Ferozepur News

ਪੀ.ਏ.ਯੂ- ਲੁਧਿਆਣਾ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਅਤੇ ਗੋਭੀ ਸਰ੍ਹੋਂ ਦਾ ਬੀਜ ਵੰਡਿਆ

ਪੀ.ਏ.ਯੂ- ਲੁਧਿਆਣਾ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਅਤੇ ਗੋਭੀ ਸਰ੍ਹੋਂ ਦਾ ਬੀਜ ਵੰਡਿਆ

ਪੀ.ਏ.ਯੂ- ਲੁਧਿਆਣਾ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਅਤੇ ਗੋਭੀ ਸਰ੍ਹੋਂ ਦਾ ਬੀਜ ਵੰਡਿਆ

ਫ਼ਿਰੋਜ਼ਪੁਰ, 04 ਨਵੰਬਰ, 2025: ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਦੇ ਤੁਰੰਤ ਪੁਨਰਵਾਸ ਲਈ ਇੱਕ ਅਹਿਮ ਕਦਮ ਚੁੱਕਦਿਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਕਣਕ ਅਤੇ ਸਰ੍ਹੋਂ ਦੇ ਬੀਜ ਮੁਹੱਈਆ ਕਰਵਾਉਣ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਅੱਜ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਜੀ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਟੇਂਡੀ ਵਾਲਾ ਵਿਖੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਡਾ. ਗੋਸਲ ਨਾਲ ਡਾ ਮੱਖਣ ਸਿੰਘ ਭੁੱਲਰ, ਨਿਰਦੇਸ਼ਕ (ਪਸਾਰ ਸਿੱਖਿਆ), ਡਾ ਤਰਸੇਮ ਸਿੰਘ ਢਿੱਲੋਂ, ਵਧੀਕ ਨਿਰਦੇਸ਼ਕ (ਪਸਾਰ ਸਿੱਖਿਆ) ਸਮੇਤ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੀਆਂ ਟੀਮਾਂ ਵੀ ਸ਼ਾਮਿਲ ਸਨ। ਇਸ ਕੈਂਪ ਦਾ ਮੁੱਖ ਮੰਤਵ ਆਉਣ ਵਾਲੀ ਹਾੜ੍ਹੀ ਦੀ ਫ਼ਸਲ ਲਈ ਕਿਸਾਨਾਂ ਨੂੰ ਕਣਕ ਅਤੇ ਸਰ੍ਹੋਂ ਦੇ ਬੀਜ ਦੀ ਵੰਡ ਕਰਨਾ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕਰਨਾ ਸੀ। ਡਾ ਗੁਰਮੇਲ ਸਿੰਘ ਸੰਧੂ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਨੇ ਮੁੱਖ ਮਹਿਮਾਨ ਅਤੇ ਕਿਸਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਕੈਂਪ ਦਾ ਆਗਾਜ਼ ਕੀਤਾ।

ਕੈਂਪ ਦੀ ਸ਼ੁਰੂਆਤ ਵਿਚ ਡਾ. ਗੋਸਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਹਮੇਸ਼ਾ ਤੋਂ ਹੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ| ਹੜ੍ਹਾਂ ਤੋਂ ਪੈਦਾ ਹੋਈ ਸਮੱਸਿਆ ਲਈ ਰਾਹਤ ਕਾਰਜਾਂ ਦੇ ਰੂਪ ਵਿਚ ਇਸ ਵਾਰ ਵੀਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਬਾਕੀ ਅਮਲੇ ਨੇ ਆਪਣੀ ਤਨਖਾਹਾਂ ਵਿੱਚੋਂ ਯੋਗਦਾਨ ਪਾਉਂਦਿਆਂ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਕਣਕ ਦੀਆਂ ਉੱਨਤ ਕਿਸਮਾਂ ਦਾ 725 ਕੁਇੰਟਲ ਅਤੇ ਗੋਭੀ ਸਰੋਂ ਦਾ 5 ਕੁਇੰਟਲ ਬੀਜ ਕਿਸਾਨਾਂ ਵਿਚ ਵੰਡਿਆ ਜਾ ਰਿਹਾ ਹੈ| ਇਸੇ ਰਾਹਤ ਕਾਰਜ ਨੂੰ ਜਾਰੀ ਰੱਖਦਿਆਂ ਅੱਜ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡ ਟੇਂਡੀ ਵਾਲਾ ਵਿਖੇ ਤਕਨੀਕੀ ਜਾਣਕਾਰੀ ਦੇ ਨਾਲ ਨਾਲ 100 ਕੁਇੰਟਲ ਕਣਕ ਦੀਆਂ ਕਿਸਮਾਂ ਪੀ.ਬੀ.ਡਬਲਯੂ. 677, ਪੀ.ਬੀ.ਡਬਲਯੂ.824 ਅਤੇ ਪੀ.ਬੀ.ਡਬਲਯੂ. ਜ਼ਿੰਕ 2  ਦਾ ਬੀਜ ਅਤੇ 2.20 ਕੁਇੰਟਲ ਕਨੋਲਾ ਸਰ੍ਹੋਂ ਦੀ ਕਿਸਮ ਜੀ ਐੱਸ ਸੀ-7 ਦਾ ਬੀਜ ਮੁਹਈਆ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਹਮੇਸ਼ਾ ਕਿਸਾਨਾਂ ਦੀ ਮਦਦ ਲਈ ਨਾਲ ਖੜੀ ਹੈ ਅਤੇ ਇਸ ਬੀਜ ਵੰਡ ਕਾਰਜ ਤੋਂ ਬਾਅਦ ਵੀ ਕਿਸਾਨ ਵੀਰ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਮਾਹਿਰਾਂ ਨਾਲ ਰਾਬਤਾ ਬਣਾ ਕੇ ਤਕਨੀਕੀ ਸੇਵਾਵਾਂ ਜਰੂਰ ਲੈਂਦੇ ਰਹਿਣ।

