24-25 ਮਈ ਨੂੰ ਸਪੋਰਟਸ ਵਿੰਗ ਸਕੂਲਾਂ `ਚ ਦਾਖਲੇ ਲਈ ਚੋਣ ਟਰਾਇਲ ਹੋਣਗੇ: ਜ਼ਿਲ੍ਹਾ ਖੇਡ ਅਫ਼ਸਰ
24-25 ਮਈ ਨੂੰ ਸਪੋਰਟਸ ਵਿੰਗ ਸਕੂਲਾਂ `ਚ ਦਾਖਲੇ ਲਈ ਚੋਣ ਟਰਾਇਲ ਹੋਣਗੇ: ਜ਼ਿਲ੍ਹਾ ਖੇਡ ਅਫ਼ਸਰ
ਫਿਰੋਜ਼ਪੁਰ, 22 ਮਈ 2023.
ਖੇਡ ਵਿਭਾਗ ਪੰਜਾਬ ਵੱਲੋਂ ਸਾਲ 2023-24 ਦੇ ਸੈਸ਼ਨ ਲਈ ਸਪੋਰਟਸ ਵਿੰਗ(ਡੇ-ਸਕਾਲਰ ਅਤੇ ਰੈਜੀਡੈਂਸਲ) ਸਕੂਲਾਂ ਵਿਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ 24 ਮਈ ਅਤੇ 25 ਮਈ 2023 ਨੂੰ ਅੰਡਰ 14, ਅੰਡਰ 17 ਅਤੇ ਅੰਡਰ 19 ਏਜ ਗਰੁੱਪ ਕਰਵਾਏ ਜਾਣਗੇ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਪਰਮਿੰਦਰ ਸਿੰਘ ਨੇ ਦਿੱਤੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਚੁਣੇ ਗਏ ਖਿਡਾਰੀ/ਖਿਡਾਰਨਾਂ ਨੂੰ ਪੰਜਾਬ ਸਰਕਾਰ/ਖੇਡ ਵਿਭਾਗ ਪੰਜਾਬ ਦੇ ਨਿਯਮਾਂ ਅਨੁਸਾਰ ਰੈਜੀਡੈਂਸ਼ਲ ਅਤੇ ਡੇ-ਸਕਾਲਰ ਖਿਡਾਰੀਆਂ ਨੂੰ ਖੁਰਾਕ/ਰਿਫਰੈਸ਼ਮੈਂਟ, ਖੇਡ ਸਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੋਣ ਵਾਲੇ ਟਰਾਇਲ ਕਬੱਡੀ ਲਈ ਸਥਾਨ ਦੇਵ ਸਮਾਜ ਮਾਡਲ ਸੀ.ਸੈ. ਸਕੂਲ ਫਿਰੋਜ਼ਪੁਰ, ਹੈਂਡਬਾਲ ਲਈ ਸਥਾਨ ਮਾਲਵਾ ਖਾਲਸਾ ਸੀ.ਸੈ. ਸਕੂਲ ਫਿਰੋਜ਼ਪੁਰ, ਤੈਰਾਕੀ ਲਈ ਜ਼ਿਲ੍ਹਾ ਪ੍ਰੀਸ਼ਦ ਸਵੀਮਿੰਗ ਪੂਲ ਫਿਰੋਜ਼ਪੁਰ, ਹਾਕੀ ਲਈ ਹਾਕੀ ਐਸਟ੍ਰੋਟਰਫ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ, ਕੁਸ਼ਤੀ, ਬਾਕਸਿੰਗ, ਕਿੱਕ ਬਾਕਸਿੰਗ ਅਤੇ ਬਾਸਕਟਬਾਲ ਲਈ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਟਰਾਇਲ ਲਏ ਜਾਣਗੇ।
ਉਨ੍ਹਾਂ ਦੱਸਿਆ ਕਿ ਸਪੋਰਟਸ ਵਿੰਗਾਂ ਵਿਚ ਦਾਖਲ ਹੋਣ ਵਾਲੇ ਖਿਡਾਰੀ/ਖਿਡਾਰਨ ਦਾ ਜਨਮ ਅੰਡਰ-14 ਲਈ ਜਨਮ 01 ਜਨਵਰੀ 2010, ਅੰਡਰ-17 ਲਈ 01 ਜਨਵਰੀ 2007 ਅਤੇ ਅੰਡਰ-19 ਲਈ 01 ਜਨਵਰੀ 2005 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ ਅਤੇ ਖਿਡਾਰੀ ਫਿਜ਼ੀਕਲ ਅਤੇ ਮੈਡੀਕਲੀ ਫਿੱਟ ਹੋਣਾ ਚਾਹੀਦਾ ਹੈ। ਇਨ੍ਹਾਂ ਚੋਣ ਟਰਾਇਲਾਂ ਲਈ ਖਿਡਾਰੀ ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧ ਰੱਖਦਾ ਹੋਵੇ ਅਤੇ ਪੰਜਾਬ ਦਾ ਵਸਨੀਕ ਹੋਵੇ। ਉਸ ਵੱਲੋਂ ਜ਼ਿਲ੍ਹਾ ਪੱਧਰ ਕੰਪੀਟੀਸ਼ਨਾਂ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿਚੋਂ ਕੋਈ ਇਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰ ਕੰਪੀਟੀਸ਼ਨ ਵਿਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਅਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ।ਯੋਗ ਖਿਡਾਰੀ ਨਿਰਧਾਰਤ ਮਿਤੀ ਨੂੰ ਸਬੰਧਤ ਟਰਾਇਲ ਸਥਾਨ ਤੇ ਸਵੇਰੇ 08:00 ਵਜੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰਨਗੇ। ਇਨ੍ਹਾਂ ਵਿੰਗਾਂ ਲਈ ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਤੇ ਜਾਂ ਇਸ ਤੋਂ ਪਹਿਲਾਂ ਜ਼ਿਲ੍ਹਾ ਖੇਡ ਦਫਤਰ ਫਿਰੋਜ਼ਪੁਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ ਸਰਟੀਫਿਕੇਟ, ਅਧਾਰ ਕਾਰਡ, ਬੈਂਕ ਖਾਤਾ ਨੰਬਰ, ਆਈ.ਐਫ.ਐਸ.ਸੀ ਕੋਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਸਮੇਤ 2 ਤਾਜਾ ਪਾਸਪੋਰਟ ਸਾਈਜ ਫੋਟੋਗ੍ਰਾਫ ਲੈ ਕੇ ਆਉਣਗੇ ਅਤੇ ਚੋਣ ਟਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਨੂੰ ਵਿਭਾਗ ਵੱਲੋਂ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ।