ਫੂਡ ਸੇਫਟੀ ਅਫਸਰ ਵੱਲੋਂ ਦੁੱਧ, ਪਨੀਰ ਅਤੇ ਮਠਿਆਈਆਂ ਦੇ ਲਏ ਗਏ ਸੈਂਪਲ
ਗੰਦੇ ਦੁੱਧ, ਪਨੀਰ, ਮਠਿਆਈਆਂ ਦੇ ਸੈਂਪਲ ਲਏ; ਵਿਕਰੇਤਾਵਾਂ ਨੂੰ ਸਖ਼ਤ ਕਾਰਵਾਈ ਦੀ ਚੇਤਾਵਨੀ

ਫਿਰੋਜ਼ਪੁਰ, 16 ਜੁਲਾਈ, 2025: ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਦਿਲਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਸਿਹਤ ਅਫਸਰ, ਫਿਰੋਜ਼ਪੁਰ ਡਾ. ਸੁਖਬੀਰ ਕੌਰ ਦੇ ਹੁਕਮਾਂ ਅਨੁਸਾਰ ਆਮ ਜਨਤਾ ਨੂੰ ਸਾਫ ਸੁਥਰੇ ਖੁਰਾਕ ਪਦਾਰਥ ਮੁਹਈਆ ਕਰਵਾਉਣ ਲਈ ਚਲਾਈ ਗਈ ਮੁਹਿੰਮ ਤਹਿਤ 15 ਜੁਲਾਈ 2025 ਨੂੰ ਫੂਡ ਸੇਫਟੀ ਅਫਸਰ ਫ਼ਿਰੋਜ਼ਪੁਰ ਸੰਦੀਪ ਸਿੰਘ ਸੰਧੂ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ ਗਿਆ ਅਤੇ ਚੈਕਿੰਗ ਦੌਰਾਨ ਪੰਜ ਸੈਂਪਲ ਜਾਂਚ ਲਈ ਲਏ ਗਏ ਜਿਸ ਵਿੱਚ ਦੁੱਧ, ਪਨੀਰ ਅਤੇ ਮਠਿਆਈਆਂ ਦੇ ਸੈਂਪਲ ਸ਼ਾਮਿਲ ਹਨ।
ਚੈਕਿੰਗ ਦੌਰਾਨ ਜਦੋਂ ਨੈਸਲੇ ਦੁੱਧ ਕੇਂਦਰ ਪਿੰਡ ਸੇਖਵਾ ਦੀ ਚੈਕਿੰਗ ਕੀਤੀ ਗਈ ਤਾਂ ਪਾਇਆ ਗਿਆ ਕਿ ਸੈਂਟਰ ਵਿਖੇ ਸਾਫ ਸਫਾਈ ਦਾ ਪ੍ਰਬੰਧ ਬਹੁਤ ਮਾੜਾ ਸੀ ਅਤੇ ਇਕੱਤਰ ਕੀਤੇ ਗਏ ਤਕਰੀਬਨ 600 ਲੀਟਰ ਦੁੱਧ ਵਿੱਚ ਬਹੁਤਾਤ ਵਿੱਚ ਮਰੀਆਂ ਹੋਈਆਂ ਮੱਖੀਆਂ ਪਾਈਆਂ ਗਈਆਂ ਜਿਸ ਦਾ ਸੈਂਪਲ ਜਾਂਚ ਲਈ ਲੈਣ ਤੋਂ ਬਾਅਦ ਇਸ ਸਬੰਧੀ ਨੈਸਲੇ ਅਦਾਰੇ ਦੇ ਫੀਲਡ ਅਫਸਰਾਂ ਨੂੰ ਇਸ ਦੀ ਜਾਣਕਾਰੀ ਉਸੇ ਮੌਕੇ ਦਿੱਤੀ ਗਈ ਅਤੇ ਹਦਾਇਤ ਕੀਤੀ ਗਈ ਕਿ ਇਸ ਸਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਅਧਿਕਾਰੀਆਂ ਵੱਲੋਂ ਸਮੂਹ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਗਈ ਕਿ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਖੋਰੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਫੂਡ ਬਿਜਨਸ ਆਪਰੇਟਰ ਗੰਦਗੀ ਵਾਲੀ ਜਗ੍ਹਾ ਖੁਰਾਕ ਪਦਾਰਥ ਬਣਾਵੇਗਾ ਜਾਂ ਪ੍ਰੋਸੈਸ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।





