ਕਿਸਾਨਾਂ ਨੂੰ ਉਹਨਾਂ ਦੇ ਹੱਕ ਨਹੀ ਮਿਲਦੇ ਫੇਰ ਉਹ ਮੋਰਚਾ ਉਸ ਸਮੇਂ ਤੱਕ ਜਾਰੀ ਰਹੇਗਾ-ਜਗਜੀਤ ਸਿੰਘ ਡੱਲੇਵਾਲ
24.2.2023: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ SKM ਗੈਰ ਰਾਜਨੀਤਿਕ ਨਾਲ ਹੋਈਆਂ ਮੀਟਿੰਗਾ ਵਿੱਚ ਪਹਿਲਾਂ ਪੰਜਾਬ ਸਰਕਾਰ ਵੱਲੋ ਚੰਡੀਗੜ੍ਹ ਅਤੇ ਫੇਰ ਟਹਿਣਾ ਟੀ.ਪੁਆਇੰਟ ਫਰੀਦਕੋਟ ਵਿਖੇ ਲੱਗੇ ਮੋਰਚੇ ਵਿੱਚ ਪੰਜਾਬ ਸਰਕਾਰ ਵੱਲੋ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਬਾਦਕਾਰ ਕਿਸਾਨਾਂ ਨੂੰ ਉਹਨਾਂ ਦੀ ਜਮੀਨ ਦੇ ਮਾਲਕੀ ਹੱਕ ਦੇਣ ਦੀ ਮੰਗ ਮੰਨੀ ਸੀ ਪ੍ਰੰਤੂ ਪੰਜਾਬ ਸਰਕਾਰ ਵੱਲੋ ਵਿਸ਼ਵਾਸ਼ਘਾਤ ਕਰਦੇ ਹੋਏ ਹੁਣ ਕਿਸਾਨਾਂ ਨੂੰ ਆਪਣੇ ਖੇਤ ਵਿੱਚ ਜਾਣ ਅਤੇ ਜਮੀਨ ਵਿੱਚ ਫ਼ਸਲ ਬੀਜਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਕਣਕਾਂ ਬੀਜਣ ਸਮੇਂ ਫਿਰੋਜ਼ਪੁਰ ਡੀਸੀ ਵੱਲੋ ਸਰਕਾਰੀ ਨਾਦਰਸ਼ਾਹੀ ਫੁਰਮਾਨ ਜਾਰੀ ਕਰਦੇ ਹੋਏ ਕਿਸਾਨਾਂ ਨੂੰ ਉਹਨਾਂ ਦੇ ਆਪਣੇ ਖੇਤਾਂ ਵਿੱਚ ਵੜਨ ਨਹੀ ਦਿੱਤਾ ਗਿਆ।
ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਦੱਸਿਆ ਕਿ DC ਫਿਰੋਜ਼ਪੁਰ ਵੱਲੋ ਧੱਕੇਸ਼ਾਹੀ ਦੀ ਇੱਥੇ ਹੀ ਬੱਸ ਨਾਂ ਕਰਦੇ ਹੋਏ ਇੱਕ ਹੋਰ ਨਾਦਰਸ਼ਾਹੀ ਫੁਰਮਾਨ ਜਾਰੀ ਕਰਦਿਆਂ 45 ਧਾਰਾ ਲਗਾ ਕੇ ਕਿਸਾਨਾ ਤੋਂ ਉਹਨਾਂ ਦੀ ਜਮੀਨ ਦੇ ਮਾਲਕੀ ਹੱਕ ਖੋਹਣ ਦੀ ਇੱਕ ਹੋਰ ਗੁੱਝੀ ਸਾਜਿਸ਼ ਰਚ ਦਿੱਤੀ ਗਈ ਜਿਸ ਕਾਰਨ ਸੈਂਕੜੇ ਏਕੜ ਜਮੀਨ ਫ਼ਸਲ ਬੀਜਣ ਤੋਂ ਵਾਂਝੀ ਰਹਿ ਗਈ। ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਰੋਕਣ ਲਈ BKU ਸਿੱਧੂਪੁਰ ਦੇ ਫਿਰੋਜ਼ਪੁਰ ਪੂਰਬੀ ਤੋਂ ਜ਼ਿਲਾ ਪ੍ਰਧਾਨ ਇਕਬਾਲ ਸਿੰਘ, ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਪੱਛਮੀ ਗੁਰਮੀਤ ਸਿੰਘ ਘੋੜੇਚੱਕ ਅਤੇ ਮਮਦੋਟ ਦੇ ਬਲਾਕ ਪ੍ਰਧਾਨ ਗੁਰਸੇਵਕ ਧਾਲੀਵਾਲ ਦੀ ਅਗਵਾਈ ਵਿੱਚ ਅੱਕੇ ਕਿਸਾਨਾ ਨੇ ਆਪਣੇ ਹੱਕ ਲੈਣ ਲਈ ਮਰਨ ਵਰਤ ਸ਼ੁਰੂ ਕਰ ਦਿੱਤਾ।
ਜਗਜੀਤ ਸਿੰਘ ਡੱਲੇਵਾਲ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਬੌਖਲਾਹਟ ਵਿੱਚ ਪ੍ਰਸ਼ਾਸਨ ਮਰਨ ਵਰਤ ਤੇ ਬੈਠੇ ਕਿਸਾਨਾਂ ਨੂੰ ਚੱਕਣ ਦੀ ਤਾਂਘ ਵਿੱਚ ਹੈ ਉਹਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਸਰਕਾਰ ਨੇ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਜੱਥੇਬੰਦੀ ਕਿਸੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀ ਕਰੇਗੀ ਅਤੇ ਫੇਰ ਉਹ ਧਰਨਾ ਇਕੱਲੇ ਫਿਰੋਜ਼ਪੁਰ ਦਾ ਨਹੀਂ ਪੂਰੇ ਪੰਜਾਬ ਦੇ ਅੰਦੋਲਨ ਦਾ ਰੂਪ ਧਾਰਨ ਕਰੇਗਾ ਅਤੇ ਜਦੋ ਤੱਕ ਕਿਸਾਨਾਂ ਨੂੰ ਉਹਨਾਂ ਦੇ ਹੱਕ ਨਹੀ ਮਿਲਦੇ ਫੇਰ ਉਹ ਮੋਰਚਾ ਉਸ ਸਮੇਂ ਤੱਕ ਜਾਰੀ ਰਹੇਗਾ।