ਸਿਹਤ ਵਿਭਾਗ ਵੱਲੋਂ ਅੰਤਰਰਾਸ਼ਟਰੀ ਨਰਸ ਦਿਵਸ ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ
ਨਰਸਾਂ ਸਾਡੀ ਸਿਹਤ ਸੰਭਾਲ ਪ੍ਰਣਾਲੀ ਦਾ ਅਨਿੱਖੜਵਾਂ ਅੰਗ
ਸਿਹਤ ਵਿਭਾਗ ਵੱਲੋਂ ਅੰਤਰਰਾਸ਼ਟਰੀ ਨਰਸ ਦਿਵਸ ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ
*ਨਰਸਾਂ ਸਾਡੀ ਸਿਹਤ ਸੰਭਾਲ ਪ੍ਰਣਾਲੀ ਦਾ ਅਨਿੱਖੜਵਾਂ ਅੰਗ
ਫਿਰੋਜ਼ਪੁਰ, 12 ਮਈ 2023( )
ਨਰਸਾਂ ਸਾਡੀ ਸਿਹਤ ਸੰਭਾਲ ਪ੍ਰਣਾਲੀ ਦਾ ਇੱਕ ਅਨਿੱਖੜਵਾਂ ਅੰਗ ਹਨ, ਅਤੇ ਉਹ ਸਾਡੇ ਸਮਾਜ ਵਿੱਚ ਸਿਹਤ ਸੰਭਾਲ ਸਬੰਧੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਨਰਸਾਂ ਦਾ ਸਮੁੱਚੇ ਸਿਹਤ ਸਿਸਟਮ ਵਿੱਚ ਵੱਡਮੁੱਲਾ ਅਤੇ ਅਹਿਮ ਯੋਗਦਾਨ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਅਬਰੋਲ ਨੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਸਿਹਤ ਸਿਸਟਮ ਵਿੱਚ ਨਰਸਾਂ ਦੇ ਯੋਗਦਾਨ ਸਬੰਧੀ ਚਰਚਾ ਕਰਦਿਆਂ ਕੀਤਾ।
ਇਸ ਮੌਕੇ ਥੀਮ ‘ਸਾਡੀਆਂ ਨਰਸਾਂ, ਸਾਡਾ ਭਵਿੱਖ’ ਬਾਰੇ ਗੱਲ ਕਰਦਿਆਂ ਡਾ. ਮੀਨਾਕਸ਼ੀ ਨੇ ਕਿਹਾ ਕਿ ਨਰਸਾਂ ਵੱਲੋਂ ਸਿਹਤ ਅਤੇ ਪਬਲਿਕ ਹੈਲਥ ਖੇਤਰ ਵਿੱਚ ਦਿੱਤਾ ਜਾਂਦਾ ਅਹਿਮ ਯੋਗਦਾਨ ਸਾਡੇ ਭਵਿੱਖ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਵਿੱਚ ਸਹਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ 12 ਮਈ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਸਿਹਤ ਸਿਸਟਮ ਵਿੱਚ ਨਰਸਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਨਰਸਾਂ ਦੀ ਸੇਵਾ ਭਾਵਨਾ ਦੇ ਜਜ਼ਬੇ ਅਤੇ ਨਰਸਿੰਗ ਦੇ ਖੇਤਰ ਵਿੱਚ ਕੀਤੀ ਜਾਂਦੀ ਸਖਤ ਮਿਹਨਤ ਨੂੰ ਸਲਾਮ ਕੀਤਾ ਜਾਂਦਾ ਹੈ।
ਅਜਿਹੀ ਹੀ ਸੰਖੇਪ ਗਤੀਵਿਧੀ ਅਰਬਨ ਪੀ.ਐਚ.ਸੀ. ਬਸਤੀ ਟੈਂਕਾਂ ਵਾਲੀ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਸਮੂਹ ਸਟਾਫ ਵਲੋਂ ਨਰਸਾਂ ਵੱਲੋਂ ਸਮਾਜ ਦੀ ਸਿਹਤ ਸੁਰੱਖਿਆ ਵਿੱਚ ਪਾਏ ਜਾਂਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।
ਅਜਿਹਾ ਹੀ ਇੱਕ ਸਾਦਾ ਸਮਾਰੋਹ ਸੀ.ਐਚ.ਸੀ. ਮੱਖੂ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਗੁਰਮੇਜ਼ ਗੋਰਾਇਆ ਵੱਲੋਂ ਵਧੀਆ ਕਾਰਗੁਜਾਰੀ ਵਾਲੇ ਨਰਸਿੰਗ ਸਟਾਫ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਵੀ ਕੀਤਾ ਗਿਆ। ਡਾ. ਗੁਰਮੇਜ਼ ਗੋਰਾਇਆ ਨੇ ਨਰਸਿੰਗ ਸਟਾਫ ਨੂੰ ਸਿਹਤ ਵਿਭਾਗ ਦੀ ਅਹਿਮ ਕੜੀ ਦੱਸਦਿਆਂ ਨਰਸਿੰਗ ਸਟਾਫ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ ਵੱਲੋਂ ਸੰਯੋਜਿਤ ਗਤੀਵਿਧੀ ਮੌਕੇ ਸਟਾਫ ਨਰਸ ਸੋਨੂੰ ਸ਼ਰਮਾ, ਸੁਖਬੀਰ ਕੌਰ, ਏ.ਐਨ.ਐਮ. ਬਲਵਿੰਦਰ ਕੌਰ, ਰਾਜਿੰਦਰ ਕੌਰ, ਰਣਜੀਤ ਕੌਰ ਅਤੇ ਫਾਰਮਾਸਿਸਟ ਪਰਮਪਾਲ ਕੌਰ ਆਦਿ ਹਾਜਰ ਸਨ।