ਸੁਖਬੀਰ ਐਗਰੋ ਐਨਰਜੀ ਲਿਮਿਟੇਡ ਨੇ ਐਸ.ਬੀ.ਐਸ. ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ 10 ਵਿਦਿਆਰਥੀਆਂ ਦੀ ਕੀਤੀ ਚੋਣ

ਸੁਖਬੀਰ ਐਗਰੋ ਐਨਰਜੀ ਲਿਮਿਟੇਡ (ਸੇਲ), ਫਿਰੋਜ਼ਪੁਰ – ਜੋ ਕਿ ਟਿਕਾਊ ਬੁਨਿਆਦੀ ਢਾਂਚੇ ਦੇ ਹੱਲ ਵਿਕਸਤ ਕਰਨ ਅਤੇ ਖ਼ਾਸ ਤੌਰ ‘ਤੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ – ਵੱਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਬੀ.ਐਸ.ਸੀ. ਖੇਤੀਬਾੜੀ ਵਿਦਿਆਰਥੀਆਂ (2023, 2024 ਅਤੇ 2025 ਪਾਸ ਆਊਟ) ਲਈ ਪਲੇਸਮੈਂਟ ਡਰਾਈਵ ਕਰਵਾਈ ਗਈ।
ਇਸ ਪਲੇਸਮੈਂਟ ਡਰਾਈਵ ਦੌਰਾਨ ਪ੍ਰੀ-ਪਲੇਸਮੈਂਟ ਗੱਲਬਾਤ, ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਊਂਡ ਹੋਏ, ਜਿਸ ਤੋਂ ਬਾਅਦ ਕੰਪਨੀ ਨੇ 10 ਵਿਦਿਆਰਥੀਆਂ ਦੀ ਚੋਣ ਕੀਤੀ। ਚੁਣੇ ਗਏ ਵਿਦਿਆਰਥੀਆਂ ਵਿੱਚ ਇੰਦਰਜੀਤ ਠਾਕੁਰ, ਵਿਕਰਮਜੀਤ ਸਿੰਘ, ਸੁਜਾਨ ਕੌਰ, ਬੇਅੰਤ ਸਿੰਘ, ਲਵਪ੍ਰੀਤ ਸ਼ਰਮਾ ਅਤੇ ਹੋਰ ਪੰਜ ਹੋਣਹਾਰ ਵਿਦਿਆਰਥੀ ਸ਼ਾਮਲ ਹਨ।
ਇਸ ਮੌਕੇ ‘ਤੇ ਪ੍ਰੋ. (ਡਾ.) ਸੁਸ਼ੀਲ ਮਿੱਤਲ, ਮਾਨਯੋਗ ਵਾਈਸ-ਚਾਂਸਲਰ, ਐਸ.ਬੀ.ਐਸ.ਐਸ.ਯੂ. ਫਿਰੋਜ਼ਪੁਰ ਨੇ ਸੀ.ਡੀ.ਸੀ. ਟੀਮ ਅਤੇ ਚੁਣੇ ਗਏ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਕੀਤਾ ਗਈ ਚੋਣ ਪ੍ਰਕਿਰਿਆ ਕਾਫ਼ੀ ਸਖ਼ਤ ਸੀ, ਤੇ ਇਸ ਚੋਣ ਪ੍ਰਕਿਰਿਆ ਨੂੰ ਵਿਦਿਆਰਥੀਆਂ ਨੇ ਬਾਖੂਬੀ ਪਾਸ ਕੀਤਾ ਜੋ ਕਿ ਵਿਦਿਆਰਥੀਆਂ ਦੀ ਯੋਗਤਾ ਦਾ ਸਬੂਤ ਹੈ। ਉਨ੍ਹਾਂ ਮਾਣ ਨਾਲ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਯੂਨੀਵਰਸਿਟੀ ਵੱਲੋਂ ਕਈ ਪ੍ਰਮੁੱਖ ਕੰਪਨੀਆਂ ਨੂੰ ਪਲੇਸਮੈਂਟ ਲਈ ਸੱਦਾ ਦਿੱਤਾ ਗਿਆ ਹੈ ਅਤੇ ਭਵਿੱਖ ਵਿੱਚ ਵੀ ਸਰਹੱਦੀ ਇਲਾਕੇ ਦੇ ਨੌਜਵਾਨਾਂ ਨੂੰ ਵਧੀਆ ਰੁਜ਼ਗਾਰ ਮੌਕੇ ਪ੍ਰਦਾਨ ਕਰਕੇ ਤਕਨੀਕੀ ਅਤੇ ਉੱਚ ਸਿੱਖਿਆ ਦੇ ਵਿਕਾਸ ਵੱਲ ਯਤਨ ਜਾਰੀ ਰਹਿਣਗੇ।
ਯੂਨੀਵਰਸਿਟੀ ਪੀ ਆਰ ਓ ਯਸ਼ਪਾਲ ਨੇ ਦੱਸਿਆ ਕਿ ਪ੍ਰੋ. ਗਜ਼ਲਪ੍ਰੀਤ ਅਰਨੇਜਾ, ਕੈਂਪਸ ਰਜਿਸਟਰਾਰ, ਨੇ ਕੈਰੀਅਰ ਐਂਡ ਡਿਵੈਲਪਮੈਂਟ ਸੈੱਲ ਦੇ ਕੋਆਰਡੀਨੇਟਰ ਡਾ. ਤੇਜੀਤ ਸਿੰਘ, ਕੋ-ਕੋਆਰਡੀਨੇਟਰ ਇੰਜੀ. ਇੰਦਰਜੀਤ ਸਿੰਘ ਗਿੱਲ ਅਤੇ ਇੰਜੀ. ਰਿਤੇਸ਼ ਉੱਪਲ ਦੀ ਟੀਮ ਦੇ ਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਚੁਣੇ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿਲੋਂ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦਾਰ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ।
ਡਾ. ਤੇਜੀਤ ਸਿੰਘ (ਕੋਆਰਡੀਨੇਟਰ – ਸੀ.ਡੀ.ਸੀ.) ਨੇ ਭਰੋਸਾ ਦਿਵਾਇਆ ਕਿ ਯੂਨੀਵਰਸਿਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਇਸੇ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ।





