
ਸਰਕਾਰੀ ਮੁਲਾਜ਼ਮਾਂ ਦਾ ਸੰਘਰਸ਼ ਹੋਰ ਭੱਖਿਆ, ਮੁਲਾਜ਼ਮਾਂ ਦੀ ਹੜਤਾਲ ਕਾਰਨ ਸਮੁੱਚਾ ਸਰਕਾਰੀ ਕੰਮ ਕਾਜ ਠੱਪ ਕਲੈਰੀਕਲ ਕਾਮਿਆਂ ਨੇ ਘੜੇ ਭੰਨਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ

ਸਰਕਾਰੀ ਮੁਲਾਜ਼ਮਾਂ ਦਾ ਸੰਘਰਸ਼ ਹੋਰ ਭੱਖਿਆ, ਮੁਲਾਜ਼ਮਾਂ ਦੀ ਹੜਤਾਲ ਕਾਰਨ ਸਮੁੱਚਾ ਸਰਕਾਰੀ ਕੰਮ ਕਾਜ ਠੱਪ
ਕਲੈਰੀਕਲ ਕਾਮਿਆਂ ਨੇ ਘੜੇ ਭੰਨਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ
ਫਿਰੋਜ਼ਪੁਰ, 8 ਸਤੰਬਰ, 2026: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਢੇ ਸੰਘਰਸ਼ ਤਹਿਤ ਸ਼ੁਰੂ ਕੀਤੀ ਗਈ ਕਲਮ ਛੋੜ/ ਕੰਪਿਊਟਰ ਬੰਦ ਹੜਤਾਲ ਤਹਿਤ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੁੱਚੇ ਸਰਕਾਰੀ ਦਫਤਰਾਂ ਦਾ ਕੰਮ ਕਾਜ ਮੁਕੰਮਲ ਤੌਰ ਤੇ ਠੱਪ ਰਿਹਾ । ਦਫਤਰੀ ਕਾਮੇ ਆਪਣਾ ਕੰਮ ਕਾਜ ਠੱਪ ਕਰਕੇ ਸੂਬਾ ਸਰਕਾਰ ਖਿਲਾਫ ਨਾਹਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਰ ਕਰਦੇ ਰਹੇ ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਸਥਿਤ ਸਮੁੱਚੇ ਸਰਕਾਰੀ ਦਫਤਰੀ ਵਿੱਚ ਮੁਕੰਮਲ ਹੜਤਾਲ ਰਹੀ ਅਤੇ ਦਫਤਰੀ ਕਾਮਿਆਂ ਨੇ ਇੱਕਠੇ ਹੋ ਕੇ ਸ: ਪਿੱਪਲ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ. ਫਿਰੋਜ਼ਪੁਰ ਦੀ ਅਗਵਾਈ ਹੇਠ ਵੱਖ ਵੱਖ ਦਫਤਰਾਂ ਸਾਹਮਣੇ ਰੋਸ ਰੈਲੀਆਂ ਕੀਤੀਆਂ ਗਈਆਂ ਜਿਸ ਵਿਚ ਸੈਂਕੜੇ ਮੁਲਾਜ਼ਮਾਂ ਨੇ ਇੱਕਠੇ ਹੋ ਕੇ ਸਰਕਾਰ ਖਿਲਾਫ ਜ਼ਬਰਦਸਤ ਨਾਹਰੇਬਾਜ਼ੀ ਕੀਤੀ।
