ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 14 ਜੁਲਾਈ ਨੂੰ ਪੰਜਾਬ ਭਰ ਵਿੱਚ ਬਿਜਲੀ ਅਦਾਰੇ ਦੇ ਸੰਪੂਰਨ ਨਿਜੀਕਰਨ ਖਿਲਾਫ ਚੀਫ ਦਫਤਰਾਂ ਅਤੇ ਐਸ.ਸੀ. ਪਾਵਰ ਕੌਮ ਦੇ ਦਫਤਰਾਂ ਅੱਗੇ ਲੱਗਣ ਵਾਲੇ ਧਰਨਿਆਂ ਦੀਆਂ ਤਿਆਰੀਆਂ ਜ਼ੋਰਾਂ ਤੇ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 14 ਜੁਲਾਈ ਨੂੰ ਪੰਜਾਬ ਭਰ ਵਿੱਚ ਬਿਜਲੀ ਅਦਾਰੇ ਦੇ ਸੰਪੂਰਨ ਨਿਜੀਕਰਨ ਖਿਲਾਫ ਚੀਫ ਦਫਤਰਾਂ ਅਤੇ ਐਸ.ਸੀ. ਪਾਵਰ ਕੌਮ ਦੇ ਦਫਤਰਾਂ ਅੱਗੇ ਲੱਗਣ ਵਾਲੇ ਧਰਨਿਆਂ ਦੀਆਂ ਤਿਆਰੀਆਂ ਜ਼ੋਰਾਂ ਤੇ

ਫਿਰੋਜ਼ਪੁਰ, ਜੂਨ 26, 2025: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ਹੇਠ 14 ਜੁਲਾਈ ਨੂੰ, ਕੇਂਦਰ ਸਰਕਾਰ ਨਾਲ ਰਲ ਕੇ ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਨੂੰ ਪੂਰੀ ਤਰਾਂ ਨਿੱਜੀ ਹੱਥਾਂ ਵਿੱਚ ਦਿੱਤੇ ਜਾਣ ਦੀ ਤਿਆਰੀਆਂ ਅਤੇ ਬਿਜਲੀ ਸਬੰਧੀ ਮਸਲਿਆਂ ਦੇ ਚਲਦੇ, ਪੰਜਾਬ ਭਰ ਦੇ ਚੀਫ ਪਾਵਰ ਕੌਮ ਅਤੇ ਐਸ ਸੀ ਦਫਤਰਾਂ ਤੇ ਇੱਕ ਦਿਨਾ ਧਰਨੇ ਲਗਾਏ ਜਾਣ ਦੇ ਐਲਾਨ ਦੇ ਚਲਦੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸੀਨੀਅਰ ਸੂਬਾ ਆਗੂ ਸਤਨਾਮ ਸਿੰਘ ਪੰਨੂ ਅਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇੱਕ ਤਰਾਂ ਕੇਂਦਰ ਸਰਕਾਰ ਨੇ ਫੈਸਲਾ ਕਰਕੇ ਹੁਣ ਬਿਜਲੀ ਬੋਰਡ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿੱਚ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਵਰ ਕੌਮ ਨੂੰ ਵੇਚਿਆ ਜਾਵੇਗਾ ਅਤੇ ਪੰਜਾਬ ਸਰਕਾਰ ਵੀ ਕੇਂਦਰ ਨਾਲ ਖੜੀ ਹੈ ।
