Ferozepur News

ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਕਰਵਾਏ ਗਏ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ

ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਕਰਵਾਏ ਗਏ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ

ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਕਰਵਾਏ ਗਏ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ

ਫ਼ਿਰੋਜ਼ਪੁਰ, 23, ਅਕਤੂਬਰ, 2026: ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ  ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਦੀ ਸਰਪ੍ਰਸਤੀ ਅਧੀਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ ਵਿਖੇ ਮਿਤੀ 23 ਅਕਤੂਬਰ 2026 ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ‘ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ’ ਦੇ ਮੁਕਾਬਲੇ ਕਰਵਾਏ ਗਏ।

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਸਕੂਲੀ ਵਿਦਿਆਰਥੀਆਂ ਦੀਆਂ ਸਾਹਿਤਕ ਅਤੇ ਕਲਾਤਮਿਕ ਰੁਚੀਆਂ ਵਿੱਚ ਪ੍ਰਫੁੱਲਤਾ ਪੈਦਾ ਕਰਨਾ ਹੈ। ਸਾਹਿਤ ਸਿਰਜਣ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਮੌਕੇ ‘ਤੇ ਦਿੱਤੇ ਹੋਏ ਵਿਸ਼ੇ ਉੱਪਰ ਕਵਿਤਾ, ਕਹਾਣੀ ਅਤੇ ਲੇਖ ਲਿਖੇ।  ਕਾਵਿ ਸਿਰਜਣ ਲਈ ਵਿਸ਼ਾ ‘ਰੁੱਖ’ ਅਤੇ ਕਹਾਣੀ ਸਿਰਜਣ ਲਈ ਵਿਸ਼ਾ ‘ਸਭਿਆਚਾਰ ਤੇ ਰਿਸ਼ਤੇ’ ਅਤੇ ਲੇਖ ਸਿਰਜਣ ਲਈ ਵਿਸ਼ਾ ‘ਨਸ਼ਾ’  ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਕਾਵਿ-ਸਿਰਜਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰਪ੍ਰੀਤ ਕੌਰ (ਸ.ਸ.ਸ.ਸ. ਮਾਨਾ ਸਿੰਘ ਵਾਲਾ), ਦੂਸਰਾ ਸਥਾਨ ਮੁਸਕਾਨਦੀਪ ਕੌਰ (ਸ.ਹ.ਸ. ਗੁੱਦੜਪੰਜ ਗਰਾਈਂ) ਅਤੇ ਤੀਸਰਾ ਸਥਾਨ ਨਵਦੀਪ ਕੌਰ (ਗੁਰੂ ਨਾਨਕ ਪਬਲਿਕ ਸ.ਸ.ਸ. ਸ਼ਕੂਰ ) ਨੇ ਪ੍ਰਾਪਤ ਕੀਤਾ। ਕਹਾਣੀ ਸਿਰਜਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰਪ੍ਰੀਤ ਕੌਰ (ਸ.ਹ.ਸ.ਵਾਹਗੇ ਵਾਲਾ), ਦੂਸਰਾ ਸਥਾਨ ਨਵਨੀਤ ਕੌਰ (ਸ.ਹ.ਸ. ਵਾੜਾ ਭਾਈ ਕਾ) ਅਤੇ ਤੀਸਰਾ ਸਥਾਨ ਹਰਪ੍ਰੀਤ ਕੌਰ (ਸ.ਹ.ਸ. ਵਾੜਾ ਭਾਈ ਕਾ) ਨੇ ਪ੍ਰਾਪਤ ਕੀਤਾ। ਲੇਖ ਸਿਰਜਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਰਮਨਵੀਰ ਕੌਰ (ਦੇਵ ਸਮਾਜ ਏ.ਵੀ. ਸ.ਸ.ਸ. ਫ਼ਿਰੋਜ਼ਸ਼ਾਹ) , ਦੂਸਰਾ ਸਥਾਨ ਕਿਰਤ (ਸ.ਹ.ਸ. ਮਨਸੂਰਦੇਵਾ) ਅਤੇ ਤੀਸਰਾ ਸਥਾਨ ਦਿਨੇਸ਼ (ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਫ਼ਿਰੋਜ਼ਪੁਰ ਛਾਉਣੀ) ਨੇ ਪ੍ਰਾਪਤ ਕੀਤੇ। ਮੁਕਾਬਲਿਆਂ ਦੇ ਦੂਜੇ ਪੜਾਅ ਵਿੱਚ ਕਵਿਤਾ ਗਾਇਨ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰਲੀਨ ਕੌਰ (ਸ.ਹ.ਸ. ਮਨਸੂਰ ਦੇਵਾ), ਦੂਸਰਾ ਸਥਾਨ ਅਰਸ਼ਦੀਪ (ਸ.ਸ.ਸ.ਸ. ਬੱਗੇ ਕੇ ਪਿੱਪਲ) ਅਤੇ ਤੀਸਰਾ ਸਥਾਨ ਸੰਦੀਪ ਕੌਰ (ਸ.ਸ.ਸ.ਸ. ਖਾਈ ਫੇਮੇ ਕੀ) ਨੇ ਪ੍ਰਾਪਤ ਕੀਤਾ। ਇਸ ਮੌਕੇ ’ਤੇ ਹੌਸਲਾ ਵਧਾਊ ਸਨਮਾਨ ਵਜੋਂ ਸ਼ਗੁਨ (ਸ.ਹ.ਸ. ਵਾਹਗੇ ਵਾਲਾ), ਮੁਸਕਾਨ (ਪੀ .ਐੱਸ. ਸ੍ਰੀ ਸ.ਹ.ਸ. ਪੀਰ ਇਸਮਾਈਲ ਖ਼ਾਂ) ਅਤੇ ਰਾਜਵਿੰਦਰ ਕੌਰ (ਐੱਸ.ਓ.ਈ. ਸ.ਸ.ਸ. ਮੱਲਾਂਵਾਲਾ ਖ਼ਾਸ) ਨੂੰ ਭਾਸ਼ਾ ਵਿਭਾਗ, ਪੰਜਾਬ ਦੀਆਂ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਸਾਹਿਤ ਮਨੁੱਖ ਨੂੰ ਮਨੁੱਖ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ ਅਤੇ ਅਜਿਹੇ ਸਾਹਿਤਕ ਅਤੇ ਕਲਾਤਮਿਕ ਉਪਰਾਲੇ ਵਿਦਿਆਰਥੀਆਂ ਦੀ ਸ਼ਖਸ਼ੀਅਤ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਆਪਣੀ ਅੰਦਰੂਨੀ ਕਲਾਤਮਿਕ ਪ੍ਰਤਿਭਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਪਣੇ ਸਵੈ ਦੇ ਪ੍ਰਗਟਾਵੇ ਦਾ ਖੁੱਲ ਕੇ ਪ੍ਰਯੋਗ ਕਰਨ ਲਈ ਪ੍ਰੇਰਿਤ੍ ਕੀਤਾ।