ਇਸ ਮੌਕੇ ਮੁਲਾਜ਼ਮਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆ ਮੁਲਾਜ਼ਮ ਆਗੂ ਸੋਨੂੰ ਕਸ਼ਅਪ ਜ਼ਿਲ੍ਹਾ ਜਨਰਲ ਸਕੱਤਰ, ਪ੍ਰਦੀਪ ਵਿਨਾਇਕ ਜ਼ਿਲ੍ਹਾ ਖਜਾਨਚੀ, ਜਗਸੀਰ ਸਿੰਘ ਭਾਂਗਰ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਸੋਢੀ ਵਾਈਸ ਚੇਅਰਮੈਨ, ਯਾਦਵਿੰਦਰ ਸਿੰਘ ਜਨਰਲ ਸਕੱਤਰ, ਦੀਪਕ ਲੂੰਬਾ ਅਤੇ ਕੁਲਦੀਪ ਕਮਿਸ਼ਨਰ ਦਫਤਰ, ਸੰਦੀਪ ਸਿੰਘ ਦਿਓਲ ਪ੍ਰਧਾਨ, ਗੁਰਤੇਜ ਸਿੰਘ ਜਨਰਲ ਸਕੱਤਰ ਡੀ.ਸੀ. ਦਫਤਰ, ਜੁਗਲ ਕਿਸ਼ੋਰ ਆਨੰਦ ਲੋਕ ਨਿਰਮਾਣ ਵਿਭਾਗ, ਹਰਪ੍ਰੀਤ ਦੁੱਗਲ ਅਤੇ ਪਵਨ ਕੁਮਾਰ ਖਜ਼ਾਨਾ ਦਫਤਰ, ਵਰੁਣ ਕੁਮਾਰ ਸੂਬਾ ਆਗੂ ਸਿੱਖਿਆ ਵਿਭਾਗ, ਹਰਮੀਤ ਮੱਲੀ ਫੂਡ ਸਪਲਾਈ, ਮਨੋਹਰ ਲਾਲ ਸਾਬਕਾ ਪ੍ਰਧਾਨ, ਵਿਕਾਸ ਕਾਲੜਾ ਅਤੇ ਮੁੱਖਾ ਕੁਮਾਰ ਸਿਵਲ ਸਰਜਨ ਦਫਤਰ ਆਦਿ ਨੇ ਕਿਹਾ ਕਿ ਸੂਬੇ ਦੀ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋ ਪੰਜਾਬ ਦੇ ਮੁਲਾਜ਼ਮਾਂ ਨੂੰ ਲਾਰੇ ਲੱਪੇ ਅਤੇ ਝੂਠ ਮਾਰ ਮਾਰ ਕੇ ਗੁੰਮਰਾਹ ਕਰ ਰਹੀ ਹੈ ਅਤੇ ਕਿਸੇ ਵੀ ਮੁਲਾਜ਼ਮ ਮੰਗ ਦਾ ਹੱਲ ਨਹੀ ਕਰ ਸਕੀ ।
ਉਕਤ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਲੰਬੇ ਸਮੇ ਤੋ ਭਖਦੀਆਂ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਦਾ ਮੁਕੰਮਲ ਨੋਟੀਫਿਕੇਸ਼ਨ ਲਾਗੂ ਕਰਨ, 18 ਪ੍ਰਤੀਸ਼ਤ ਡੀ.ਏ. ਲਾਗੂ ਕਰਨ ਅਤੇ ਬਕਾਏ ਦੀ ਅਦਾਇਗੀ ਕਰਨ, 15-01-2015 ਦਾ ਪੱਤਰ ਰੱਦ ਕਰਨ ਅਤੇ 17-07-2020 ਦਾ ਮੁਲਾਜ਼ਮ ਮਾਰੂ ਪੱਤਰ ਰੱਦ ਕਰਨ ਦੀਆਂ ਮੰਗਾਂ ਦਾ ਹਾਲੇ ਤੱਕ ਕੋਈ ਹੱਲ ਨਹੀ ਕੱਢਿਆ ਗਿਆ ।
ਉਹਨਾਂ ਕਿਹਾ ਕਿਹਾ ਕਿ ਜੇਕਰ ਉਕਤ ਮੁਲਾਜ਼ਮ ਮੰਗਾਂ ਮੰਨਕੇ ਲਾਗੂ ਨਾ ਕੀਤੀਆਂ ਗਈਆਂ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ।
ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਸੈਂਕੜੇ ਸਾਥੀਆਂ ਨੇ ਘੜੇ ਭੰਨਕੇ ਅਤੇ ਜ਼ਬਰਦਸਤ ਨਾਹਰੇਬਾਜ਼ੀ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ।




