ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਤਰਨਤਰਾਨ ਨੇ ਸੰਯੁਕਤ ਤੌਰ ਤੇ ਹਰੀਕੇ ਹੈੱਡ ਵਰਕਸ ਦਾ ਕੀਤਾ ਦੌਰਾ
ਦੌਰੇ ਦੌਰਾਨ ਪਾਣੀ ਦੇ ਪੱਧਰ ਅਤੇ ਸਥਿਤੀ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਤਰਨਤਰਾਨ ਨੇ ਸੰਯੁਕਤ ਤੌਰ ਤੇ ਹਰੀਕੇ ਹੈੱਡ ਵਰਕਸ ਦਾ ਕੀਤਾ ਦੌਰਾ
ਦੌਰੇ ਦੌਰਾਨ ਪਾਣੀ ਦੇ ਪੱਧਰ ਅਤੇ ਸਥਿਤੀ ਦਾ ਲਿਆ ਜਾਇਜ਼ਾ
ਫ਼ਿਰੋਜ਼ਪੁਰ/ਮੱਖੂ, 13 ਅਗਸਤ 2025: ਬਰਸਾਤੀ ਮੋਸਮ ਦੌਰਾਨ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਰਾਹੁਲ ਵੱਲੋਂ ਪਾਣੀ ਦੇ ਪੱਧਰ ਦਾ ਜਾਇਜਾ ਲੈਣ ਲਈ ਸਾਂਝੇ ਤੌਰ ਤੇ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਉੱਥੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਪਾਣੀ ਦੀ ਸਥਿਤੀ ਨੂੰ ਜਾਣਿਆ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਸੰਭਾਵੀ ਹੜ੍ਹਾਂ ਸਬੰਧੀ ਤਿਆਰੀਆਂ ਦਾ ਵੀ ਜਾਇਜਾ ਲਿਆ।
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਫਿਰੋਜ਼ਪੁਰ ਵਿਚ ਸਥਿਤੀ ਬਿਲਕੁਲ ਠੀਕ ਹੈ ਅਤੇ ਹੜ੍ਹਾਂ ਦਾ ਕਿਸੇ ਤਰ੍ਹਾਂ ਵੀ ਕੋਈ ਖਤਰਾ ਨਹੀਂ ਹੈ। ਉਨ੍ਹਾਂ ਵੱਲੋਂ ਖੁੱਦ ਸੰਬਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਲਗਾਤਾਰ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰ ਕੇ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਯਕੀਨ ਨਾ ਕਰਨ ਅਤੇ ਘਬਰਾਹਟ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਹੜ੍ਹਾਂ ਸਬੰਧੀ ਸੂਚਨਾ ਜਾਂ ਜਾਣਕਾਰੀ ਲਈ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਸਥਾਪਿਤ ਕੀਤੇ ਕੰਟਰੋਲ ਰੂਮ ਦੇ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਤਰਨਤਾਰਨ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ ਪਰੰਤੂ ਜਿਨ੍ਹਾਂ ਪਿੰਡਾਂ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਹੜ ਵਰਗੇ ਹਾਲਾਤ ਬਣੇ ਹਨ ਉਥੇ ਲੋਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਪੂਰੀ ਮੱਦਦ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਹਰ ਤਰ੍ਹਾਂ ਦੀ ਸਥਿਤੀ ਨਾਲ ਨਿਜੱਠਣ ਤੇ ਲੋਕਾਂ ਦੀ ਮੱਦਦ ਲਈ ਵੱਚਨਬੱਧ ਹੈ।
ਇਸ ਮੌਕੇ ਐਸਡੀਐਮ ਜ਼ੀਰਾ ਗੁਰਮੀਤ ਸਿੰਘ, ਮਿਸ ਲਿੰਦਿਆ ਆਈ.ਏ.ਐਸ. (ਅੰਡਰ ਟ੍ਰੇਨਿੰਗ) ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।