ਇਸ ਮੌਕੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਅਤੇ ਜਸਬੀਰ ਸਿੰਘ ਪਿੱਦੀ ਨੇ ਕਿਹਾ ਕਿ ਅਗਰ ਇਸਦਾ ਪਿਛੋਕੜ ਦੇਖਿਆ ਜਾਵੇ ਤਾਂ 1948 ਦਾ ਬਿਜਲੀ ਐਕਟ 2003 ਵਿੱਚ ਬਦਲਿਆ ਗਿਆ, ਕਿਉਂਕਿ 1948 ਦੇ ਬਿਜਲੀ ਐਕਟ ਵਿੱਚ 3% ਤੋਂ ਵੱਧ ਖਪਤਕਾਰਾਂ ਕੋਲੋਂ ਮੁਨਾਫਾ ਲੈਣ ਦੀ ਮਨਾਹੀ ਸੀ ਅਤੇ ਬਿਜਲੀ ਬੋਰਡ ਇੱਕ ਜਨਤਕ ਅਦਾਰਾ ਹੋਣ ਕਾਰਨ ” ਨੋ ਪ੍ਰੋਫਿਟ ਨੋ ਲੋਸ ” ਦੇ ਤਹਿਤ ਕੰਮ ਕਰਦਾ ਸੀ, ਫਿਰ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਬਣਾਉਣ ਦੇ ਅਧਿਕਾਰ ਦੇ ਲਈ ਬਿਜਲੀ ਐਕਟ 2003 ਲਿਆਂਦਾ ਜਿਸ ਵਿੱਚ ਘੱਟੋ ਘੱਟ ਮੁਨਾਫਾ ਕਮਾਉਣ ਦੀ ਸੀਮਾ 16% ਅਤੇ ਵੱਧ ਤੋਂ ਵੱਧ ਦਾ ਕੋਈ ਮਾਪਦੰਡ ਨਹੀਂ ਸੀ, ਪ੍ਰਾਈਵੇਟ ਕੰਪਨੀਆਂ ਨੇ ਮੁਨਾਫਾ ਕਮਾਉਣ ਲਈ ਬਿਜਲੀ ਪੈਦਾ ਕਰਨ ਲਈ ਪੰਜਾਬ ਅੰਦਰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਨੇ ਨਵੇਂ ਥਰਮਲ ਪਲਾਂਟ ਲਗਵਾਏ ਅਤੇ ਅੱਜ ਵੀ ਜਨਤਾ ਦੇ ਟੈਕਸਾਂ ਦਾ ਪੈਸਾ ਲੁਟਾਉਂਦੇ ਹੋਏ ਮਹਿੰਗੀ ਬਿਜਲੀ ਖਰੀਦੀ ਜਾ ਰਹੀ। ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ, ਸਤਨਾਮ ਸਿੰਘ ਮਾਣੋਚਾਹਲ ਅਤੇ ਜਰਮਨਜੀਤ ਬੰਡਾਲਾ ਨੇ ਕਿਹਾ ਕਿ ਆਉਣ ਵਾਲੇ ਮਾਨਸੂਨ ਸਤਰ ਵਿੱਚ ਬਿਜਲੀ ਸੋਧ ਬਿਲ ਜ਼ੋ ਕਿ ਲੰਬੇ ਅਰਸੇ ਤੋਂ ਲਟਕ ਰਿਹਾ ਸੀ ਓਸਨੂੰ ਲਿਆਉਣ ਦੀ ਤਿਆਰੀ ਹੋ ਰਹੀ ਹੈ, ਜਿਸ ਨਾਲ ਬਿਜਲੀ ਵੇਚਣ ਦਾ ਅਧਿਕਾਰ ਵੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ।
ਗੁਰਬਚਨ ਸਿੰਘ ਚੱਬਾ, ਗੁਰਲਾਲ ਸਿੰਘ ਪੰਡੋਰੀ ਅਤੇ ਹਰਜਿੰਦਰ ਸਿੰਘ ਸ਼ਕਰੀ ਨੇ ਕਿਹਾ ਕਿ ਜਿਵੇਂ ਕੇਂਦਰ ਦੇ ਬਿਜਲੀ ਮੰਤਰੀ ਖੱਟੜ ਅਤੇ ਪੰਜਾਬ ਸਮੇਤ 5 ਸਟੇਟਾਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਿਜਲੀ ਮੰਤਰੀਆਂ ਤੇ ਅਫਸਰਾਂ ਨਾਲ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਸੀ ਕਿ ਅਗਸਤ ਦੇ ਅਖ਼ੀਰ ਤੱਕ ਅਸੀਂ ਸਾਰੇ ਸਰਕਾਰੀ ਅਦਾਰਿਆਂ, ਸਰਕਾਰੀ ਮੁਲਾਜ਼ਮਾਂ ਅਤੇ ਉਹਨਾਂ ਦੇ ਘਰਾਂ ਅੰਦਰ ਚਿੱਪ ਵਾਲੇ ਮੀਟਰ ਲਾਵਾਂਗੇ, ਇਹ ਸਾਫ ਸੰਕੇਤ ਹਨ ਕਿ ਪ੍ਰੀਪੇਡ ਮੀਟਰ ਲਗਾ ਕੇ ਪ੍ਰਾਈਵੇਟ ਕੰਪਨੀਆਂ ਦੇ ਬਿੱਲ ਉਗਰਾਹੀ ਨੂੰ ਸੌਖਾਲਾ ਕਰਨ ਦੀ ਕਵਾਇਦ ਤੇਜ਼ ਹੋ ਗਈ ਹੈ ਅਤੇ ਆਉਂਦੇ ਦਿਨਾਂ ਵਿੱਚ ਬਿਜਲੀ ਵਿਭਾਗ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿੱਚ ਵੇਚ ਦਿੱਤਾ ਜਾਵੇਗਾ।
ਰਣਜੀਤ ਸਿੰਘ ਕਲੇਰ ਬਾਲਾ, ਪਰਮਜੀਤ ਸਿੰਘ ਭੁੱਲਾ, ਸਲਵਿੰਦਰ ਸਿੰਘ ਜਾਣੀਆਂ ਨੇ ਦੱਸਿਆ ਕਿ ਅਜਿਹੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਬਿਜਲੀ ਚੀਫ ਦਫਤਰਾਂ ਦੇ ਨਾਲ ਨਾਲ ਐਸ ਸੀ ਦਫਤਰਾਂ ਤੇ 14 ਜੁਲਾਈ 2025 ਨੂੰ ਲੱਖਾਂ ਤੇ ਇਕੱਠ ਕਰਨ ਇੱਕਠ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਨਿੱਜੀਕਰਨ ਦੀ ਨੀਤੀ ਵਾਪਿਸ ਲੈਣ ਦੀ ਮੰਗ ਦੇ ਨਾਲ ਨਾਲ, ਬਿਜਲੀ ਸਬੰਧੀ ਭਾਰੇ ਜੁਰਮਾਨਿਆਂ, ਐਵਰੇਜ਼ ਨਾਲ ਭੇਜੇ ਜਾ ਰਹੇ ਭਾਰੀ ਬਿੱਲਾਂ, ਬਿਜਲੀ ਵਿਭਾਗ ਵਿਚ ਵਿਆਪਕ ਪੱਧਰ ਤੇ ਫੈਲੀ ਕੁਰਪਸ਼ਨ ਅਤੇ ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੇ ਮਸਲੇ ਵਿਚ ਧਰਨੇ ਦੀਆਂ ਮੰਗਾਂ ਦਾ ਹਿੱਸਾ ਹੋਣਗੇ। ਉਹਨਾਂ ਕਿਹਾ ਕਿ ਬਿਜਲੀ ਦਾ ਮਸਲਾ ਇਕੱਲਾ ਕਿਸਾਨਾਂ ਮਜ਼ਦੂਰਾਂ ਦਾ ਨਹੀਂ, ਵਿਦਿਆਰਥੀਆਂ, ਸ਼ਹਿਰੀਆਂ, ਦੁਕਾਨਦਾਰਾਂ ਨੇ ਵੀ ਬਿਜਲੀ ਦੀ ਵਰਤੋਂ ਕਰਨੀ ਹੈ ਸੋ ਜੇ ਬਿਜਲੀ ਬੋਰਡ ਨੂੰ ਨਿਜੀ ਹੱਥਾਂ ਵਿੱਚ ਵੇਚ ਦਿੱਤਾ ਗਿਆ ਤਾਂ ਸਭ ਲਈ ਮੁਸੀਬਤ ਬਣੇਗੀ, ਇਸ ਕਰਕੇ ਪੂਰੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ 14 ਜੁਲਾਈ ਨੂੰ ਪੂਰੇ ਪੰਜਾਬ ਅੰਦਰ ਇੱਕ ਦਿਨ ਤੇ ਪ੍ਰੋਗਰਾਮ ਹੋਣ ਜਾ ਰਹੇ ਹਨ ਸੋ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ ਤਾਂ ਜੋ ਬਿਜਲੀ ਬੋਰਡ ਦਾ ਨਿਜੀਕਰਨ ਰੋਕਣ ਲਈ ਵੱਡੀ ਲਹਿਰ ਬਣਾਈ ਜਾ ਸਕੇ।





