ਵਿਧਾਇਕ ਰਜਨੀਸ਼ ਦਹੀਆ ਦੀ ਮਿਹਨਤ ਲਿਆਈ ਰੰਗ, ਸ਼੍ਰੀ ਹਜੂਰ ਸਾਹਿਬ ਨੂੰ ਚੱਲੇਗੀ ਸਪੈਸ਼ਲ ਟ੍ਰੇਨ
ਵਿਧਾਇਕ ਬਣਨ ਦੇ ਤਿੰਨ ਮਹੀਨੇ ਬਾਅਦ ਹੀ ਡੀਆਰਐਮ ਸੀਮਾ ਸ਼ਰਮਾ ਨੂੰ ਦਿੱਤਾ ਸੀ ਮੰਗ ਪੱਤਰ
ਵਿਧਾਇਕ ਰਜਨੀਸ਼ ਦਹੀਆ ਦੀ ਮਿਹਨਤ ਲਿਆਈ ਰੰਗ, ਸ਼੍ਰੀ ਹਜੂਰ ਸਾਹਿਬ ਨੂੰ ਚੱਲੇਗੀ ਸਪੈਸ਼ਲ ਟ੍ਰੇਨ
ਵਿਧਾਇਕ ਬਣਨ ਦੇ ਤਿੰਨ ਮਹੀਨੇ ਬਾਅਦ ਹੀ ਡੀਆਰਐਮ ਸੀਮਾ ਸ਼ਰਮਾ ਨੂੰ ਦਿੱਤਾ ਸੀ ਮੰਗ ਪੱਤਰ
ਫ਼ਿਰੋਜ਼ਪੁਰ, 8 ਮਈ , 2025: ਪੰਜਾਬ ਦੇ ਗੁਰਮੁਖ ਪਰਿਵਾਰਾਂ ਅਤੇ ਸਮੂਹ ਸਿੱਖ ਸੰਗਤਾਂ ਲਈ ਹੁਣ ਸੱਚਖੰਡ ਸਾਹਿਬ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਫਿਰੋਜ਼ਪੁਰ ਛਾਉਣੀ ਤੋਂ ਸਪੈਸ਼ਲ ਰੇਲ ਗੱਡੀ ਚਲੇਗੀ। ਇਹ ਰੇਲ ਗੱਡੀ ਹਰ ਸ਼ੁਕਰਵਾਰ ਬਾਅਦ ਦੁਪਹਿਰ 01:25 ਵਜੇ ਤੇ ਫਿਰੋਜ਼ਪੁਰ ਛਾਉਣੀ ਤੋਂ ਚੱਲੇਗੀ ਅਤੇ ਐਤਵਾਰ ਕਰੀਬ 03:00 ਵਜੇ ਸਵੇਰੇ ਨੰਦੇੜ ਸਾਹਿਬ ਪਹੁੰਚੇਗੀ।
ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੇ ਦੱਸਿਆ ਕਿ ਉਨਾਂ ਵੱਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਸਪੈਸ਼ਲ ਰੇਲ ਗੱਡੀ ਚਲਾਉਣ ਲਈ 10 ਮਈ 2022 ਨੂੰ ਰੇਲ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਉਸ ਵੇਲੇ ਦੀ ਡਿਵੀਜ਼ਨਲ ਰੇਲ ਮੈਨੇਜਰ ਸੀਮਾ ਸ਼ਰਮਾ ਨੂੰ ਦਿੱਤਾ ਗਿਆ ਸੀ। ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਫਿਰੋਜ਼ਪੁਰ ਦਿਹਾਤੀ ਸਮੇਤ ਫਿਰੋਜ਼ਪੁਰ ਜ਼ਿਲ੍ਹੇ ਦੀ ਬਹੁਤ ਸਾਰੀ ਸਾਧ ਸੰਗਤ ਸ੍ਰੀ ਹਜ਼ੂਰ ਸਾਹਿਬ ਦਰਸ਼ਨਾਂ ਲਈ ਜਾਂਦੀ ਹੈ। ਨੰਦੇੜ ਸਾਹਿਬ ਜਾਣ ਵਾਸਤੇ ਫਿਰੋਜ਼ਪੁਰ ਤੋਂ ਕੋਈ ਵੀ ਸਪੈਸ਼ਲ ਗੱਡੀ ਜਾਂ ਸਿੱਧੀਆਂ ਸੇਵਾਵਾਂ ਨਹੀਂ ਸਨ। ਇਸ ਰੇਲ ਗੱਡੀ ਦੇ ਚੱਲਣ ਨਾਲ ਸਮੂਹ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਹੁਣ ਇਲਾਕੇ ਅਤੇ ਜਿਲੇ ਵਿੱਚੋਂ ਬਹੁਤ ਸਾਰੀ ਸਿੱਖ ਸੰਗਤ ਨੰਦੇੜ ਸਾਹਿਬ ਦਰਸ਼ਨਾਂ ਲਈ ਜਾਇਆ ਕਰੇਗੀ। ਰੇਲ ਗੱਡੀ ਦੇ ਚੱਲਣ ਨਾਲ ਲੋਕਾਂ ਨੂੰ ਜਿੱਥੇ ਆਰਾਮਦਾਇਕ ਸਫਰ ਮਿਲੇਗਾ ਉੱਥੇ ਹੀ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਬਹੁਤ ਵੱਡਾ ਲਾਭ ਮਿਲੇਗਾ।
ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਇਹ ਮੰਗ ਪੱਤਰ ਡੀਆਰ ਐਮ ਸੀਮਾ ਸ਼ਰਮਾ ਨੂੰ ਦਿੱਤਾ ਗਿਆ ਸੀ ਤਾਂ ਉਸ ਵੇਲੇ ਮੈਡਮ ਸ਼ਰਮਾ ਨੇ ਗੁਰੂਘਰ ਦੀ ਸੇਵਾ ਵਿੱਚ ਗੱਡੀ ਚਲਾਉਣ ਲਈ ਪੂਰੀ ਕੋਸ਼ਿਸ਼ਾਂ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ।
ਸਮੂਹ ਸਿੱਖ ਸਾਧ ਸੰਗਤ ਨੂੰ ਵਧਾਈ ਦਿੰਦੇ ਹੋਏ ਵਿਧਾਇਕ ਰਜਨੀਸ਼ ਦਹੀਆ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।