ਸਕੂਲ ਦੇ ਮੁੱਖ ਸਰਪ੍ਰਸਤ ਪ੍ਰਭਾ ਭਾਸਕਰ, ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ, ਡਾਇਰੈਕਟਰ ਡਾ. ਐਸ. ਐਨ. ਰੁਦਰਾ, ਡੀ.ਐਸ.ਪੀ. (ਦਿਹਾਤੀ) ਕਰਨ ਸ਼ਰਮਾ, ਸਮੀਰ ਮਿੱਤਲ, ਸੈਕਟਰੀ ਡੌਲੀ ਭਾਸਕਰ, ਸੰਜਨਾ ਮਿੱਤਲ, ਭਾਜਪਾ ਆਗੂ ਅਨੁਮੀਤ ਹੀਰਾ ਸੋਢੀ, ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ, ਯੂਥ ਅਕਾਲੀ ਦਲ ਦੇ ਪ੍ਰਧਾਨ ਸੁਰਿੰਦਰ ਸਿੰਘ (ਬੱਬੂ), ਕਾਂਗਰਸੀ ਆਗੂ ਗੁਰਭੇਜ ਟਿੱਬੀ ਸਮੇਤ ਕਈ ਸਮਾਜਿਕ, ਰਾਜਨੀਤਿਕ ਅਤੇ ਪ੍ਰਬੁੱਧ ਵਿਅਕਤੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ।
ਕਾਰਜਕ੍ਰਮ ਦੌਰਾਨ ਵਿਵੇਕਾਨੰਦ ਵਰਲਡ ਸਕੂਲ ਦੀ ਸ਼ੈਖ਼ਸ਼ਿਕ ਤਰੱਕੀ, ਅਨੁਸ਼ਾਸਨ, ਨੈਤਿਕ ਮੁੱਲਾਂ ਅਤੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਵਿਸ਼ੇਸ਼ ਅਰਦਾਸ ਕੀਤੀ ਗਈ। ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸੰਸਕਾਰ, ਸੇਵਾ ਭਾਵ ਅਤੇ ਆਧਿਆਤਮਿਕ ਚੇਤਨਾ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਗੁਰੂ ਪਰੰਪਰਾ ਅਨੁਸਾਰ ਸਮਾਗਮ ਉਪਰੰਤ ਲੰਗਰ ਸੇਵਾ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਸਭ ਨੇ ਸਮਾਨਤਾ ਅਤੇ ਸੇਵਾ ਭਾਵ ਨਾਲ ਇਕੱਠੇ ਬੈਠ ਕੇ ਪ੍ਰਸਾਦ ਗ੍ਰਹਿਣ ਕੀਤਾ। ਲੰਗਰ ਸੇਵਾ ਰਾਹੀਂ ਭਾਈਚਾਰੇ, ਵਿਨਮ੍ਰਤਾ ਅਤੇ ਸਮਾਜਿਕ ਸਮਰਸਤਾ ਦਾ ਸਸ਼ਕਤ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਸਕੂਲ ਨਿਰਦੇਸ਼ਕ ਡਾ. ਐਸ. ਐਨ. ਰੁਦਰਾ ਨੇ ਕਿਹਾ ਕਿ ਵਿਵੇਕਾਨੰਦ ਵਰਲਡ ਸਕੂਲ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਆਧਿਆਤਮਿਕ ਚੇਤਨਾ, ਨੈਤਿਕ ਮੁੱਲਾਂ ਅਤੇ ਸੇਵਾ ਭਾਵ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੈ। ਉਨ੍ਹਾਂ ਅਨੁਸਾਰ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਹ ਪਾਵਨ ਸਮਾਗਮ ਸਕੂਲ ਪਰਿਸਰ ਵਿੱਚ ਸ਼ਾਂਤੀ, ਸੌਹਾਰਦ ਅਤੇ ਸੇਵਾ ਦੀ ਭਾਵਨਾ ਦਾ ਸਥਾਈ ਸੰਦੇਸ਼ ਛੱਡ ਗਿਆ ਅਤੇ ਸਭ ਹਾਜ਼ਰੀਨਾਂ ਲਈ ਨਵੇਂ ਸਾਲ ਨੂੰ ਮੰਗਲਮਈ, ਪ੍ਰੇਰਣਾਦਾਇਕ ਅਤੇ ਆਧਿਆਤਮਿਕ ਤੌਰ ‘ਤੇ ਸਮ੍ਰਿੱਧ ਬਣਾਉਣ ਵਿੱਚ ਸਫ਼ਲ ਰਿਹਾ।





