ਪੀ. ਏ. ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵੱਲੋਂ ਕਿਸਾਨਾਂ ਵਿੱਚ ਜਾਗਰੂਕਤਾ ਲਈ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਛੇਵੇਂ ਦਿਨ ਵੀ ਜਾਰੀ
ਪੀ. ਏ. ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਵੱਲੋਂ ਕਿਸਾਨਾਂ ਵਿੱਚ ਜਾਗਰੂਕਤਾ ਲਈ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਛੇਵੇਂ ਦਿਨ ਵੀ ਜਾਰੀ
ਫਿਰੋਜ਼ਪੁਰ 3 ਜੂਨ, 2025: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਵੱਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਅਧੀਨ 29 ਮਈ 2025 ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਇਫਕੋ ਅਤੇ ਹੋਰ ਖੇਤੀ ਸਬੰਧੀ ਅਦਾਰਿਆਂ ਨਾਲ ਮਿਲ ਕੇ ਲਗਾਤਾਰਤਾ ਵਿੱਚ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ| ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ 2000 ਵਿਗਿਆਨੀਆਂ ਦਾ ਡੇਢ ਕਰੋੜ ਤੋਂ ਵੱਧ ਕਿਸਾਨਾਂ ਨਾਲ ਸਾਉਣੀ ਦੀਆਂ ਫਸਲਾਂ ਦੀ ਅਗਲੇਰੀ ਜਾਣਕਾਰੀ ਸਾਂਝਾ ਕਰਨ ਦੇ ਨਾਲ-ਨਾਲ ਫੀਡਬੈਕ ਪ੍ਰਾਪਤ ਕਰਨਾ ਹੈ।
ਇਸੇ ਲੜੀ ਅਧੀਨ ਮਿਤੀ 3 ਜੂਨ 2025 ਨੂੰ ਫਿਰੋਜ਼ਪੁਰ ਜਿਲੇ ਦੇ ਪਿੰਡਾਂ ਤਲੇਵਾਲਾ ਹੱਡੀਵਾਲਾ, ਚੱਕ ਮਹੰਤਾਂਵਾਲਾ, ਲੈਪੋ, ਗਹਿਰੀ, ਪੰਜੇ ਕੇ ਉਤਾੜ, ਸਵਾਯਾ ਰਾਏ ਉਤਾੜ, ਕਾਹਨ ਸਿੰਘ ਵਾਲਾ ਵਿਖੇ ਕੇ ਵੀ ਕੇ ਫਿਰੋਜ਼ਪੁਰ ਅਤੇ ਹੋਰਨਾਂ ਵਿਭਾਗਾਂ ਦੀ ਟੀਮ ਵੱਲੋਂ ਕਿਸਾਨ-ਵਿਗਿਆਨੀ ਮਿਲਣੀਆਂ ਆਯੋਜਿਤ ਕੀਤੀਆਂ ਗਈਆਂ| ਪੀ ਏ ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਦੇ ਡਿਪਟੀ ਡਾਇਰੈਕਟਰ (ਸਿਖਲਾਈ), ਡਾ ਗੁਰਮੇਲ ਸਿੰਘ ਦੀ ਅਗਵਾਈ ਹੇਠ ਬਣੀਆਂ ਟੀਮਾਂ ਨੇ ਇਹਨਾਂ ਪਿੰਡਾਂ ਵਿੱਚ ਸਾਉਣੀ ਦੀਆਂ ਫਸਲਾਂ ਦੇ ਵਿੱਚ ਅਗਲੇਰੇ ਤਕਨੀਕੀ ਪ੍ਰਬੰਧ, ਮਿੱਟੀ ਅਤੇ ਪਾਣੀ ਪਰਖ, ਸਬਜ਼ੀਆਂ ਅਤੇ ਫਲਾਂ ਨੂੰ ਵਧੇਰੇ ਤਾਪਮਾਨ ਤੋਂ ਬਚਾਅ ਲਈ ਵਿਗਿਆਨਕ ਸਲਾਹ ਅਤੇ ਫਸਲਾਂ ਵਿੱਚ ਕੀਟ ਅਤੇ ਬੀਮਾਰੀ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ ਗਈ।
ਕੈਂਪ ਤੋਂ ਬਾਅਦ ਖੇਤਾਂ ਦਾ ਦੌਰਾ ਕਰਕੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕੀਤਾ| ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਸ ਅਭਿਆਨ ਅਧੀਨ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਇਸ ਸਬੰਧੀ ਸਾਹਿਤ ਵੀ ਵੰਡਿਆ ਗਿਆ| ਟੀਮ ਵਿੱਚ ਮੌਜੂਦ ਮਾਹਿਰਾਂ ਨੇ ਕਿਸਾਨਾਂ ਨੂੰ ਖੇਤੀ ਸਹਾਇਕ ਧੰਦੇ ਅਪਨਾ ਕੇ ਆਮਦਨ ਵਧਾਉਣ ਲਈ ਪ੍ਰੇਰਿਆ।
ਕੈਂਪ ਦੇ ਅੰਤ ਵਿੱਚ ਟੀਮ ਵੱਲੋਂ ਕਿਸਾਨਾਂ ਤੋਂ ਫੀਡਬੈਕ ਲਈ ਗਈ ਅਤੇ ਕੈਂਪ ਵਿੱਚ ਸ਼ਾਮਿਲ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ। ਟੀਮ ਨੇ ਕਿਸਾਨਾਂ ਨੂੰ ਪੀ ਏ ਯੂ – ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਨਾਲ ਜੁੜ ਕੇ ਖੇਤੀ ਪ੍ਰਤੀ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਆ।