ਪੀਐੱਨਬੀ ਨੇ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਕਾਰਜ ਕੀਤੇ ਸ਼ੁਰੂ, ਬੈਂਕ ਅਧਿਕਾਰੀਆਂ ਨੇ ਵੰਡੇ ਖਾਣ-ਪੀਣ ਦੇ ਸਮਾਨ
ਪੀਐੱਨਬੀ ਨੇ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਕਾਰਜ ਕੀਤੇ ਸ਼ੁਰੂ, ਬੈਂਕ ਅਧਿਕਾਰੀਆਂ ਨੇ ਵੰਡੇ ਖਾਣ-ਪੀਣ ਦੇ ਸਮਾਨ
ਪੀਐੱਨਬੀ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਹਮੇਸ਼ਾਂ ਪ੍ਰਤੀਬੱਧ ਹੈ ; ਰਵਨੀਤ ਸਿੰਘ, ਅਸਿਸਟੈਂਟ ਜਨਰਲ ਮੈਨੇਜਰ, ਜ਼ੋਨਲ ਦਫ਼ਤਰ, ਲੁਧਿਆਣਾ

ਫਿਰੋਜ਼ਪੁਰ, 8-9-2025: ਪੰਜਾਬ ਵਿਚ ਆਏ ਹੜ੍ਹਾਂ ਨੇ ਜਿੱਥੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਪ੍ਰਸ਼ਾਸਨ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਇਸੇ ਲੜੀ ਤਹਿਤ, ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨੇ ਵੀ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਸ਼ੁਰੂ ਕੀਤੇ ਹਨ। ਬੈਂਕ ਦੇ ਜ਼ੋਨਲ ਦਫ਼ਤਰ, ਲੁਧਿਆਣਾ ਤੋਂ ਅਸਿਸਟੈਂਟ ਜਨਰਲ ਮੈਨੇਜਰ, ਰਵਨੀਤ ਸਿੰਘ ਨੇ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਮੰਤਵ ਹੜ੍ਹ ਪੀੜਤ ਲੋਕਾਂ ਤੱਕ ਤੁਰੰਤ ਮਦਦ ਪਹੁੰਚਾਉਣਾ ਸੀ। ਰਵਨੀਤ ਸਿੰਘ ਨੇ ਆਪਣੀ ਟੀਮ ਨਾਲ ਮਿਲ ਕੇ ਪਿੰਡਾਂ ਦੇ ਵਸਨੀਕਾਂ ਵਿਚ ਭੋਜਨ ਅਤੇ ਪੀਣ ਵਾਲੇ ਪਾਣੀ ਦੀਆਂ ਵਸਤੂਆਂ ਵੰਡੀਆਂ। ਉਨ੍ਹਾਂ ਨਾਲ ਫ਼ਿਰੋਜ਼ਪੁਰ ਦੇ ਲੀਡ ਡਿਸਟ੍ਰਿਕਟ ਮੈਨੇਜਰ (ਐੱਲਡੀਐੱਮ), ਗੀਤਾ ਮਹਿਤਾ ਅਤੇ ਪੀਐੱਨਬੀ ਸੰਤ ਲਾਲ ਰੋਡ ਬ੍ਰਾਂਚ, ਫ਼ਿਰੋਜ਼ਪੁਰ ਦੇ ਬ੍ਰਾਂਚ ਹੈੱਡ, ਅਸ਼ਵਿਨੀ ਗਰਗ ਸਮੇਤ ਬੈਂਕ ਦੇ ਹੋਰ ਅਧਿਕਾਰੀ ਵੀ ਮੌਜ਼ੂਦ ਸਨ। ਦੌਰੇ ਦੌਰਾਨ ਰਵਨੀਤ ਸਿੰਘ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਨੈਸ਼ਨਲ ਬੈਂਕ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਬੈਂਕ ਹਰ ਸੰਭਵ ਮਦਦ ਮੁਹੱਈਆ ਕਰਵਾਏਗਾ, ਤਾਂ ਜੋ ਲੋਕ ਇਸ ਕੁਦਰਤੀ ਆਫ਼ਤ ਵਿੱਚੋਂ ਛੇਤੀ ਤੋਂ ਛੇਤੀ ਉੱਭਰ ਸਕਣ। ਸਿੰਘ ਨੇ ਇਹ ਵੀ ਦੱਸਿਆ ਕਿ ਪੀਐੱਨਬੀ ਲਗਾਤਾਰ ਆਪਣੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹੈ ਅਤੇ ਹਰ ਲੋੜਵੰਦ ਦੀ ਮੱਦਦ ਲਈ ਤਿਆਰ ਹੈ।





