ਸੀ.ਐਮ. ਦੀ ਯੋਗਸ਼ਾਲਾ ਵਿੱਚ ਯੋਗ ਕਰਕੇ ਲੋਕ ਹੋ ਰਹੇ ਹਨ ਤੰਦਰੁਸਤ
ਜ਼ਿਲ੍ਹੇ ਵਿੱਚ 95 ਯੋਗ ਕਲਾਸਾਂ 'ਚ 3500 ਦੇ ਕਰੀਬ ਲੋਕ ਯੋਗ ਕਰ ਕੇ ਲੈ ਰਹੇ ਹਨ ਲਾਭ - ਡੀ.ਸੀ.
ਸੀ.ਐਮ. ਦੀ ਯੋਗਸ਼ਾਲਾ ਵਿੱਚ ਯੋਗ ਕਰਕੇ ਲੋਕ ਹੋ ਰਹੇ ਹਨ ਤੰਦਰੁਸਤ
ਜ਼ਿਲ੍ਹੇ ਵਿੱਚ 95 ਯੋਗ ਕਲਾਸਾਂ ‘ਚ 3500 ਦੇ ਕਰੀਬ ਲੋਕ ਯੋਗ ਕਰ ਕੇ ਲੈ ਰਹੇ ਹਨ ਲਾਭ – ਡੀ.ਸੀ.
ਫ਼ਿਰੋਜ਼ਪੁਰ, 8 ਮਈ 2025: ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਣ ਲਈ ਰਾਜ ਵਿੱਚ ਸੀ.ਐਮ. ਦੀ ਯੋਗਸ਼ਾਲਾ ਪ੍ਰੋਜੈਕਟ ਅਕਤੂਬਰ 2023 ‘ਚ ਸਾਰੇ ਸ਼ਹਿਰਾਂ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਫ਼ਿਰੋਜ਼ਪੁਰ ਵਾਸੀ ਵੀ ਵੱਧ ਤੋਂ ਵੱਧ ਲਾਭ ਲੈ ਰਹੇ ਹਨ। ਯੋਗ ਲੋਕਾਂ ਲਈ ਮਾਨਸਿਕ ਅਤੇ ਸਰੀਰਿਕ ਪ੍ਰੇਸ਼ਾਨੀਆਂ/ਬੀਮਾਰੀਆਂ ਤੋਂ ਛੁਟਕਾਰਾ ਪਾਉਣ ਵਿੱਚ ਸਹਾਈ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਅਧੀਨ ਲੋਕਾਂ ਲਈ ਜ਼ਿਲ੍ਹੇ ਭਰ ਵਿੱਚ 95 ਤੋਂ ਵੱਧ ਥਾਵਾਂ ‘ਤੇ ਮੁਫ਼ਤ ਯੋਗ ਕਲਾਸ ਸਵੇਰੇ ਸ਼ਾਮ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿੱਚ ਕਿਸੇ ਵਿਅਕਤੀ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਅਤੇ ਪੰਜਾਬ ਸਰਕਾਰ ਵੱਲੋਂ ਨਿਯੁਕਤ ਯੋਗ ਟ੍ਰੇਨਰ ਇਨ੍ਹਾਂ ਕਲਾਸਾਂ ਵਿੱਚ ਲੋਕਾਂ ਨੂੰ ਯੋਗ ਕਰਵਾਉਂਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੀ ਭੱਜ-ਨੱਠ ਭਰੀ ਜ਼ਿੰਦਗੀ ਵਿੱਚੋਂ ਆਪਣੇ ਲਈ ਸਮਾਂ ਕੱਢ ਕੇ ਆਪਣੇ ਨਜ਼ਦੀਕ ਦੀ ਯੋਗ ਕਲਾਸ ਦਾ ਲਾਭ ਜ਼ਰੂਰ ਲੈਣ, ਕਿਉਂਕਿ ਨਿਰੋਗੀ ਸਰੀਰ ਹੀ ਸਭ ਤੋਂ ਵੱਡਾ ਧਨ ਹੁੰਦਾ ਹੈ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਸੀ.ਐਮ. ਦੀ ਯੋਗਸ਼ਾਲਾ ਪ੍ਰੋਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਪ੍ਰੋਜੈਕਟ ਤਹਿਤ ਬਿਲਕੁਲ ਮੁਫ਼ਤ ਯੋਗਾ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਕੁੱਲ 17 ਟ੍ਰੇਨਰ ਨਿਯੁਕਤ ਕੀਤੇ ਗਏ ਹਨ ਜੋ ਫ਼ਿਰੋਜ਼ਪੁਰ ਦੇ ਤਹਿਸੀਲਾਂ, ਬਲਾਕਾਂ, ਪਿੰਡਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਸੀ.ਐਮ. ਦੀ ਯੋਗਸ਼ਾਲਾ ਦੀਆਂ ਸਵੇਰੇ-ਸ਼ਾਮ ਕਲਾਸਾਂ ਲੈ ਕੇ ਲੋਕਾਂ ਨੂੰ ਯੋਗ ਸਿਖਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੀ.ਐਮ. ਦੀ ਯੋਗਸ਼ਾਲਾ ਨੂੰ ਜ਼ਿਲ੍ਹੇ ਦੇ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਰ ਇੱਕ ਟ੍ਰੇਨਰ ਆਪਣੀ ਸੇਵਾ ਬੜੀ ਬਾਖੂਬੀ ਦੇ ਨਾਲ ਨਿਭਾ ਰਿਹਾ ਹੈ। ਯੋਗ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਯੋਗ ਦੇ ਫਾਇਦਿਆਂ, ਸਿਹਤਮੰਦ ਜੀਵਨਸ਼ੈਲੀ ਅਤੇ ਚੰਗੀ ਖੁਰਾਕ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਮੁਫ਼ਤ ਯੋਗਸ਼ਾਲਾ ਦੇ ਵਿੱਚ ਹਰ ਵਰਗ ਦੇ ਲੋਕ ਬੱਚੇ, ਨੌਜਵਾਨ, ਔਰਤਾਂ ਅਤੇ ਬਜ਼ੁਰਗ ਭਾਗ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਗਲੀ ਮੁਹੱਲੇ ਦੇ ਵਿੱਚ ਲੋਕ ਮੁਫ਼ਤ ਯੋਗ ਕਲਾਸ ਲਗਵਾਉਣਾ ਚਾਹੁੰਦੇ ਹਨ ਤਾਂ ਉਹ 25 ਮੈਂਬਰਾਂ ਦਾ ਇੱਕ ਗਰੁੱਪ ਬਣਾ ਕੇ ਫੋਨ ਨੰਬਰ 76694-00500 ਉੱਪਰ ਮਿਸਡ ਕਾਲ ਕਰ ਸਕਦੇ ਹਨ ਜਾਂ ਫੋਨ ਨੰਬਰ 78888-40115 ‘ਤੇ ਵੀ ਕਾਲ ਕਰ ਸਕਦੇ ਹਨ ਇਸ ਤੋਂ ਇਲਾਵਾ http://cmdiyogshala.punjab.gov.in ‘ਤੇ ਵੀ ਰਜਿਸਟ੍ਰੇਸ਼ਨ ਕਰ ਸਕਦੇ ਹਨ।