ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੂੰਝਾ ਫੇਰ ਜਿੱਤ ਦਰਜ ਕਰੇਗਾ : ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੂੰਝਾ ਫੇਰ ਜਿੱਤ ਦਰਜ ਕਰੇਗਾ : ਸੁਖਬੀਰ ਸਿੰਘ ਬਾਦਲ
ਜਲਾਲਾਬਾਦ, 12 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਮੌਜੂਦਾ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੂੰਝਾ ਫੇਰ ਜਿੱਤ ਦਰਜ ਕਰੇਗਾ ਅਤੇ ਲੋਕਾਂ ਨੇ ਸੂਬੇ ਦੀ ਵਾਗਡੋਰ ਗਠਜੋੜ ਦੇ ਹੱਥ ਸੌਂਪਣ ਦਾ ਮਨ ਬਣਾ ਲਿਆ ਹੈ ਤੇ ਗਠਜੋੜ ਹੀ ਸੂਬੇ ਨੁੰ ਮੁੜ ਵਿਕਾਸ ਦੀ ਲੀਹ ’ਤੇ ਪਾਏਗਾ ਤੇ ਸਮਾਜ ਭਲਾਈ ਸਕੀਮਾਂ ਮੁੜ ਸ਼ੁਰੂ ਕਰੇਗਾ।
ਇਸ ਹਲਕੇ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਹੂੰਝਾ ਫੇਰ ਜਿੱਤ ਦਰਜ ਕਰੇਗਾ ਅਤੇ 80 ਤੋਂ ਜ਼ਿਆਦਾ ਸੀਟਾਂ ਜਿੱਤੇਗਾ। ਉਹਨਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਤੇ ਘਰ ਘਰ ਨੌਕਰੀ ਪ੍ਰਦਾਨ ਕਰਨ ਤੋਂ ਇਲਾਵਾ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 51000 ਰੁਪਏ ਕਰਨ ਤੇ ਬੁਢਾਪਾ ਪੈਨਸ਼ਨ ਦੀ ਰਾਸ਼ੀ ਵਧਾਉਣ ਸਮੇਤ ਹੋਰ ਵਾਅਦੇ ਪੂਰੇ ਨਾ ਕਰਨ ’ਤੇ ਕਾਂਗਰਸ ਪਾਰਟੀ ਨੂੰ ਸਜ਼ਾ ਦੇਣਗੇੇ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰ ਕੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਬਦਲਣ ਦੇ ਬਾਅਦ ਵੀ ਕਾਂਗਰਸ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਉਹਨਾਂ ਕਿਹਾ ਕਿ ਬਜਾਏ ਲੋਕਾਂ ਨੁੰ ਰਾਹਹਤ ਦੇਣ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੇਤ ਮਾਫੀਆ ਦੀ ਸਰਪ੍ਰਸਤੀ ਕਰਦੇ ਰਹੇ ਅਤੇ ਚੰਗੀਆਂ ਤਾਇਨਾਤੀਆਂ ਦਾ ਲਾਲਚ ਦੇ ਕੇ ਅਫਸਰਾਂ ਨੁੰ ਲੁੱਟਦੇ ਰਹੇ। ਉਹਨਾਂ ਕਿਹਾ ਕਿ ਚੰਨੀ ਦਾ 111 ਦਿਨਾਂ ਦਾ ਕਾਰਜਕਾਲ ਸੂਬੇ ਦੇ ਇਤਿਹਾਸ ਵਿਚ ਸਭ ਤੋਂ ਭ੍ਰਿਸ਼ਟ ਸਮੇਂ ਵਜੋਂ ਯਾਦ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਸੁਪਰੀਮ ਕੋਰਟ ਵਿਚ ਪੀ ਆਈ ਐਲ ਦਾਇਰ ਕਰ ਕੇ ਆਪਣੇ ਪੰਜਾਬ ਵਿਰੋਧੀ ਮਨਸੂਬੇ ਦਰਸਾ ਦਿੱਤੇ ਹਨ। ਕੇਜਰੀਵਾਲ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਚਾਰੋ ਥਰਮਲ ਪਲਾਂਟ ਬੰਦ ਕਰਵਾਏ ਜਾਣ, ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਦਿੱਲੀ ਤੇ ਹਰਿਆਣਾ ਨੁੰ ਹਿੱਸਾ ਦਿੱਤਾ ਜਾਵੇ ਅਤੇ ਪੰਜਾਬ ਦੇ ਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬੀ ਆਮ ਆਦਮੀ ਪਾਰਟੀ ਨੁੰ ਇਸਦੀ ਮੰਗ ਅਨੁਸਾਰ ਮੌਕਾ ਦੇ ਕੇ ਪੰਜ ਸਾਲ ਹੋਰ ਬਰਬਾਦ ਕਰਨ ਦਾ ਜ਼ੋਖ਼ਮ ਨਹੀਂ ਚੁੱਕ ਸਕਦੇ ਅਤੇ ਇਹ ਅਕਾਲੀ ਦਲ ਤੇ ਬਸਪਾ ਗਠਜੋੜ ਦੀਆਂ ਸਮੇਂ ਦੀ ਕਸਵੱਟੀ ’ਤੇ ਪਰਖੀਆਂ ਵਿਕਾਸ ਪੱਖੀ ਨੀਤੀਆਂ ਦੇ ਹੱਕ ਵਿਚ ਭੁਗਤਣਗੇੇ।