 ਇਸ ਮੌਕੇ ’ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ ਦੀ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਸ. ਸਤਿੰਦਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਅਜਿਹੇ ਕਲਾਤਮਿਕ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਇਨ੍ਹਾਂ ਮੁਕਾਬਲਿਆਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਵਿੱਚ ਡਾਇਰੈਕਟਰ ਸ੍ਰੀਮਤੀ ਸਿਮਰਤ ਕੌਰ ਬੇਦੀ, ਪ੍ਰਿੰਸੀਪਲ ਪਰਮਜੀਤ ਕੌਰ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਪਰਮਿੰਦਰ ਕੌਰ                ਅਤੇ ਸ੍ਰੀ ਚੇਤਨ ਕੁਮਾਰ, ਕਲਰਕ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਵਿਦਿਆਰਥੀਆਂ ਦੀਆਂ ਸਾਹਿਤਿਕ ਅਤੇ ਕਲਾਤਮਿਕ ਰੁਚੀਆਂ ਦਾ ਨਿਰੀਖਣ ਸਾਹਿਤ ਅਤੇ  ਕਲਾ ਜਗਤ ਦੀਆਂ ਮਾਣਮੱਤੀਆਂ ਸ਼ਖਸ਼ੀਅਤਾਂ ਨੇ  ਕੀਤਾ । ਨਿਰੀਖਕ ਪੈਨਲ ਵਿੱਚ ਸੁਖਜਿੰਦਰ (ਆਲੋਚਕ, ਅਨੁਵਾਦਕ ਅਤੇ ਕਵੀ), ਉੱਘੇ ਗ਼ਜ਼ਲਗੋ ਪ੍ਰੀਤ ਜੱਗੀ ਅਤੇ ਨਾਟ ਆਲੋਚਕ ਡਾ.ਸੁਰਿੰਦਰ ਕੰਬੋਜ਼ ਸ਼ਾਮਿਲ ਸਨ। ਸੁਖਜਿੰਦਰ ਅਤੇ ਪ੍ਰੀਤ ਜੱਗੀ ਨੇ ਵਿਦਿਆਰਥੀਆਂ ਨਾਲ ਇਹਨਾਂ ਵੱਖ-ਵੱਖ ਸਾਹਿਤਕ ਵਿਧਾਵਾਂ ਬਾਰੇ ਬਾਰੀਕੀ ਨਾਲ ਨੁਕਤੇ ਸਾਂਝੇ ਕੀਤੇ।

ਮੰਚ ਸੰਚਾਲਨ ਦੀ ਭੂਮਿਕਾ  ਪੰਜਾਬੀ ਅਧਿਆਪਕ ਅਤੇ ਕਲਾਕਾਰ ਅਵਤਾਰ ਸਿੰਘ ਪੁਰੀ ਨੇ ਬਹੁਤ ਹੀ ਢੁੱਕਵੇਂ ਅਤੇ ਸਾਹਿਤਕ ਅੰਦਾਜ਼ ਵਿੱਚ ਨਿਭਾਈ। ਇਹਨਾਂ ਮੁਕਾਬਲਿਆਂ ਦੇ ਅੰਤ ’ਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਭਾਸ਼ਾ ਵਿਭਾਗ, ਪੰਜਾਬ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ  ਅਧਿਆਪਕਾਂ ਨੇ ਮੁਕਾਬਲੇ ਤੋਂ ਬਿਨਾਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਇਸ ਸਮਾਗਮ ਨੂੰ ਸਿਖ਼ਰ ’ਤੇ ਪਹੁੰਚਾ ਕੇ  ਯਾਦਗਾਰੀ ਬਣਾ ਦਿੱਤਾ।

Related Articles

Leave a Reply

Your email address will not be published. Required fields are marked *

Back to top button