ਛੇ ਮਹੀਨਿਆਂ ਤੋਂ ਭਗੋੜੇ ਚੱਲ ਰਹੇ ਪੀਓ ਸਾਗਰ ਨੂੰ ਆਰਪੀਐਫ ਨੇ ਘਰੋਂ ਕੀਤਾ ਕਾਬੂ
ਛੇ ਮਹੀਨਿਆਂ ਤੋਂ ਭਗੋੜੇ ਚੱਲ ਰਹੇ ਪੀਓ ਸਾਗਰ ਨੂੰ ਆਰਪੀਐਫ ਨੇ ਘਰੋਂ ਕੀਤਾ ਕਾਬੂ

ਫਿਰੋਜ਼ਪੁਰ 24 ਅਗਸਤ 2026 :
ਰੇਲਵੇ ਨਾਲ ਸਬੰਧਤ 2022 ਦੇ ਚਾਵਲ ਚੋਰੀ ਦੇ ਮਾਮਲੇ ਵਿੱਚ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਭਗੋੜੇ ਚੱਲ ਰਹੇ ਪੀਓ ਸਾਗਰ ਪੁੱਤਰ ਮਲਕੀਤ ਸਿੰਘ ਨੂੰ ਆਰਪੀਐਫ ਫਿਰੋਜ਼ਪੁਰ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਆਰਪੀਐਫ ਦੇ ਐਸਐਚਓ ਨਵਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2022 ਵਿੱਚ ਸਾਗਰ ਅਤੇ ਉਸਦੇ ਕੁਝ ਸਾਥੀਆਂ ਖ਼ਿਲਾਫ਼ ਰੇਲਵੇ ਵਿੱਚੋਂ ਚਾਵਲ ਚੋਰੀ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਸਾਗਰ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਸੀ ਅਤੇ ਅਦਾਲਤ ਵਿੱਚ ਵੀ ਪੇਸ਼ ਨਹੀਂ ਹੋ ਰਿਹਾ ਸੀ।
ਐਸਐਚਓ ਮੁਤਾਬਕ ਅਦਾਲਤ ਵੱਲੋਂ ਉਸਦੇ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਸਨ, ਪਰ ਇਸ ਦੇ ਬਾਵਜੂਦ ਉਹ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਦਾ ਆ ਰਿਹਾ ਸੀ। ਅੱਜ ਮੁਖਬਰ ਖਾਸ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਆਰਪੀਐਫ ਦੀ ਟੀਮ ਨੇ ਕਾਰਵਾਈ ਕਰਦਿਆਂ ਸਾਗਰ ਨੂੰ ਉਸਦੇ ਘਰ ਤੋਂ ਕਾਬੂ ਕਰ ਲਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਪੀਓ ਸਾਗਰ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਦਾਲਤੀ ਕਾਰਵਾਈ ਤੋਂ ਬਾਅਦ ਉਸਨੂੰ ਜੇਲ੍ਹ ਭੇਜੇ ਜਾਣ ਦੀ ਸੰਭਾਵਨਾ ਹੈ।