ਡਾ. ਭੁੱਲਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ, ਕਿਸਾਨਾਂ ਨੂੰ ਵੰਡੇ ਗਏ ਬੀਜਾਂ ਤੋਂ ਵਧੇਰੇ ਝਾੜ ਲੈਣ ਲਈ ਬਿਜਾਈ ਦੇ ਸਹੀ ਸਮੇਂ ਅਤੇ ਢੰਗ ਅਪਨਾਉਣ ਲਈ ਕਿਹਾ। ਉਹਨਾਂ ਕਿਹਾ ਕਿ ਹੜਾਂ ਦੇ ਪਾਣੀ ਨਾਲ ਜ਼ਮੀਨਾਂ ਦੀ ਸਤਹਿ ਤੇ ਵੀ ਪ੍ਰਭਾਵ ਪਿਆ ਹੈ ਅਤੇ ਇਸ ਦੇ ਪ੍ਰਭਾਵ ਨੂੰ ਜਾਂਚਣ ਲਈ ਉਹਨਾਂ ਕਿਸਾਨ ਵੀਰਾਂ ਨੂੰ ਮਿੱਟੀ ਅਤੇ ਪਾਣੀ ਦੀ ਜਾਂਚ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਰਾਬਤਾ ਕਰਨ ਤੇ ਜ਼ੋਰ ਦਿੱਤਾ |  ਡਾ.  ਢਿੱਲੋਂ ਨੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸੰਯੁਕਤ ਖੇਤੀ ਪ੍ਰਣਾਲੀ,  ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਨੂੰ ਅਪਨਾਉਣ ਤੇ ਜ਼ੋਰ ਦਿੱਤਾ| ਉਹਨਾਂ ਕਿਹਾ ਕਿ ਘੱਟ ਜ਼ਮੀਨਾਂ ਵਾਲੇ ਕਿਸਾਨ ਫ਼ਸਲੀ ਵਿਭਿੰਨਤਾ ਅਪਨਾ ਕਿ ਵਧੇਰੇ ਕਮਾਈ ਕਰ ਸਕਦੇ ਹਨ।

ਬੀਜ ਵੰਡ ਸਮਾਰੋਹ ਦੇ ਅੰਤ ਵਿਚ ਪਿੰਡ ਟੇਂਡੀ ਵਾਲਾ ਦੇ ਸਰਪੰਚ, ਯੂਨਾਈਟਡ ਸਿੱਖ ਦੇ ਡਾਇਰੈਕਟਰ ਅਤੇ ਸਾਬਕਾ ਸੈਨਿਕਾਂ ਦੇ ਪ੍ਰਧਾਨ ਨੇ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਇਸ ਰਾਹਤ ਕਾਰਜ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਦੇ ਸ਼ਬਦ ਕਹੇ। ਬੀਜ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੇ ਯੂਨੀਵਰਸਿਟੀ ਦੇ ਇਸ ਨੇਕ ਸਹਿਯੋਗ ਲਈ ਅਧਿਕਾਰੀਆਂ ਅਤੇ ਅਮਲੇ ਦਾ ਧੰਨਵਾਦ ਕੀਤਾ|

Related Articles

Leave a Reply

Your email address will not be published. Required fields are marked *

Back to top button