ਅਰਸ਼ ਵਰਕਸ਼ਾਪ ਰਾਹੀਂ ਕਿਸ਼ੋਰ ਅਵਸਥਾ ਦੌਰਾਨ ਸ਼ਰੀਰ ਵਿੱਚ ਹੋਣ ਵਾਲੇ ਬਦਲਾਵ ਸਬੰਧੀ ਦਿੱਤੀ ਜਾਣਕਾਰੀ
ਅਰਸ਼ ਵਰਕਸ਼ਾਪ ਰਾਹੀਂ ਕਿਸ਼ੋਰ ਅਵਸਥਾ ਦੌਰਾਨ ਸ਼ਰੀਰ ਵਿੱਚ ਹੋਣ ਵਾਲੇ ਬਦਲਾਵ ਸਬੰਧੀ ਦਿੱਤੀ ਜਾਣਕਾਰੀ
ਫਿਰੋਜ਼ਪੁਰ, 29 ਜਨਵਰੀ, 2025: ਸਿਵਲ ਸਰਜਨ ਫਿਰੋਜ਼ਪੁਰ ਡਾ: ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਸਿਹਤ ਵਿਭਾਗ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ (ਸਕੂਲ ਆਫ ਐਮੀਨੈਨਸ) ਮਮਦੋਟ ਵਿਖੇ ਲੜਕੀਆਂ ਦੀ ਕਿਸ਼ੋਰ ਅਵਸਥਾ ਦੌਰਾਨ ਹੋਣ ਵਾਲੇ ਬਦਲਾਵ, ਸਮੱਸਿਆਂਵਾ ਸਬੰਧੀ ਬਲਾਕ ਪੱਧਰੀ ਅਰਸ਼ (ਐਡੋਲਸੈਂਟ ਰੀਪ੍ਰੋਡਕਟਿਵ ਸੈਕਸੂਅਲ ਹੈਲਥ) ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਕੂਲੀ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਮੈਡੀਕਲ ਅਫ਼ਸਰ ਡਾ ਰੇਖਾ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ਼ੋਰ ਅਵਸਥਾ ਵਿੱਚ 10 ਤੋਂ 19 ਸਾਲ ਦੇ ਲੜਕੇ ਲੜਕੀਆਂ ਆਉਂਦੇ ਹਨ, ਜ਼ੋ ਸਾਡੇ ਦੇਸ਼ ਦੀ ਕੁੱਲ ਅਬਾਦੀ ਦਾ ਕਰੀਬ 20 ਫੀਸਦੀ ਹਿੱਸਾ ਹਨ। ਬਾਲ ਅਵਸਥਾ ਤੋਂ ਕਿਸ਼ੋਰ ਅਵਸਥਾ ਤੱਕ ਆਉਂਦੀਆਂ ਸਰੀਰ ਵਿੱਚ ਹਾਰਮੋਨਜ਼ ਦੀਆਂ ਤਬਦੀਲੀਆਂ ਹੋਣ ਨਾਲ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ ਨਾਲ ਸ਼ਰੀਰਕ ਬਣਤਰ ਵਿੱਚ ਵੀ ਬਦਲਾਓ ਆਉਂਦਾ ਹੈ, ਜਿਸ ਦੌਰਾਨ ਬੱਚਿਆਂ ਨੂੰ ਸ਼ਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਜੀਵਨ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਇਸ ਤੋਂ ਘਬਰਾਉਣ ਦੀ ਕੋਈ ਗੱਲ ਨਹੀ ਹੁੰਦੀ। ਇਸ ਸਮੇਂ ਦੌਰਾਨ ਲੜਕੀਆਂ ਵਿੱਚ ਮਾਹਾਵਾਰੀ ਸ਼ੁੁਰੂ ਹੋਣ ਨਾਲ ਆਉਂਦੀਆਂ ਤਕਲੀਫਾਂ ਤੋਂ ਬਚਾਅ ਤੇ ਸਾਭ ਸੰਭਾਲ ਲਈ ਲੜਕੀਆਂ ਦਾ ਸਿੱਖਿਅਤ ਹੋਣਾ ਬਹੁਤ ਜਰੂਰੀ ਹੈ। ਇੱਸ ਸ਼ਰੀਰਕ ਬਦਲਾਓ ਤੋਂ ਪਤਾ ਚੱਲਦਾ ਹੈ ਕਿ ਸਰੀਰ ਦਾ ਵਿਕਾਸ ਸਹੀ ਢੰਗ ਨਾਲ ਹੋ ਰਿਹਾ ਹੈ। ਇਸ ਉਮਰ ਦੌਰਾਨ ਮਾਪਿਆਂ ਅਤੇ ਅਧਿਆਪਕਾ ਨੂੰ ਬੱਚਿਆਂ ਵੱਲ ਵਿਸ਼ੇਸ਼ ਧਿਆਨ ਅਤੇ ਸਹਿਯੋਗ ਦੀ ਲੋੜ ਹੈ। ਉਹਨਾਂ ਨੂੰ ਆਪਣੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਇਕ ਦੋਸਤ ਦੀ ਤਰ੍ਹਾਂ ਸਮਝਣਾ ਅਤੇ ਹੱਲ ਕਰਨਾ ਚਾਹੀਦਾ ਹੈ, ਤਾਂ ਜ਼ੋ ਬੱਚੇ ਆਪਣੇ ਮਾਪਿਆ ਅਤੇ ਅਧਿਆਪਕਾ ਨਾਲ ਆਪਣੀ ਹਰ ਤਰ੍ਹਾਂ ਦੀ ਸਮੱਸਿਆ ਬੇਝਿਜਕ ਹੋ ਕੇ ਸਾਂਝੀ ਕਰ ਸਕਣ। ਜੇਕਰ ਕੋਈ ਦਿੱਕਤ ਆਵੇ ਤਾਂ ਨਜਦੀਕੀ ਮਹਿਲਾ ਮੈਡੀਕਲ ਅਫਸਰ ਨਾਲ ਸਪੰਰਕ ਕਰਨਾ ਚਾਹੀਦਾ ਹੈ।
