ਸ਼ਹੀਦੀ ਸਮਾਰਕ ਹੁਸੈਨੀਵਾਲਾ ਦੇ ਕਾਇਆ ਕਲਪ ਲਈ ਹੋ ਰਹੇ ਹਨ ਵੱਡੇ ਉਪਰਾਲੇ
ਯਾਦਗਾਰੀ ਵਿਕਰੀ ਕੇਂਦਰ ਦਾ 23 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਉਦਘਾਟਨ
ਸ਼ਹੀਦੀ ਸਮਾਰਕ ਹੁਸੈਨੀਵਾਲਾ ਦੇ ਕਾਇਆ ਕਲਪ ਲਈ ਹੋ ਰਹੇ ਹਨ ਵੱਡੇ ਉਪਰਾਲੇ
ਸ਼ਹੀਦੀ ਯਾਦਗਾਰ ਤੇ ਸਹੂਲਤਾਂ ਵੱਧਣ ਨਾਲ ਸੈਲਾਨੀਆਂ ਦੀ ਗਿਣਤੀ ਵਿੱਚ ਹੋਵੇਗਾ ਵਾਧਾ
ਡਿਪਟੀ ਕਮਿਸ਼ਨਰ ਨੇ ਯਾਦਗਾਰੀ ਚਿੰਨ੍ਹ, ਵਿਕਰੀ ਕੇਂਦਰ, ਸ਼ਹੀਦਾਂ ਸਬੰਧੀ ਸਾਈਨ ਬੋਰਡ, ਸਟੀਲ ਬੋਰਡ, ਸਫਾਈ ਸਮੇਤ ਕੀਤੇ ਵੱਡੇ ਉਪਰਾਲੇ
ਯਾਦਗਾਰੀ ਵਿਕਰੀ ਕੇਂਦਰ ਦਾ 23 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਉਦਘਾਟਨ
ਹੁਸੈਨੀਵਾਲਾ ਵਿਖੇ ਸਕੂਲੀ ਬੱਚਿਆਂ ਦੇ ਵਿੱਦਿਅਕ ਟੂਰ ਲਗਾਏ ਜਾਣਗੇ
ਫ਼ਿਰੋਜ਼ਪੁਰ, 22 ਮਾਰਚ 2023.
ਜਿੱਥੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵਿਕਾਸ ਲਈ ਹੰਭਲੇ ਮਾਰੇ ਜਾ ਰਹੇ ਹਨ। ਸਾਡੇ ਕੌਮੀ ਸ਼ਹੀਦਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਆਦਿ ਦੀਆਂ ਹੁਸੈਨੀਵਾਲਾ ਵਿਖੇ ਸਥਿਤ ਕੌਮੀ ਯਾਦਗਾਰਾਂ ਦੀ ਸੰਭਾਲ, ਨਵੀਨੀਕਰਨ ਕਰਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਲਈ ਸਹੂਲਤਾਂ ਮੁਹੱਈਆ ਕਰਵਾ ਕੇ ਹੋਰ ਖਿੱਚ ਦਾ ਕੇਂਦਰ ਬਣਾਉਣ ਲਈ ਵੱਡੇ ਉਪਰਾਲੇ ਆਰੰਭੇ ਗਏ ਹਨ।
ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ 23 ਮਾਰਚ ਦੇ ਸ਼ਹੀਦੀ ਸਮਾਗਮ ਨੂੰ ਮੁੱਖ ਰੱਖਦਿਆਂ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਦਰਸਾਉਂਦੇ 5 ਵੱਡ ਅਕਾਰੀ ਡਿਜੀਟਲ ਪ੍ਰਿਟਿੰਗ ਹੋਰਡਿੰਗਜ਼ ਲਗਾਏ ਗਏ ਹਨ ਜੋ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਕੌਮੀ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਬਾਰੇ ਇਤਿਹਾਸ ਦੀ ਜਾਣਕਾਰੀ ਦੇਣਗੇ। ਇਸੇ ਤਰ੍ਹਾਂ ਕੌਮੀ ਯਾਦਗਾਰਾਂ ਦੇ ਸਥਾਨ ਤੇ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ “ਯਾਦਗਾਰੀ ਚਿੰਨ੍ਹ” ਦੇ ਵਿਕਰੀ ਕੇਂਦਰ ਦਾ ਵੀ ਆਗਾਜ਼ ਕੀਤਾ ਜਾ ਰਿਹਾ ਹੈ ਜਿਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ 23 ਮਾਰਚ ਨੂੰ ਕੀਤਾ ਜਾਵੇਗਾ। ਇਸ ਯਾਦਗਾਰੀ ਵਿਕਰੀ ਕੇਂਦਰ ਤੇ ਸ਼ਹੀਦਾਂ ਨਾਲ ਸਬੰਧਤ ਆਕਰਸ਼ਿਤ ਯਾਦਗਾਰੀ ਚਿੰਨ੍ਹ ਉਪਲਬੱਧ ਹੋਣਗੇ ਜੋ ਸੈਲਾਨੀਆਂ ਦੇ ਇੱਥੇ ਆਉਣ ਦੀ ਯਾਦ ਨੂੰ ਤਾਜ਼ਾ ਰੱਖਣਗੇ। ਇਸ ਤੋਂ ਇਲਾਵਾ ਇੱਥੋਂ ਚੱਲਣ ਵਾਲੀ ਵਰਚੁਅਲ ਟਰੇਨ ਸਬੰਧੀ ਜਾਣਕਾਰੀ ਤੇ ਕੇਸਰ-ਏ-ਹਿੰਦ ਪੁੱਲ ਬਾਰੇ ਜਾਣਕਾਰੀ ਵੀ ਵਧੀਆ ਪੱਥਰਾਂ ਤੇ ਅੰਕਿਤ ਕੀਤੀ ਗਈ ਹੈ ਤਾਂ ਜੋ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਏਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਮਹੁੱਈਆ ਕਰਵਾਈ ਜਾ ਸਕੇ।
ਡਿਪਟੀ ਕਮਿਸ਼ਨਰ ਵੱਲੋਂ ਸ਼ਹੀਦੀ ਸਮਾਰਕ ਦੇ ਦੁਆਲੇ ਬਹੁਤ ਹੀ ਵਧੀਆ ਸਟੀਲ ਦੀਆਂ ਪਲੇਟਾਂ ਤੇ ਸਟੈਂਡ ਸਹਿਤ ਸ਼ਹੀਦ ਭਗਤ ਸਿੰਘ ਸਮੇਤ ਸਾਥੀਆਂ ਦੀ ਜਾਣਕਾਰੀ ਅਤੇ ਉਨ੍ਹਾਂ ਵੱਲੋਂ ਆਪਣੇ ਸਬੰਧੀਆਂ/ਸਾਥੀਆਂ ਨੂੰ ਲਿਖੀਆਂ ਗਈਆਂ ਚਿੱਠੀਆਂ ਦੀ ਜਾਣਕਾਰੀ ਅੰਕਿਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦੀ ਸਮਾਰਕ ਦੇ ਵਿਕਾਸ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹੀਦੀ ਸਮਾਰਕ ਨੂੰ ਹੋਰ ਆਕਰਸ਼ਿਤ ਬਣਾਉਣ ਲਈ ਵੀ ਵੱਡੇ ਉਪਰਾਲੇ ਆਰੰਭੇ ਜਾ ਰਹੇ ਹਨ ਤਾਂ ਜੋ ਇਥੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸਰਧਾਲੂਆਂ/ਸੈਲਾਨੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋ ਸਕੇ। ਉਨ੍ਹਾਂ ਕਿਹਾ ਕਿ ਸ਼ਹੀਦ ਸਾਡੇ ਪ੍ਰੇਰਣਾ ਸਰੋਤ ਹਨ ਤੇ ਇਨ੍ਹਾਂ ਸਬੰਧੀ ਜਾਣਕਾਰੀ ਨੂੰ ਘਰ-ਘਰ ਪਹੁੰਚਾਉਣਾ ਸਾਡੇ ਸਾਰਿਆਂ ਦਾ ਫਰਜ਼ ਹੈ। ਜਿੱਥੇ ਸਰਹੱਦ ਤੇ ਹੋਣ ਵਾਲੀ ਰੀਟਰੀਟ ਸਰਮਨੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ ਉਥੇ ਹੀ ਸ਼ਹੀਦਾਂ ਦੀ ਜਾਣਕਾਰੀ ਤੇ ਕੁਰਬਾਨੀਆਂ ਸਬੰਧੀ ਰੌਸ਼ਨੀ ਤੇ ਆਵਾਜ਼ (ਲਾਈਟ ਐਂਡ ਸਾਊਂਡ) ਸ਼ੋਅ ਵੀ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਕੂਲੀ ਬੱਚਿਆਂ ਦੇ ਵਿੱਦਿਅਕ ਟੂਰ ਵੀ ਹੁਸੈਨੀਵਾਲਾ ਵਿਖੇ ਲਿਆਉਣ ਦੇ ਉਪਰਾਲੇ ਕੀਤੇ ਜਾਣਗੇ।