ਮੁਲਾਜ਼ਮਾਂ ਦੀ ਕਲਮ ਛੋੜ-ਕੰਪਿਊਟਰ ਬੰਦ ਹੜਤਾਲ ਚੌਥੇ ਦਿਨ ਵੀ ਜਾਰੀ, ਸਰਕਾਰੀ ਦਫਤਰਾਂ ਦਾ ਕੰਮਕਾਜ ਠੱਪ

ਮੁਲਾਜ਼ਮਾਂ ਦੀ ਕਲਮ ਛੋੜ-ਕੰਪਿਊਟਰ ਬੰਦ ਹੜਤਾਲ ਚੌਥੇ ਦਿਨ ਵੀ ਜਾਰੀ, ਸਰਕਾਰੀ ਦਫਤਰਾਂ ਦਾ ਕੰਮਕਾਜ ਠੱਪ
ਫਿਰੋਜ਼ਪੁਰ, 20 ਅਗਸਤ, 2026: ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਸੂਬਾ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਅਪਣਾਏ ਜਾ ਰਹੇ ਅੜੀਅਲ ਰਵੱਈਏ ਦੇ ਵਿਰੋਧ ਵਿੱਚ ਸ਼ੁਰੂ ਕੀਤੀ ਗਈ ਕਲਮ ਛੋੜ/ਕੰਪਿਊਟਰ ਬੰਦ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਹੜਤਾਲ ਕਾਰਨ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੁੱਚੇ ਸਰਕਾਰੀ ਦਫਤਰਾਂ ਦਾ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਰਿਹਾ। ਦਫਤਰੀ ਕਾਮਿਆਂ ਨੇ ਕੰਮ ਬੰਦ ਕਰਕੇ ਵੱਖ-ਵੱਖ ਥਾਵਾਂ ’ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟ ਕੀਤਾ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਸਥਿਤ ਵੱਖ-ਵੱਖ ਸਰਕਾਰੀ ਦਫਤਰਾਂ ਵਿੱਚ ਵੀ ਪੂਰਨ ਹੜਤਾਲ ਰਹੀ। ਦਫਤਰੀ ਕਾਮਿਆਂ ਨੇ ਪੀ.ਐਸ.ਐਮ.ਐਸ.ਯੂ. ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਪਿੱਪਲ ਸਿੰਘ ਸਿੱਧੂ ਦੀ ਅਗਵਾਈ ਹੇਠ ਵੱਖ-ਵੱਖ ਦਫਤਰਾਂ ਦੇ ਸਾਹਮਣੇ ਰੋਸ ਰੈਲੀਆਂ ਕੀਤੀਆਂ, ਜਿਸ ਵਿੱਚ ਸੈਂਕੜੇ ਮੁਲਾਜ਼ਮਾਂ ਨੇ ਸ਼ਮੂਲੀਅਤ ਕਰਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਉਪਰੰਤ ਮੁਲਾਜ਼ਮਾਂ ਦੇ ਵੱਡੇ ਇਕੱਠ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਫਿਰੋਜ਼ਪੁਰ ਦੇ ਸਾਹਮਣੇ ਵਿੱਤ ਵਿਭਾਗ ਵੱਲੋਂ ਡੀ.ਏ. ਸਬੰਧੀ ਕੋਈ ਕਾਰਵਾਈ ਨਾ ਕਰਨ ਦੀਆਂ ਹਦਾਇਤਾਂ ਵਾਲੇ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ।
ਇਸ ਮੌਕੇ ਮੁਲਾਜ਼ਮ ਆਗੂ ਸੋਨੂੰ ਕਸ਼ਯਪ, ਜ਼ਿਲ੍ਹਾ ਜਨਰਲ ਸਕੱਤਰ; ਜਗਸੀਰ ਸਿੰਘ ਭਾਂਗਰ, ਸੀਨੀਅਰ ਮੀਤ ਪ੍ਰਧਾਨ; ਪ੍ਰਦੀਪ ਵਿਨਾਇਕ, ਜ਼ਿਲ੍ਹਾ ਖਜ਼ਾਨਚੀ; ਗੁਰਤੇਜ ਸਿੰਘ, ਜਨਰਲ ਸਕੱਤਰ ਡੀ.ਸੀ. ਦਫਤਰ; ਜੁਗਲ ਕਿਸ਼ੋਰ ਆਨੰਦ, ਲੋਕ ਨਿਰਮਾਣ ਵਿਭਾਗ; ਹਰਪ੍ਰੀਤ ਦੁੱਗਲ, ਖਜ਼ਾਨਾ ਦਫਤਰ; ਵਰੁਣ ਕੁਮਾਰ, ਸੂਬਾ ਆਗੂ ਸਿੱਖਿਆ ਵਿਭਾਗ; ਹਰਮੀਤ ਮੱਲੀ, ਫੂਡ ਸਪਲਾਈ; ਜਸਮੀਤ ਸਿੰਘ ਸੈਡੀ, ਜ਼ਿਲ੍ਹਾ ਚੇਅਰਮੈਨ; ਗੁਰਪ੍ਰੀਤ ਸਿੰਘ ਸੋਢੀ, ਜ਼ਿਲ੍ਹਾ ਵਾਈਸ ਚੇਅਰਮੈਨ; ਸੁਖਚੈਨ ਸਿੰਘ, ਖੇਤੀਬਾੜੀ ਵਿਭਾਗ; ਗੁਰਜੀਤ ਸਿੰਘ, ਪੰਜਾਬ ਰੋਡਵੇਜ਼ ਅਤੇ ਗਗਨਜੀਤ ਸਿੰਘ, ਆਈ.ਟੀ.ਆਈ. ਆਦਿ ਨੇ ਸੰਬੋਧਨ ਕੀਤਾ।
ਮੁਲਾਜ਼ਮ ਆਗੂਆਂ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਲਾਰੇ ਲੱਪੇ ਲਗਾ ਕੇ ਗੁੰਮਰਾਹ ਕਰ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਕਿਸੇ ਵੀ ਪ੍ਰਮੁੱਖ ਮੰਗ ਦਾ ਹੱਲ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਦਾ ਮੁਕੰਮਲ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕਰਨਾ, 18 ਫੀਸਦੀ ਡੀ.ਏ. ਲਾਗੂ ਕਰਕੇ ਬਕਾਏ ਦੀ ਅਦਾਇਗੀ ਕਰਨਾ, 15 ਜਨਵਰੀ 2015 ਦਾ ਪੱਤਰ ਰੱਦ ਕਰਨਾ ਅਤੇ 17 ਜੁਲਾਈ 2020 ਦੇ ਮੁਲਾਜ਼ਮ ਮਾਰੂ ਪੱਤਰ ਨੂੰ ਰੱਦ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਦਾ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨ ਕੇ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣ ਦੇ ਨਾਲ-ਨਾਲ ਇਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟ ਕੀਤਾ।





