ਹੜ੍ਹਾਂ ਦੇ ਅਗਾਹੂੰ ਪ੍ਰਬੰਧਾਂ ਦੀ ਕਮੀਂ ਕਾਰਨ 2 ਲੱਖ ਏਕੜ ਫ਼ਸਲਾਂ ਤਬਾਹ, ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਯਤਨ ਕਰੇ ਪੰਜਾਬ ਸਰਕਾਰ, ਕੇਂਦਰ ਸਰਕਾਰ ਜਾਰੀ ਕਰੇ ਸਹਾਇਤਾ ਰਾਸ਼ੀ
- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ

ਹੜ੍ਹਾਂ ਦੇ ਅਗਾਹੂੰ ਪ੍ਰਬੰਧਾਂ ਦੀ ਕਮੀਂ ਕਾਰਨ 2 ਲੱਖ ਏਕੜ ਫ਼ਸਲਾਂ ਤਬਾਹ, ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਯਤਨ ਕਰੇ ਪੰਜਾਬ ਸਰਕਾਰ, ਕੇਂਦਰ ਸਰਕਾਰ ਜਾਰੀ ਕਰੇ ਸਹਾਇਤਾ ਰਾਸ਼ੀ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ
ਫਿਰੋਜ਼ਪੁਰ, 27/08/2025: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਸਿੰਘ ਨੇ ਹੜ੍ਹਾਂ ਦੀ ਸਥਿਤੀ ਤੇ ਚਿੰਤਾ ਜਾਹਿਰ ਕਰਦੇ ਕਿਹਾ ਕਿ ਬਾਡਰ ਬੈਲਟ ਦੇ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਸਮੇਤ ਜਿਲ੍ਹੇ ਰਾਵੀ ਬਿਆਸ ਅਤੇ ਸਤਲੁਜ ਵਿੱਚ, ਬਾਰਿਸ਼ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ, ਆਏ ਹੜ੍ਹ ਦੀ ਮਾਰ ਹੇਠ ਹਨ। ਉਹਨਾਂ ਕਿਹਾ ਕਿ ਹੁਣ ਤੱਕ 200 ਦੇ ਕਰੀਬ ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਹਨ।
ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਕੀਤੀਆਂ ਹਨ, ਪਰ ਅਗਰ ਕੋਈ ਤਤਪਰਤਾ ਸਮਾਂ ਰਹਿੰਦਿਆਂ ਦਿਖਾਈ ਹੁੰਦੀ ਤਾਂ ਹਾਲਾਤਾਂ ਨੂੰ ਕਾਫੀ ਹੱਦ ਤੱਕ ਕਾਬੂ ਰੱਖਿਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਤੋਂ ਲੱਖਾਂ ਕਿਊਸਿਕ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਪਠਾਨਕੋਟ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।ਉਹਨਾਂ ਕਿਹਾ ਕਿ ਜਿੱਥੇ ਆਮ ਲੋਕਾਂ ਵੱਲੋਂ ਵੱਡੀ ਗਿਣਤੀ ਵਿਚ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਓਥੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਦੀ ਵੱਡੀ ਗਿਣਤੀ ਵਿੱਚ ਬਚਾਅ ਕਾਰਜਾਂ ਲਈ ਪੀੜਤ ਇਲਾਕਿਆਂ ਵਿਚ ਜਰੂਰਤ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਤੁਰੰਤ ਹੜ੍ਹ ਰਾਹਤ ਰਾਸ਼ੀ ਜਾਰੀ ਕਰੇ ਅਤੇ ਪੰਜਾਬ ਸਰਕਾਰ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਮੁਸੀਬਤ ਨੂੰ ਮਸ਼ਹੂਰੀ ਦੇ ਮੌਕੇ ਦੀ ਨਾ ਵਰਤ ਕੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਸਹੀ ਅਰਥਾਂ ਵਿੱਚ ਯਤਨ ਜੁਟਾਵੇ।
ਉਹਨਾਂ ਕਿਹਾ ਕਿ ਰਾਵੀ ਦਰਿਆ ਦੀ ਮਾਰ ਹੇਠ ਅੰਮ੍ਰਿਤਸਰ ਦਾ ਕਾਫੀ ਵੱਡਾ ਹਿੱਸਾ ਆ ਚੁੱਕਾ ਹੈ, ਇਸੇ ਤਰ੍ਹਾਂ ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਾਜ਼ਿਲਕਾ ਵਿੱਚ ਮੁਸ਼ਕਿਲ ਬਣੀ ਹੋਈ ਹੈ। ਉਹਨਾਂ ਜਥੇਬੰਦੀ ਇਸ ਮੁਸੀਬਤ ਦੇ ਮੌਕੇ ਜਥੇਬੰਦੀ ਦੇ ਵਰਕਰਾਂ ਅਤੇ ਆਮ ਜਨਤਾ ਨੂੰ ਸਾਵਧਾਨ ਰਹਿਣ ਅਤੇ ਪੀੜਤਾਂ ਦੀ ਮਦਦ ਲਈ ਵਿੱਤ ਅਨੁਸਾਰ ਯਤਨ ਜੁਟਾਉਣ ਦੀ ਅਪੀਲ ਕੀਤੀ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਤਬਾਹ ਹੋਈ ਫਸਲ ਦਾ 70 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੇਤ ਮਜਦੂਰ ਨੂੰ ਕੁਲ ਮੁਆਵਜੇ ਦਾ 10% ਮੁਆਵਜ਼ਾ ਦਿੱਤਾ ਜਾਵੇ। ਜਿੰਨਾ ਕਿਸਾਨਾਂ ਮਜਦੂਰਾਂ ਦੇ ਮਰੇ ਦੁਧਾਰੂ ਜਾਂ ਹੋਰ ਕਿਸਮਾਂ ਦੇ ਪਾਲਤੂ ਪਸ਼ੂਆਂ ਅਤੇ ਘਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਕੰਮ ਤੁਰੰਤ ਪ੍ਰਭਾਵ ਨਾਲ ਸ਼ੁਰੂ ਕੀਤਾ ਜਾਵੇ।
ਉਹਨਾਂ ਮੰਗ ਕੀਤੀ ਕਿ ਹੜ੍ਹ ਪੀੜਤ ਕਿਸਾਨਾਂ ਮਜਦੂਰਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਦੀਆਂ ਕਿਸ਼ਤਾਂ ਅਤੇ ਉਹਨਾਂ ਤੇ ਵਿਆਜ਼ ਮਾਫ਼ ਕੀਤਾ ਜਾਵੇ। ਉਹਨਾਂ ਬਚੇ ਹੋਏ ਦਰਿਆਈ ਖੇਤਰਾਂ ਦੇ ਨਜ਼ਦੀਕ ਵਸਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।





