
ਆਪ (AAP) ਦੇ ਵਿਕਾਸ, ਰੁਜ਼ਗਾਰ ਅਤੇ ਭਲਾਈ ਦੇ ਮੁੱਦਿਆਂ ਨੇ ਫ਼ਿਰੋਜ਼ਪੁਰ ਵਿੱਚ 2027 ਦੀ ਟਿਕਟ ਲਈ ਦੌੜ ਤੇਜ਼ ਕਰ ਦਿੱਤੀ ਹੈ।

ਆਪ (AAP) ਦੇ ਵਿਕਾਸ, ਰੁਜ਼ਗਾਰ ਅਤੇ ਭਲਾਈ ਦੇ ਮੁੱਦਿਆਂ ਨੇ ਫ਼ਿਰੋਜ਼ਪੁਰ ਵਿੱਚ 2027 ਦੀ ਟਿਕਟ ਲਈ ਦੌੜ ਤੇਜ਼ ਕਰ ਦਿੱਤੀ
ਫਿਰੋਜ਼ਪੁਰ, 27 ਨਵੰਬਰ, 2026: ‘ਇੱਕ ਅਨਾਰ, ਸੌ ਬਿਮਾਰ’ ਵਾਲੀ ਕਹਾਵਤ ਫਿਰੋਜ਼ਪੁਰ ਦੀ ਸਿਆਸਤ ਵਿੱਚ ਨਵੇਂ ਅੰਦਾਜ਼ ਵਿੱਚ ਸਾਹਮਣੇ ਆ ਰਹੀ ਹੈ। ਪੰਜਾਬ ਵਿਧਾਨ ਸਭਾ ਦੀਆਂ 2027 ਵਿੱਚ ਹੋਣ ਵਾਲੀਆਂ ਚੋਣਾਂ ਲਈ ਫਿਰੋਜ਼ਪੁਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੀ ਟਿਕਟ ਹਾਸਲ ਕਰਨ ਲਈ ਲਗਭਗ 15 ਆਗੂ ਦਾਅਵੇਦਾਰੀ ਪੇਸ਼ ਕਰ ਰਹੇ ਹਨ।
ਦਾਅਵੇਦਾਰਾਂ ਦੀ ਵਧਦੀ ਗਿਣਤੀ ਪਿੱਛੇ ‘ਆਪ’ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਵਿਕਾਸ ਕਾਰਜਾਂ, ਰੁਜ਼ਗਾਰ ਦੇ ਮੌਕਿਆਂ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਦਿੱਤੀ ਗਈ ਤਰਜੀਹ ਨੂੰ ਵੀ ਇੱਕ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। ਪਾਰਟੀ ਸਮਰਥਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਦੇਣ ਲਈ ਕਈ ਕਦਮ ਚੁੱਕੇ ਹਨ। ਵਿਕਾਸ ਪ੍ਰੋਜੈਕਟਾਂ, ਰੁਜ਼ਗਾਰ ਦੇ ਮੌਕਿਆਂ ਅਤੇ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਗਿਆ ਹੈ। ਉਨ੍ਹਾਂ ਅਨੁਸਾਰ ਸਰਕਾਰ ਦੇ ਇਸ ਕਾਰਜਕਾਲ ਕਾਰਨ ਪਾਰਟੀ ਆਗੂਆਂ ਵਿੱਚ ਫਿਰੋਜ਼ਪੁਰ ਹਲਕੇ ਤੋਂ ਚੋਣ ਲੜਨ ਦੀ ਦਿਲਚਸਪੀ ਵਧੀ ਹੈ, ਜਿਸ ਨਾਲ ਟਿਕਟ ਦੀ ਦੌੜ ਹੋਰ ਮੁਕਾਬਲੇ ਵਾਲੀ ਬਣ ਗਈ ਹੈ।
ਟਿਕਟ ਦੇ ਦਾਅਵੇਦਾਰਾਂ ਵਿੱਚ ਮੌਜੂਦਾ ਵਿਧਾਇਕ ਰਣਬੀਰ ਸਿੰਘ ਭੁੱਲਰ, ਸ਼ਾਮਿੰਦਰ ਖਿੰਡਾ (ਚੇਅਰਮੈਨ, ਪੰਜਾਬ ਐਗਰੋ), ਐਡਵੋਕੇਟ ਜਸਦੀਪ ਸਿੰਘ ਕੰਬੋਜ ਗੋਲਡੀ (ਪ੍ਰਧਾਨ, ਬਾਰ ਐਸੋਸੀਏਸ਼ਨ), ਸੁਖਰਾਜ ਸਿੰਘ ਗਹਿਰੀ, ਕੁਲਦੀਪ ਸਿੰਘ ਢੁੱਲਰ (ਸਰਪੰਚ), ਮੇਜਰ ਹਰਮਿੰਦਰ ਸਿੰਘ ਭੁੱਲਰ, ਨਰਿੰਦਰ ਸਿੰਘ ਸੰਧਾ (2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ ਉਮੀਦਵਾਰ), ਐਡਵੋਕੇਟ ਸਤਨਾਮ ਪਾਲ ਕੰਬੋਜ (2014 ਦੀਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਦੇ ਉਮੀਦਵਾਰ), ਦਿਲਜੀਤ ਪਵਨ (ਮਹਿਲਾ ਆਗੂ), ਵਿਨੋਦ ਸੋਇਨ (ਕਾਰੋਬਾਰੀ ਅਤੇ ਪਾਰਟੀ ਦੇ ਪੁਰਾਣੇ ਮੈਂਬਰ), ਡਾ. ਅੰਮ੍ਰਿਤਪਾਲ ਸਿੰਘ ਸੇਖੋਂ, ਨਰਿੰਦਰ ਗਰਗ, ਪ੍ਰੇਮ ਨਾਥ ਸ਼ਰਮਾ (ਪੱਤਰਕਾਰ) ਅਤੇ ਅਮਿਤ ਗੁਪਤਾ (ਕਾਰੋਬਾਰੀ) ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਆਗੂ ਵੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।
ਦਾਅਵੇਦਾਰਾਂ ਦੀ ਵੱਡੀ ਗਿਣਤੀ ਨੇ ਪਾਰਟੀ ਦੀ ਨਾਮਜ਼ਦਗੀ ਨੂੰ ਲੈ ਕੇ ਸਿਆਸੀ ਦਿਲਚਸਪੀ ਵਧਾ ਦਿੱਤੀ ਹੈ। ਕਈ ਆਗੂ ਆਪਣੀ ਪਾਰਟੀ ਵਿੱਚ ਪਕੜ ਅਤੇ ਸਿਆਸੀ ਸਰਗਰਮੀਆਂ ਦੇ ਆਧਾਰ ’ਤੇ ਟਿਕਟ ਹਾਸਲ ਕਰਨ ਦਾ ਦਾਅਵਾ ਕਰ ਰਹੇ ਹਨ। ਇਸ ਸੂਚੀ ਵਿੱਚ ਪਾਰਟੀ ਦੇ ਸੰਗਠਨਾਤਮਕ ਅਹੁਦਿਆਂ ’ਤੇ ਰਹੇ ਆਗੂਆਂ ਤੋਂ ਇਲਾਵਾ ਹਲਕੇ ਦੀ ਸਿਆਸਤ ਵਿੱਚ ਸਰਗਰਮ ਰਹੇ ਆਗੂ ਅਤੇ ਪਹਿਲਾਂ ਚੋਣ ਲੜ ਚੁੱਕੇ ਉਮੀਦਵਾਰ ਵੀ ਸ਼ਾਮਲ ਹਨ।
ਸਿਆਸੀ ਹਲਕਿਆਂ ਵਿੱਚ ਚਰਚਾ ਅਨੁਸਾਰ ਕੁਝ ਦਾਅਵੇਦਾਰ ਆਪਣੀ ਪਾਰਟੀ ਨਾਲ ਨੇੜਤਾ ਅਤੇ ਸੰਗਠਨਾਤਮਕ ਕੰਮਕਾਜ ਨੂੰ ਆਪਣੀ ਤਾਕਤ ਮੰਨ ਰਹੇ ਹਨ, ਜਦਕਿ ਹੋਰ ਆਗੂ ਆਪਣੇ ਪਿਛਲੇ ਚੋਣ ਤਜਰਬੇ ਅਤੇ ਹਲਕੇ ਵਿੱਚ ਲੋਕਾਂ ਨਾਲ ਸੰਪਰਕ ਨੂੰ ਆਧਾਰ ਬਣਾ ਕੇ ਟਿਕਟ ਲਈ ਦਾਅਵਾ ਪੇਸ਼ ਕਰ ਰਹੇ ਹਨ।
ਇਸ ਸਥਿਤੀ ਤੋਂ ਸਪੱਸ਼ਟ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਕਾਫ਼ੀ ਪਹਿਲਾਂ ਹੀ ਸੱਤਾਧਾਰੀ ਪਾਰਟੀ ਅੰਦਰ ਟਿਕਟ ਨੂੰ ਲੈ ਕੇ ਮੁਕਾਬਲਾ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਆਖਰੀ ਫੈਸਲਾ ਪਾਰਟੀ ਦੀ ਹਾਈਕਮਾਂਡ ਨੇ ਹੀ ਕਰਨਾ ਹੈ, ਜੋ ਉਮੀਦਵਾਰ ਦੀ ਸਿਆਸੀ ਪਕੜ, ਲੋਕਾਂ ਵਿੱਚ ਸਵੀਕਾਰਤਾ, ਪਾਰਟੀ ਪ੍ਰਤੀ ਯੋਗਦਾਨ ਅਤੇ ਚੋਣਾਂ ਵਿੱਚ ਉਸ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਨਾਮ ਦਾ ਐਲਾਨ ਕਰੇਗੀ।
ਫਿਲਹਾਲ ਫਿਰੋਜ਼ਪੁਰ ਦੀ ਸਿਆਸਤ ਵਿੱਚ ਇੱਕ ਵਿਧਾਨ ਸਭਾ ਸੀਟ, 15 ਦਾਅਵੇਦਾਰ ਅਤੇ ਟਿਕਟ ਹਾਸਲ ਕਰਨ ਦੀ ਦਿਲਚਸਪ ਦੌੜ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਵੇਂ-ਜਿਵੇਂ 2027 ਦੀਆਂ ਚੋਣਾਂ ਨੇੜੇ ਆਉਣਗੀਆਂ, ਇਹ ਮੁਕਾਬਲਾ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।




