ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪੱਧਰੀ ਆਧਾਰ ਨਿਗਰਾਨ ਕਮੇਟੀ ਦੀ ਸਮੀਖਿਆ ਮੀਟਿੰਗ ਕੀਤੀ ਗਈ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪੱਧਰੀ ਆਧਾਰ ਨਿਗਰਾਨ ਕਮੇਟੀ ਦੀ ਸਮੀਖਿਆ ਮੀਟਿੰਗ ਕੀਤੀ ਗਈ
ਫ਼ਿਰੋਜ਼ਪੁਰ, 26 ਜੂਨ 2025: ਵਧੀਕ ਡਿਪਟੀ ਕਮਿਸ਼ਨਰ (ਜ ) ਸ੍ਰੀ ਦਮਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਆਧਾਰ ਨਿਗਰਾਨ ਕਮੇਟੀ ਦੀ ਸਮੀਖਿਆ ਮੀਟਿੰਗ ਕੀਤੀ ਗਈ। ਜਿਸ ‘ਚ ਅਧਾਰ ਇਨਰੋਲਮੈਂਟ ਅਤੇ ਅਪਡੇਟ ਦੀ ਦਰ ਨੂੰ ਵਧਾਉਣ ਲਈ ਕਮੇਟੀ ਮੈਂਬਰਾਂ ਨੂੰ ਢੁੱਕਵੀ ਕਾਰਵਾਈ ਕੀਤੇ ਜਾਣ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੀ ਆਧਾਰ ਦੀ ਇੰਨਰੋਲਮੈਂਟ ਕਰਵਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤੇ ਜਾਣ ‘ਤੇ ਜ਼ੋਰ ਦਿੱਤਾ ਜਾਵੇ। ਇਸ ਦੇ ਨਾਲ ਉਨ੍ਹਾਂ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਕਿ 5 ਸਾਲ ਤੇ 15 ਸਾਲ ਦੀ ਉਮਰ ਪੂਰੀ ਹੋਣ ‘ਤੇ ਲਾਜ਼ਮੀ ਬਾਇਓ-ਮੈਟਿ੍ਕ ਅਪਡੇਟ ਕਰਵਾਉਣੀ ਯਕੀਨੀ ਬਣਾਈ ਜਾਵੇ।
ਮੀਟਿੰਗ ਦੌਰਾਨ ਉਨ੍ਹਾਂ ਸਿੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਅਧਾਰ ਕਾਰਡ ਬਣਾਉਣ ਅਤੇ ਅਪਡੇਟ ਕਰਨ ਲਈ ਵਿਸ਼ੇਸ਼ ਕੈਂਪ ਲਗਾਉਣ ਦੀ ਹਦਾਇਤ ਕੀਤੀ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਦੌਰਾਨ ਹਾਜ਼ਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਧਾਰ ਕੈਂਪ ਲਗਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਨਿਰਦੇਸ਼ ਵੀ ਦਿੱਤੇ ਗਏ ਕਿ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨਾਂ ਦੇ ਆਧਾਰ ਕਾਰਡ ਅਤੇ ਅਪਡੇਸ਼ਨ ਵੀ ਜ਼ਰੂਰ ਕਰਵਾਈ ਜਾਵੇ| ਇਸ ਦੌਰਾਨ ਉਨਾਂ 10 ਸਾਲ ਦੇ ਅੰਦਰ-ਅੰਦਰ ਆਧਾਰ ਕਾਰਡ ਅਪਡੇਟ ਸਬੰਧੀ ਵੀ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਅਤੇ ਜ਼ਿਲ੍ਹੇ ਵਿੱਚ ਆਧਾਰ ਕਿੱਟ ਸਬੰਧੀ ਵੀ ਜਾਣਕਾਰੀ ਪ੍ਰਾਪਤ ਕੀਤੀ ਤੇ ਆਧਾਰ ਕਿੱਟ ਦੇ ਚਾਲੂ ਹਾਲਤ ਦੇ ਵੇਰਵਿਆਂ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਵੀ ਮੰਗੀ|
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਸਰਕਾਰੀ ਸਹੂਲਤਾਂ ਦਾ ਨਿਰਵਿਘਨ ਲਾਭ ਉਠਾਉਣ ਲਈ ਆਪਣਾ ਮੋਬਾਈਲ ਨੰਬਰ ਆਧਾਰ ਨਾਲ ਅੱਪਡੇਟ ਕਰਨ। ਉਨ੍ਹਾਂ ਦੱਸਿਆ ਕਿ ਆਧਾਰ ਕਾਰਡ ਬਣਾਉਣਾ ਹਰੇਕ ਨਾਗਰਿਕ ਲਈ ਜ਼ਰੂਰੀ ਹੈ ਕਿਉਂਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ, ਬੈਂਕਿੰਗ ਅਤੇ ਹੋਰ ਨਾਗਰਿਕ ਸੇਵਾਵਾਂ ਦਾ ਲਾਭ ਹਾਸਿਲ ਕਰਨ ਲਈ ਆਧਾਰ ਕਾਰਡ ਦੀ ਲੋੜ ਪੈਂਦੀ ਹੈ।
ਮੀਟਿੰਗ ਵਿੱਚ ਡੀਐਸਪੀ ਬਚਨ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।