ਸਰਦਾਰ ਬਾਦਲ ਨੇ ਪੰਜਾਬੀਆਂ ਨੁੰ ਅਪੀਲ ਕੀਤੀ ਕਿ ਉਹ ਬਾਹਰੀ ਲੋਕਾਂ ਨੂੰ ਠੁਕਰਾ ਦੇਣ ਅਤੇ ਕਿਹਾ ਕਿ ਸਿਰਫ ਅਕਾਲੀ ਦਲ ਤੇ ਬਸਪਾ ਗਠਜੋੜ ਹੀ ਲੋਕਾਂ ਦੀਆਂ ਖੇਤਰੀ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ। ਉਹਨਾਂ ਕਿਹਾ ਕਿ ਦੇਸ਼ ਭਰ ਅਤੇ ਵਿਸ਼ਵ ਭਰ ਦੇ ਪੰਜਾਬੀ ਆਪਣੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਅਕਾਲੀ ਦਲ ਵੱਲ ਵੇਖਦੇ ਹਨ ਅਤੇ ਦੁਨੀਆਂ ਭਰ ਦੇ ਪੰਜਾਬੀਆਂ ਨੁੰ ਦਰਪੇਸ਼ ਮੁਸ਼ਕਿਲਾਂ ਸਫਲਤਾਪੂਰਵਕ ਹੱਲ ਕੀਤੀਆਂ ਜਾਣ।
ਅਕਾਲੀ ਦਲ ਤੇ ਬਸਪਾ ਗਠਜੋੜ ਦੇ ਏਜੰਡੇ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੱਟ ਗਏ ਨੀਲੇ ਕਾਰਡ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ ਅੰਦਰ ਬਹਾਲ ਕੀਤੇ ਜਾਣਗੇ। ਉਹਨਾਂ ਕਿਹਾ ਕਿ ਗਰੀਬ ਪਰਿਵਾਰਾਂ ਦੀ ਅਗਵਾਈ ਕਰਦੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ, ਸਾਰੇ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 400 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ, ਹਰੇਕ ਦਾ 10 ਲੱਖ ਰੁਪਏ ਦਾ ਮੈਡੀਕਲਾ ਬੀਮਾ ਕਰਵਾਇਆ ਜਾਵੇਗਾ ਅਤੇ ਉਚੇਰੀ ਸਿੱਖਿਆ ਦੇ ਯੋਗ ਵਿਦਿਆਰਥੀਆਂ ਨੁੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ 33 ਫੀਸਦੀ ਸੀਟਾਂ ਰਾਖਵੀਂਆਂ ਰੱਖੀਆਂ ਜਾਣਗੀਆਂ ਅਤੇ ਸਾਰੇ ਬੇਘਰੇ ਲੋਕਾਂ ਨੁੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ ਤੇ ਫਾਜ਼ਿਲਕਾ ਵਿਚ 500 ਬੈਡਾਂ ਦਾ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਨਵੀਂਆਂ ਡਿਸਟ੍ਰੀਬਿਊਟਰੀਆਂ ਬਣਾ ਕੇ ਖਾਲਾਂ ਦੇ ਸਿਰੇ ਤੱਕ ਪਾਣੀ ਪਹੁੰਚਦਾ ਕਰੇਗੀ ਅਤੇ ਅੰਡਰਾ ਗਰਾਉਂਡ ਪਾਈਪਾਂ ਨਾਲ ਪਾਣੀ ਦੀ ਸਪਲਾਈ ਕਰੇਗੀ। ਉਹਨਾਂ ਕਿਹਾ ਕਿ ਅਸੀਂ ਇਸ ਇਲਾਕੇ ਵਿਚੋਂ ਸਿਜਾਈ ਲਈ ਪਾਣੀ ਦੀ ਘਾਟ ਦੂਰ ਕਰਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ, ਗੁਰਪਾਲ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਦਿਹਾਤੀ, ਅਸ਼ੋਕ ਅਨੇਜਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦਿਹਾਤੀ, ਬਲਵਿੰਦਰ ਸਿੰਘ ਗੋਰਾਇਆ, ਦਰਸ਼ਨ ਸਿੰਘ ਮੋਤੇਵਾਲ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਕਰਨਵੀਰ ਸਿੰਘ ਗੁੱਲੂ ਗੋਰਾਇਆ ਵੀ ਹਾਜ਼ਰ ਸਨ।