ਨੀਰਜ ਸ਼ਰਮਾ ਨੇ ਖੇਤੀਬਾੜੀ ਅਫ਼ਸਰ ਸਦਰ ਮੁਕਾਮ ਫ਼ਿਰੋਜ਼ਪੁਰ ਦਾ ਚਾਰਜ ਸੰਭਾਲਿਆ
ਨੀਰਜ ਸ਼ਰਮਾ ਨੇ ਖੇਤੀਬਾੜੀ ਅਫ਼ਸਰ ਸਦਰ ਮੁਕਾਮ ਫ਼ਿਰੋਜ਼ਪੁਰ ਦਾ ਚਾਰਜ ਸੰਭਾਲਿਆ
ਫ਼ਿਰੋਜ਼ਪੁਰ 20 ਜੂਨ, 2025: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਲੰਮੇ ਸਮੇ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਨੀਰਜ ਕੁਮਾਰ ਸ਼ਰਮਾ ਨੇ ਪਦਉੱਨਤ ਤੋਂ ਬਾਅਦ ਅੱਜ ਰਸਮੀ ਤੌਰ ‘ਤੇ ਖੇਤੀਬਾੜੀ ਅਫ਼ਸਰ ਸਦਰ ਮੁਕਾਮ ਫ਼ਿਰੋਜ਼ਪੁਰ ਦਾ ਆਪਣੇ ਆਹੁਦੇ ਦਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਦੀ ਤਾਇਨਾਤੀ ਨਾਲ ਖੇਤੀਬਾੜੀ ਖੇਤਰ ਵਿੱਚ ਨਵੀਆਂ ਰਣਨੀਤੀਆਂ ਅਤੇ ਵਿਕਾਸੀ ਯੋਜਨਾਵਾਂ ਲਾਗੂ ਕਰਨ ਦੀ ਉਮੀਦ ਹੈ। ਚਾਰਜ ਸੰਭਾਲਣ ਮੌਕੇ ਉਹਨਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਡਾਕਟਰ ਗੁਰਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਨੀਰਜ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਕਿਸਾਨਾਂ ਦੀ ਭਲਾਈ ਲਈ ਪੂਰੀ ਲਗਨ, ਮੇਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਭੂਮਿਕਾ ਸਿਰਫ਼ ਸਰਕਾਰੀ ਸਕੀਮਾਂ ਨੂੰ ਲਾਗੂ ਕਰਨਾ ਹੀ ਨਹੀਂ, ਸਗੋਂ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨਾ ਵੀ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੂੰ ਨਵੀਨ ਤਕਨੀਕਾਂ, ਮੌਸਮ ਅਨੁਕੂਲ ਫਸਲਾਂ, ਅਤੇ ਪ੍ਰਾਕ੍ਰਿਤਕ ਖੇਤੀ ਵੱਲ ਪ੍ਰੇਰਿਤ ਕੀਤਾ ਜਾਵੇਗਾ, ਤਾਂ ਜੋ ਉਹ ਆਪਣੀ ਉਪਜ ਨੂੰ ਵਧਾ ਸਕਣ ਅਤੇ ਵਾਤਾਵਰਣ-ਅਨੁਕੂਲ ਖੇਤੀ ਪ੍ਰਣਾਲੀ ਨੂੰ ਅਪਣਾ ਸਕਣ। ਨੀਰਜ ਸ਼ਰਮਾ ਨੇ ਇਸ ਗੱਲ ਦਾ ਵੀ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਸਮੇਂ-ਸਿਰ ਜਾਣੂ ਕਰਵਾਇਆ ਜਾਵੇਗਾ ਅਤੇ ਲਾਭ ਪ੍ਰਾਪਤ ਕਰਨ ਵਿੱਚ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਡਾਕਟਰ ਗੁਰਪ੍ਰੀਤ ਸਿੰਘ ਸਿੱਧੂ ਨੇ ਜ਼ਿਲ੍ਹੇ ਦੀ ਖੇਤੀਬਾੜੀ ਬਾਰੇ ਗੱਲ ਕਰਦਿਆਂ ਕਿਹਾ ਕਿ ਇੱਥੇ ਦੀ ਜ਼ਮੀਨ ਉਤਪਾਦਨਸ਼ੀਲ ਹੈ ਅਤੇ ਪਾਣੀ ਦੇ ਸਰੋਤ ਵੀ ਉਪਲਬਧ ਹਨ। ਜੇ ਕਿਸਾਨਾਂ ਨੂੰ ਠੀਕ ਮਾਰਗਦਰਸ਼ਨ ਮਿਲੇ ਤਾਂ ਇਹ ਖੇਤਰ ਸੂਬੇ ਵਿੱਚ ਮਿਸਾਲ ਬਣ ਸਕਦਾ ਹੈ। ਉਨ੍ਹਾਂ ਕਿਹਾ ਨੀਰਜ ਸ਼ਰਮਾ ਸੂਝਵਾਨ ਅਫ਼ਸਰ ਹਨ ਅਤੇ ਹਰ ਸਮੇਂ ਉਹ ਕਿਸਾਨਾਂ ਨਾਲ ਨਿਰੰਤਰ ਸੰਪਰਕ ਵਿਚ ਰਹਿੰਦੇ ਹਨ ਅਤੇ ਭਵਿੱਖ ਵਿੱਚ ਵੀ ਜ਼ਮੀਨੀ ਪੱਧਰ ਤੇ ਜਾ ਕੇ ਕਿਸਾਨਾਂ ਦੀ ਬੇਹਤਰੀ ਲਈ ਕੰਮ ਕਰਨਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨੀਰਜ ਸ਼ਰਮਾ ਫਿਰੋਜ਼ਪੁਰ ਵਿਖੇ ਖੇਤੀਬਾੜੀ ਵਿਕਾਸ ਅਫਸਰ ਇਨਫੋਰਸਮੈਂਟ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਸ ਮੌਕੇ ਹੋਰਾਂ ਤੋਂ ਇਲਾਵਾ ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਗੁਰਸਾਹਿਬ ਸਿੰਘ, ਡਾਕਟਰ ਅਮਿਤ ਪੁੰਜ, ਡਾਕਟਰ ਰਜਨੀਸ਼, ਡਾਕਟਰ ਗੁਰਵੰਤ ਸਿੰਘ ਭੁੱਲਰ, ਡਾਕਟਰ ਰਾਜਵਿੰਦਰ, ਸੰਜੀਵ ਗੁਪਤਾ ਲੇਖਾਕਾਰ ਅਤੇ ਕਰਨ ਸੀਨੀਅਰ ਸਹਾਇਕ , ਸੁਖਪਾਲ ਸਿੰਘ ਸੁਪਰਡੰਟ ਆਦਿ ਵੀ ਹਾਜ਼ਰ ਸਨ।






