Ferozepur News

ਮਹਿਲਾ ਕਮਿਸ਼ਨ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਤੇ ਨਿਰਪੱਖ ਜਾਂਚ ਕਰਨ ਲਈ ਵਚਨਬੱਧ – ਰਾਜ ਲਾਲੀ ਗਿੱਲ

ਮਹਿਲਾ ਕਮਿਸ਼ਨ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਤੇ ਨਿਰਪੱਖ ਜਾਂਚ ਕਰਨ ਲਈ ਵਚਨਬੱਧ – ਰਾਜ ਲਾਲੀ ਗਿੱਲ

– ਮਹਿਲਾ ਕਮਿਸ਼ਨ ਦੇ ਚੇਅਰ ਪਰਸਨ ਨੇ ਲੋਕ ਅਦਾਲਤ ਲਗਾ ਕੇ ਮਹਿਲਾਵਾਂ ਦੀਆਂ ਸੁਣੀਆਂ ਮੁਸ਼ਕਿਲਾਂ

– 50 ਫ਼ੀਸਦੀ ਕੇਸਾਂ ਦਾ ਮੌਕੇ ’ਤੇ ਕੀਤਾ ਨਿਪਟਾਰਾ  ਮਹਿਲਾ ਕਮਿਸ਼ਨ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਤੇ ਨਿਰਪੱਖ ਜਾਂਚ ਕਰਨ ਲਈ ਵਚਨਬੱਧ - ਰਾਜ ਲਾਲੀ ਗਿੱਲ

ਫ਼ਿਰੋਜ਼ਪੁਰ 27 ਜੂਨ, 2025: ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨੇ ਅੱਜ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਲੋਕ ਅਦਾਲਤ ਲਗਾ ਕੇ ਮਹਿਲਾਵਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਲੋਕ ਅਦਾਲਤ ਵਿੱਚ ਉਨ੍ਹਾਂ ਵੱਲੋਂ ਜ਼ਿਲ੍ਹੇ ਨਾਲ ਸਬੰਧਤ ਕਮਿਸ਼ਨ ਕੋਲ ਚੱਲ ਰਹੇ 36 ਕੇਸਾਂ ਦੀ ਸੁਣਵਾਈ ਕੀਤੀ ਗਈ ਜਦਕਿ ਲਗਭਗ 15 ਨਵੇਂ ਕੇਸ ਵੀ ਇਸ ਜਨ ਸੁਣਵਾਈ ਦੌਰਾਨ ਆਏ, ਜਿਨ੍ਹਾਂ ਵਿੱਚੋਂ ਕਰੀਬ 50 ਵੀਸਦੀ ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਕੇਸਾਂ ਲਈ ਸਬੰਧਤ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਉਚਿੱਤ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਗਏ।

ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨੇ ਇਹਨਾਂ ਕੇਸਾਂ ਦੀ ਸੁਣਵਾਈ ਕਰਦਿਆਂ ਜਾਂਚ ਅਧਿਕਾਰੀਆਂ ਨੂੰ ਕਾਨੂੰਨੀ ਦਾਇਰੇ ਵਿੱਚ ਰਹਿੰਦਿਆਂ ਜਲਦ ਤੋਂ ਜਲਦ ਜਾਂਚ ਕਾਰਜ ਮੁਕੰਮਲ ਕਰਨ ਅਤੇ ਪੀੜਿਤ ਧਿਰਾਂ ਨੂੰ ਇਨਸਾਫ਼ ਦਵਾਇਆ ਜਾਣਾ ਯਕੀਨੀ ਬਣਾਉਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਕਮਿਸ਼ਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਿਹਾ ਹੈ।

ਇਸ ਮੌਕੇ ਚੇਅਰਪਰਸਨ ਨੇ ਕਿਹਾ ਕਿ ਮਹਿਲਾ ਕਮਿਸ਼ਨ ਹਰੇਕ ਜ਼ਿਲ੍ਹੇ ਅੰਦਰ ਜਾ ਕੇ ਔਰਤਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਨੂੰ ਤਵੱਜੋਂ ਦੇ ਰਿਹਾ ਹੈ, ਕਿਉਂਕਿ ਕਈ ਪੀੜਤ ਮਹਿਲਾਵਾਂ ਮੋਹਾਲੀ ਵਿਖੇ ਕਮਿਸ਼ਨ ਦਫ਼ਤਰ ਤੱਕ ਆਪਣੀ ਪਹੁੰਚ ਨਹੀਂ ਕਰ ਪਾਉਂਦੀਆਂ। ਇਸ ਲਈ ਕਮਿਸ਼ਨ ਵੱਲੋਂ ਜ਼ਿਲ੍ਹਿਆਂ ਅੰਦਰ ਹੀ ਲੋਕ ਅਦਾਲਤ ਲਗਾ ਕੇ ਮੁਸ਼ਕਿਲਾਂ ਨੂੰ ਸੁਣਿਆ ਜਾਂਦਾ ਹੈ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੌਕੇ ‘ਤੇ ਹੀ ਨਿਪਟਾਰਾ ਹੋ ਸਕੇ। ਉਨ੍ਹਾਂ ਆਖਿਆ ਕਿ ਕਮਿਸ਼ਨ ਜਿੱਥੇ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਯਕੀਨੀ ਬਣਾਉਂਦਾ ਹੈ ਉੱਥੇ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ਪਤੀ ਪਤਨੀ ਦੇ ਝਗੜਿਆਂ ਦਾ ਕੋਈ ਸਾਰਥਕ ਹੱਲ ਨਿਕਲੇ ਅਤੇ ਗੱਲ ਤਲਾਕ ਤੱਕ ਨਾ ਜਾਵੇ।

