ਸਰਹੱਦੀ ਖ਼ਤਰੇ ਦੇ ਮੱਦੇਨਜ਼ਰ ਐੱਸਜੀਪੀਸੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੁਰੱਖਿਆ ਲਈ ਵੱਡੀ ਕਾਰਵਾਈ
ਸਰਹੱਦੀ ਖ਼ਤਰੇ ਦੇ ਮੱਦੇਨਜ਼ਰ ਐੱਸਜੀਪੀਸੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੁਰੱਖਿਆ ਲਈ ਵੱਡੀ ਕਾਰਵਾਈ
ਫਿਰੋਜ਼ਪੁਰ, 9 ਮਈ 2025 : ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਅਤੇ ਪੁੰਛ ਦੇ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਨੂੰ ਧਿਆਨ ਵਿੱਚ ਰੱਖਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਸਰਹੱਦੀ ਖੇਤਰਾਂ ਵਿੱਚ ਮੌਜੂਦ ਗੁਰਦੁਆਰਾ ਸਾਹਿਬਾਂ ਵਿੱਚ ਸਥਾਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਸੁਰੱਖਿਆ ਲਈ ਥੋਸ ਕਦਮ ਚੁੱਕੇ ਜਾ ਰਹੇ ਹਨ।
ਐੱਸਜੀਪੀਸੀ ਦੇ ਆਦੇਸ਼ ਅਨੁਸਾਰ, ਸਰਹੱਦੀ ਖੇਤਰਾਂ ਦੇ ਗੁਰਦੁਆਰਾ ਸਾਹਿਬਾਂ ਵਿੱਚ ਪਵਿੱਤਰ ਸਰੂਪਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਕਮੇਟੀ ਦੇ ਮੈਂਬਰ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸਰੂਪਾਂ ਦੀ ਗਿਣਤੀ ਅਤੇ ਹਾਲਤ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ।
ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਵਿਖੇ ਇਸ ਮੁਹਿੰਮ ਤਹਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪੂਰੀ ਮਰਿਆਦਾ ਨਾਲ ਲਿਆਂਦੇ ਜਾ ਰਹੇ ਹਨ। ਤੇਜਬੀਰ ਸਿੰਘ, ਮੈਨੇਜਰ ਗੁਰਦੁਆਰਾ ਜਾਮਨੀ ਸਾਹਿਬ ਨੇ ਦੱਸਿਆ ਕਿ “ਜੰਗ ਦੇ ਮਾਹੌਲ ਵਿਚ ਪਾਕਿਸਤਾਨ ਵੱਲੋਂ ਹਮਲੇ ਦੀ ਸੰਭਾਵਨਾ ਨੂੰ ਵੇਖਦਿਆਂ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਨਾ ਹੋਵੇ।”
ਇਸ ਮੁਹਿੰਮ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਹੋਰ ਸਿੱਖ ਜਥੇਬੰਦੀਆਂ ਵੀ ਐੱਸਜੀਪੀਸੀ ਨਾਲ ਮਿਸ਼ਕਤ ਕਰ ਰਹੀਆਂ ਹਨ। ਉਨ੍ਹਾਂ ਵੱਲੋਂ ਪਵਿੱਤਰ ਸਰੂਪਾਂ ਨੂੰ ਉਚਿਤ ਮਰਿਆਦਾ ਅਤੇ ਸਤਿਕਾਰ ਸਹਿਤ ਲਿਆਂਦਾ ਜਾ ਰਿਹਾ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਬੇਅਦਬੀ ਤੋਂ ਬਚਾਵ ਹੋ ਸਕੇ।
ਇਸ ਕਦਮ ਨੂੰ ਸਿੱਖ ਸੰਗਤ ਵੱਲੋਂ ਸਰਾਹਣਾ ਮਿਲ ਰਹੀ ਹੈ ਅਤੇ ਲੋਕਾਂ ਨੇ ਕਮੇਟੀ ਦੇ ਇਸ ਯਤਨ ਨੂੰ ਧਰਮ ਅਤੇ ਮਰਿਆਦਾ ਦੀ ਰੱਖਿਆ ਵੱਲ ਇੱਕ ਜ਼ਿੰਮੇਵਾਰ ਕਦਮ ਦੱਸਿਆ ਹੈ।