
6 ਸਤੰਬਰ ਨੂੰ ਪੋਲਿੰਗ ਬੂਥਾਂ ’ਤੇ ਲੱਗਣਗੇ ਵਿਸ਼ੇਸ਼ ਵੋਟਰ ਸੇਵਾ ਕੈਂਪ
ਨੌਜਵਾਨਾਂ ਅਤੇ ਪਹਿਲੀ ਵਾਰ ਵੋਟਰ ਬਣਨ ਵਾਲਿਆਂ ’ਤੇ ਰਹੇਗਾ ਵਿਸ਼ੇਸ਼ ਧਿਆਨ

6 ਸਤੰਬਰ ਨੂੰ ਪੋਲਿੰਗ ਬੂਥਾਂ ’ਤੇ ਲੱਗਣਗੇ ਵਿਸ਼ੇਸ਼ ਵੋਟਰ ਸੇਵਾ ਕੈਂਪ
ਨੌਜਵਾਨਾਂ ਅਤੇ ਪਹਿਲੀ ਵਾਰ ਵੋਟਰ ਬਣਨ ਵਾਲਿਆਂ ’ਤੇ ਰਹੇਗਾ ਵਿਸ਼ੇਸ਼ ਧਿਆਨ
ਗੁਰੂਹਰਸਹਾਏ, 5 ਸਤੰਬਰ 2026: ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਹੁਕਮਾਂ ਤਹਿਤ ਵਿਸ਼ੇਸ਼ ਗਹਿਰੀ ਸੁਧਾਈ-2026 ਦੌਰਾਨ ਵਿਧਾਨ ਸਭਾ ਹਲਕਾ 78-ਗੁਰੂਹਰਸਹਾਏ ਦੇ ਸਾਰੇ ਪੋਲਿੰਗ ਬੂਥਾਂ ’ਤੇ 6 ਸਤੰਬਰ (ਐਤਵਾਰ) ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ੇਸ਼ ਵੋਟਰ ਸੇਵਾ ਕੈਂਪ ਲਗਾਏ ਜਾਣਗੇ।
ਇਹ ਕੈਂਪ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਐਸ.ਡੀ.ਐਮ. ਗੁਰੂਹਰਸਹਾਏ ਸ. ਹਰਦੀਪ ਸਿੰਘ, ਪੀ.ਸੀ.ਐਸ. ਦੀ ਅਗਵਾਈ ਹੇਠ ਲਗਾਏ ਜਾ ਰਹੇ ਹਨ। ਇਨ੍ਹਾਂ ਦਾ ਮੁੱਖ ਉਦੇਸ਼ ਵੋਟਰਾਂ ਨੂੰ ਉਨ੍ਹਾਂ ਦੇ ਆਪਣੇ ਪੋਲਿੰਗ ਬੂਥ ’ਤੇ ਹੀ ਚੋਣ ਸਬੰਧੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ।
ਸ. ਹਰਦੀਪ ਸਿੰਘ ਨੇ ਦੱਸਿਆ ਕਿ ਕੈਂਪਾਂ ਦੌਰਾਨ 18-19 ਸਾਲ ਦੀ ਉਮਰ ਦੇ ਯੋਗ ਨੌਜਵਾਨਾਂ ਅਤੇ ਪਹਿਲੀ ਵਾਰ ਵੋਟਰ ਬਣਨ ਵਾਲੇ ਨਾਗਰਿਕਾਂ ਦੀ ਵੋਟਰ ਸੂਚੀ ਵਿੱਚ ਰਜਿਸਟ੍ਰੇਸ਼ਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਸਬੰਧਤ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਹਾਜ਼ਰ ਰਹਿ ਕੇ ਲੋਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਗੇ।
ਕੈਂਪਾਂ ਦੌਰਾਨ ਫਾਰਮ-6, ਫਾਰਮ-6ਬੀ, ਫਾਰਮ-7 ਅਤੇ ਫਾਰਮ-8 ਨਾਲ ਸਬੰਧਤ ਅਰਜ਼ੀਆਂ, ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਦਿਵਿਆਂਗ ਵੋਟਰਾਂ ਨਾਲ ਸਬੰਧਤ ਚੋਣ ਸੇਵਾਵਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਕੈਂਪਾਂ ਦੇ ਪ੍ਰਬੰਧਾਂ ਦੀ ਨਿਗਰਾਨੀ ਸੁਪਰਡੈਂਟ ਸ੍ਰੀ ਕੇਵਲ ਕ੍ਰਿਸ਼ਨ ਵੱਲੋਂ ਕੀਤੀ ਜਾ ਰਹੀ ਹੈ। ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਵੱਲੋਂ ਕੈਂਪਾਂ ਸਬੰਧੀ ਵਿਆਪਕ ਪ੍ਰਚਾਰ-ਪ੍ਰਸਾਰ ਅਤੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਇਲੈਕਸ਼ਨ ਸੈੱਲ ਦੀ ਟੀਮ ਵੱਲੋਂ ਬੂਥ ਲੈਵਲ ਅਫ਼ਸਰਾਂ ਨਾਲ ਤਾਲਮੇਲ ਕਰਕੇ ਕੈਂਪਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ।
ਚੋਣ ਪ੍ਰਸ਼ਾਸਨ ਨੇ ਹਲਕੇ ਦੇ ਸਾਰੇ ਯੋਗ ਨਾਗਰਿਕਾਂ, ਖਾਸ ਕਰਕੇ ਨੌਜਵਾਨਾਂ ਅਤੇ ਪਹਿਲੀ ਵਾਰ ਵੋਟਰ ਬਣਨ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ 6 ਸਤੰਬਰ ਨੂੰ ਆਪਣੇ ਸਬੰਧਤ ਪੋਲਿੰਗ ਬੂਥ ’ਤੇ ਪਹੁੰਚ ਕੇ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਲੋਕਤੰਤਰੀ ਪ੍ਰਕਿਰਿਆ ਵਿੱਚ ਆਪਣੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ।