ਉਨ੍ਹਾਂ ਆਖਿਆ ਕਿ ਕੋਈ ਵੀ ਪੀੜਤ ਔਰਤ ਕਮਿਸ਼ਨ ਤੱਕ ਪਹੁੰਚ ਕਰ ਸਕਦੀ ਹੈ। ਇਸ ਤੋਂ ਬਿਨਾਂ ਆਪਣੇ ਸਬੰਧਤ ਜ਼ਿਲ੍ਹੇ ਦੇ ਮਹਿਲਾ ਸੈੱਲ ਵਿੱਚ ਵੀ ਅਰਜੀ ਦਿੱਤੀ ਜਾਵੇ ਅਤੇ ਉਸਦੀ ਨਕਲ ਕਮਿਸ਼ਨ ਕੋਲ ਭੇਜ ਦਿੱਤੀ ਜਾਵੇ ਤਾਂ ਕਮਿਸ਼ਨ ਸ਼ਿਕਾਇਤ ’ਤੇ ਜਲਦੀ ਕਾਰਵਾਈ ਕਰਵਾਉਣੀ ਯਕੀਨੀ ਬਣਾਉਂਦਾ ਹੈ।

ਉਨ੍ਹਾਂ ਲਿਵ-ਇਨ-ਰਿਲੇਸ਼ਨ ਦੇ ਵੱਧ ਰਹੇ ਮਾਮਲਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਾਡੇ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮੁੰਡੇ-ਕੁੜੀਆਂ ਹੀ ਨਹੀਂ ਸਗੋਂ ਵਿਆਹੇ ਮਰਦ ਤੇ ਔਰਤਾਂ ਵੀ ਲਿਵ-ਇਨ-ਰਿਲੇਸ਼ਨ ਵਿੱਚ ਰਹਿ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਨੁਕਸਾਨ ਹੀ ਨਹੀਂ ਸਗੋਂ ਬੱਚਿਆਂ ਦੇ ਭਵਿੱਖ ਵੀ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਨੂੰ ਇਸ ਬੁਰਾਈ ਤੋਂ ਬਚਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਅੱਜ ਵਿਆਹ ਸਬੰਧਾਂ, ਦਾਜ-ਦਹੇਜ, ਲੜਕੀਆਂ ਤੇ ਔਰਤਾਂ ਦਾ ਸੋਸ਼ਣ, ਲਿਵ ਇਨ ਰਿਲੇਸ਼ਨ, ਘਰੇਲੂ ਮਾਰਕੁੱਟ ਆਦਿ ਨਾਲ ਸਬੰਧਤ ਮਾਮਲੇ ਉਨ੍ਹਾਂ ਕੋਲ ਪੁੱਜੇ ਸਨ। ਇਸ ਮੌਕੇ ਉਨਾਂ ਨੇ ਸਮਾਜ ਨੂੰ ਅਪੀਲ ਕੀਤੀ ਕਿ ਛੋਟੀਆਂ-ਛੋਟੀਆਂ ਗੱਲਾਂ ਨਾਲ ਰਿਸ਼ਤਿਆਂ ਵਿੱਚ ਵਿਗਾੜ ਨਾ ਪਾਇਆ ਜਾਵੇ ਅਤੇ ਪਰਿਵਾਰਿਕ ਇਕਾਈ ਦੇ ਮਹੱਤਵ ਨੂੰ ਸਮਝਦਿਆਂ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ। ਉਨਾਂ ਨੇ ਇਸ ਦੌਰਾਨ ਸੁਣਵਾਈ ਕਰਦਿਆਂ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਵਿਭਾਗ ਨੂੰ ਜਾਂਚ ਜਲਦ ਤੋਂ ਜਲਦ ਮੁਕੰਮਲ ਕਰਨ ਦੀਆਂ ਸਖਤ ਹਦਾਇਤਾਂ ਵੀ ਦਿੱਤੀਆਂ।

ਇਸ ਮੌਕੇ ਡਿਪਟੀ ਡਾਇਰੈਕਟ ਮਹਿਲਾ ਕਮਿਸ਼ਨ ਨਿਖਿਲ ਅਰੋੜਾ, ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ, ਐਸ.ਪੀ. ਨਵੀਨ ਕੁਮਾਰ, ਮਿਸ ਲਿੰਧਿਆ ਆਈ.ਏ.ਐਸ. (ਅੰਡਰ ਟ੍ਰੇਨਿੰਗ), ਐਸ.ਪੀ. ਮਨਜੀਤ ਸਿੰਘ, ਆਪ ਆਗੂ ਭੁਪਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button