ਵਿਪੁਲ ਨਾਰੰਗ ਨੇ ਗੱਟੀ ਰਾਜੋ ਕੇ ਸਕੂਲ ਦੀਆਂ 51 ਵਿਦਿਆਰਥੀਆਂ ਨੂੰ ਦਿੱਤੀ ਸਕੂਲ ਯੂਨੀਫਾਰਮ
ਵਿਪੁਲ ਨਾਰੰਗ ਨੇ ਗੱਟੀ ਰਾਜੋ ਕੇ ਸਕੂਲ ਦੀਆਂ 51 ਵਿਦਿਆਰਥੀਆਂ ਨੂੰ ਦਿੱਤੀ ਸਕੂਲ ਯੂਨੀਫਾਰਮ
ਫਿਰੋਜ਼ਪੁਰ, 13-4-2024: ਸਰਹੱਦੀ ਖੇਤਰ ਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗੱਡੀ ਰਾਜੋ ਕੇ ਦੇ ਵਿੱਚ ਨਵੇਂ ਵਿਦਿਅਕ ਸਾਲ ਵਿੱਚ ਛੇਵੀਂ ਜਮਾਤ ਵਿੱਚ ਦਾਖਲ ਹੋਈਆਂ 51 ਵਿਦਿਆਰਥਨਾਂ ਨੂੰ ਸਕੂਲ ਦੇ ਪਹਿਲੇ ਦਿਨ ਹੀ,ਫਿਰੋਜ਼ਪੁਰ ਸ਼ਹਿਰ ਦੇ ਸਮਾਜ ਸੇਵੀ ਵਿਪੁਲ ਨਾਰੰਗ ਨੇ ਸਕੂਲ ਦੀ ਨਵੀਂ ਯੂਨੀਫਾਰਮ ਦਿੱਤੀ। ਉਹਨਾਂ ਕਿਹਾ ਕਿ ਨਰਾਤਿਆਂ ਵਿੱਚ ਕੰਜਕ ਪੂਜਨ ਮੌਕੇ ਲੋੜਵੰਦ ਸਕੂਲੀ ਵਿਦਿਆਰਥਨਾਂ ਨੂੰ ਪੜ੍ਹਾਈ ਵਿੱਚ ਮਦਦ ਕਰਨਾ ਹੀ ਸਭ ਤੋਂ ਵੱਡਾ ਦਾਨ ਹੈ। ਉਨਾਂ ਨੇ ਸਕੂਲ ਨੂੰ ਵਿਸ਼ਵਾਸ਼ ਦਵਾਇਆ ਕਿ ਲੋੜਵੰਦ ਵਿਦਿਆਰਥੀਆਂ ਦੀ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਕੀਤੀ ਜਾਵੇਗੀ । ਇਸ ਮੌਕੇ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ ਅਤੇ ਬੀ ਐਸ ਐਫ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਾ.ਸਤਿੰਦਰ ਸਿੰਘ ਪ੍ਰਿੰਸੀਪਲ ਨੇ ਵਿਪੁਲ ਨਾਰੰਗ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿੱਦਿਆ ਦਾ ਦਾਨ ਸਰਵ ਉੱਤਮ ਦਾਨ ਹੈ ,ਮੌਜੂਦਾ ਸਮੇਂ ਦਾਨ ਦੀ ਦਿਸ਼ਾ ਬਦਲਣ ਦੀ ਜਰੂਰਤ ਹੈ ਤਾਂ ਜੋ ਲੋੜਵੰਦ ਪਰਿਵਾਰਾਂ ਦੇ ਬੱਚੇ ਵੀ ਮਿਆਰੀ ਸਿੱਖਿਆ ਪ੍ਰਾਪਤ ਕਰਕੇ ਸਮਾਜ ਵਿੱਚ ਚੰਗੇ ਮੁਕਾਮ ਤੇ ਪਹੁੰਚ ਸਕਣ। ਉਹਨਾਂ ਕਿਹਾ ਕਿ ਸਰਹੱਦੀ ਖੇਤਰ ਦੇ ਪਿਛੜੇ ਇਲਾਕੇ ਦੇ ਇਸ ਸਕੂਲ ਦੇ ਵਿਕਾਸ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦਾ ਵਡਮੁੱਲਾ ਯੋਗਦਾਨ ਹੈ। ਜਿਸ ਦੀ ਬਦੌਲਤ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਸੁਧਾਰ ਦੇਖਣ ਨੂੰ ਮਿਲ ਰਹੇ ਹਨ।
ਅਸ਼ੋਕ ਬਹਿਲ ਨੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਹੋਣਹਾਰ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਉਹਨਾਂ ਦੀ ਕਮਜ਼ੋਰ ਆਰਥਿਕਤਾ ਰੁਕਾਵਟ ਨਹੀਂ ਬਨਣੀ ਚਾਹੀਦੀ।ਇਸ ਲਈ ਸਾਨੂੰ ਅਜਿਹੇ ਵਿਦਿਆਰਥੀਆਂ ਦੀ ਮੱਦਦ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਸਕੂਲ ਸਟਾਫ ਮੈਂਬਰ ਗੁਰਪ੍ਰੀਤ ਕੌਰ,ਵਿਸ਼ਾਲ ਗੁਪਤਾ,ਗੀਤਾਂ, ਅਰੁਣ ਕੁਮਾਰ,ਸੁਚੀ ਜੈਨ, ਗਗਨ ਕੁਮਾਰ,ਸਰੁਚੀ ਮਹਿਤਾ, ਬਲਜੀਤ ਕੌਰ ਅਤੇ ਕਮਲਦੀਪ ਵਿਸ਼ੇਸ਼ ਤੌਰ ਤੇ ਹਾਜਰ ਸਨ।