ਇਸ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਮੀਡੀਆ ਅਫ਼ਸਰ ਨੇਹਾ ਭੰਡਾਰੀ ਨੇ ਦੱਸਿਆ ਕਿ ਸਭ ਦੇ ਸਰੀਰ ਦੇ ਮਹਾਂਵਾਰੀ ਚੱਕਰ ਵੱਖ-ਵੱਖ ਹੁੰਦੇ ਹਨ। ਮਹਾਂਵਾਰੀ ਚੱਕਰ ਦੌਰਾਨ ਸੈਨਟਰੀ ਨੈਪਕਿੰਨ ਦੇ ਲਾਭ ਦੱਸਦੇ ਹੋਏ ਕਿਹਾ ਕਿ ਹਰ ਪਿੰਡ ਵਿੱਚ ਆਸ਼ਾ ਵਰਕਰ ਕੋਲ ਸੈਨੇਟਰੀ ਨੈਪਕਿਨ ਉਪਲਬੱਧ ਹੁੰਦੇ ਹਨ ਜਾਂ ਫਿਰ ਬਜ਼ਾਰ ‘ਚੋਂ ਵੀ ਮਿਲ ਜਾਂਦੇ ਹਨ। ਵਰਤੇ ਹੋਏ ਸੈਨੇਟਰੀ ਨੈਪਕਿਨ ਨੂੰ ਧੋਣਾ ਜਾਂ ਸੁਕਾਉਣਾ ਨਹੀ ਹੁੰਦਾ। ਵਿਦਿਆਰਥਣਾਂ ਨੂੰ ਆਪਣੇ ਸਰੀਰ ਦੀ ਨਿੱਜੀ ਸਫਾਈ ਦੇ ਢੰਗ ਤਰੀਕੇ ਦੱਸਦਿਆਂ ਕਿਹਾ ਕਿ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਕਈ ਤਰ੍ਹਾਂ ਦੀ ਇੰਨਫੈਕਸ਼ਨ ਹੋਣ ਦਾ ਖਤਰਾ ਹੁੰਦਾ ਹੈ। ਇਹ ਇੰਨਫੈਕਸ਼ਨ ਜ਼ਿਆਦਾ ਸਮੇਂ ਤੱਕ ਰਹਿਣ ਨਾਲ ਕਈ ਗੰਭੀਰ ਬੀਮਾਰੀਆਂ ਨੂੰ ਸੱਦਾ ਦੇ ਸਕਦੀ ਹੈ।
ਵਰਕਸ਼ਾਪ ਦੌਰਾਨ ਵਿਦਿਆਰਥਣਾਂ ਵੱਲੋਂ ਸਿਹਤ ਸੰਬਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਡਾ ਹਰਪ੍ਰੀਤ ਕੌਰ ਵਲੋਂ ਵਿਸਥਾਰ ਨਾਲ ਚਰਚਾ ਕੀਤੀ ਗਈ।
ਸਕੂਲ ਦੇ ਪ੍ਰਿੰਸੀਪਲ ਰੂਬੀਨਾ ਚੋਪੜਾ ਨੇ ਸਿਹਤ ਵਿਭਾਗ ਵਲੋਂ ਕੀਤੇ ਇਸ ਉਪਰਾਲੇ ਦਾ ਧੰਨਵਾਦ ਕਰਦਿਆਂ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਅੱਜ ਕਿਸ਼ੋਰ ਅਵਸਥਾ ਸੰਬਧੀ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਦੀ ਪਾਲਣਾ ਕੀਤੀ ਜਾਵੇ ਤਾਂ ਜ਼ੋ ਤੁਸੀਂ ਬਿਮਾਰੀਆਂ ਤੋਂ ਦੂਰ ਰਹਿ ਸਕੋ ਤੇ ਸਵੱਸਥ ਜ਼ਿੰਦਗੀ ਦਾ ਆਨੰਦ ਮਾਣ ਸਕੋ।
ਇਸ ਬਲਾਕ ਪੱਧਰੀ ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਹੱਥ ਧੋਣ ਦੀ ਵਿਧੀ ਬਾਰੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਸੰਤੁਲਿਤ ਆਹਾਰ ਸੰਬਧੀ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਵਲੋਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਨੂੰ ਸਫ਼ਲ ਬਣਾਉਣ ਵਿੱਚ ਡਾ ਹਰਪ੍ਰੀਤ ਸਿੰਘ, ਸਟਾਫ਼ ਨਰਸ ਰਮਨਦੀਪ ਕੌਰ, ਬਲਾਕ ਐਜੂਕੇਟਰ ਅਮਨ ਕੰਬੋਜ, ਅਮਰਜੀਤ ਸਿੰਘ, ਮੈਡਮ ਸੁਖਵਿੰਦਰ ਕੌਰ, ਨੀਲਮ, ਕੁਲਵਿੰਦਰ ਕੌਰ, ਪਰਵਿੰਦਰ ਕੌਰ ਅਤੇ ਸਮੁੱਚੇ ਸਟਾਫ਼ ਦਾ ਵਿਸ਼ੇਸ ਸਹਿਯੋਗ ਰਿਹਾ