ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ 80ਵਾਂ ਆਜ਼ਾਦੀ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ

ਫ਼ਿਰੋਜ਼ਪੁਰ, 15 ਅਗਸਤ, 2026: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਵਸ ਦੇਸ਼ ਭਗਤੀ, ਉਤਸ਼ਾਹ ਅਤੇ ਰਾਸ਼ਟਰੀ ਜਜ਼ਬੇ ਨਾਲ ਭਰਪੂਰ ਮਾਹੌਲ ਵਿੱਚ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮਾਗਮ ਵਿੱਚ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ, ਅਧਿਕਾਰੀਆਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਸਮਾਗਮ ਦੀ ਸ਼ੁਰੂਆਤ ਮਾਣਯੋਗ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਵੱਲੋਂ ਕੈਂਪਸ ਵਿਖੇ ਸਥਿਤ ਸ਼ਹੀਦੀ ਸਮਾਰਕ ਤੇ ਫੁੱਲ ਅਰਪਿਤ ਕਰਨ ਅਤੇ ਕੌਮੀ ਝੰਡਾ ਲਹਿਰਾਉਣ ਨਾਲ ਹੋਈ। ਰਾਸ਼ਟਰੀ ਗਾਣ ਉਪਰੰਤ ਐਨ ਸੀ ਸੀ ਕੈਡੇਟਸ ਤੇ ਸਕਿਉਰਿਟੀ ਗਾਰਡਜ਼ ਵੱਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ ।ਇਸ ਉਪਰੰਤ ਉਨ੍ਹਾਂ ਨੇ ਸਮੂਹ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀਆਂ ਦਿਲੀ ਵਧਾਈਆਂ ਦਿੱਤੀਆਂ। ਉਨ੍ਹਾਂ ਆਪਣੇ ਸੰਬੋਧਨ ਵਿੱਚ ਆਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਸਥਾਪਿਤ ਇਹ ਯੂਨੀਵਰਸਿਟੀ ਸਿੱਖਿਆ, ਖੋਜ, ਹੁਨਰ ਵਿਕਾਸ ਅਤੇ ਨਵੀਨਤਾ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਹਾਸਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿੱਚ ਅਕਾਦਮਿਕ ਗਤੀਵਿਧੀਆਂ ਦਾ ਹੋਰ ਵਿਸਥਾਰ ਕਰਨ ਅਤੇ ਵਿਦਿਆਰਥੀਆਂ ਲਈ ਨਵੇਂ ਤੇ ਰੋਜ਼ਗਾਰਮੁਖੀ ਕੋਰਸ ਸ਼ੁਰੂ ਕਰਨ ਸਬੰਧੀ ਭਵਿੱਖੀ ਯੋਜਨਾਵਾਂ ’ਤੇ ਕੰਮ ਕੀਤਾ ਜਾ ਰਿਹਾ ਹੈ!
ਇਸ ਮੌਕੇ ਰਜਿਸਟਰਾਰ ਡਾ. ਰਾਜੀਵ ਅਰੋੜਾ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਰਹਿਣ ਅਤੇ ਦੇਸ਼ ਦੇ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।
ਡੀਨ ਅਕਾਦਮਿਕ ਡਾ. ਰਾਜੀਵ ਗਰਗ ਨੇ ਯੂਨੀਵਰਸਿਟੀ ਵਿੱਚ ਚੱਲ ਰਹੇ ਵੱਖ-ਵੱਖ ਅਕਾਦਮਿਕ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀਆਂ ਭਵਿੱਖੀ ਲੋੜਾਂ ਅਤੇ ਉਦਯੋਗਿਕ ਖੇਤਰ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਆਉਣ ਵਾਲੇ ਸਮੇਂ ਵਿੱਚ ਕਈ ਨਵੇਂ ਕੋਰਸ ਸ਼ੁਰੂ ਕਰਨ ਦੀ ਯੋਜਨਾ ਹੈ ।
ਇਸ ਮੌਕੇ ਇੱਕ ਹੋਰ ਮਹੱਤਵਪੂਰਨ ਉਪਰਾਲੇ ਤਹਿਤ ਅੱਜ 15 ਅਗਸਤ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਫ਼ਿਰੋਜ਼ਪੁਰ ਵਿਖੇ ਝੰਡਾ ਫਹਿਰਾਉਣ ਲਈ ਪਹੁੰਚਣ ਦੌਰਾਨ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਅਤੇ ਰਜਿਸਟਰਾਰ ਡਾ. ਰਾਜੀਵ ਅਰੋੜਾ ਵੱਲੋਂ ਉਨ੍ਹਾਂ ਨਾਲ ਯੂਨੀਵਰਸਿਟੀ ਕੈਂਪਸ ਵਿਖੇ ਮੁਲਾਕਾਤ ਕੀਤੀ ਗਈ। ਤੇ ਉਹਨ ਨੂੰ ਇਕ ਮੰਗ ਪੱਤਰ ਸੌਂਪਿਆ ।
ਜਿਸ ਵਿੱਚ ਯੂਨੀਵਰਸਿਟੀ ਲਈ ਗੈਸਟ ਹਾਊਸ, ਆਡੀਟੋਰੀਅਮ ਦੀ ਸਥਾਪਨਾ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਮ ’ਤੇ ਸਕਾਲਰਸ਼ਿਪ ਸ਼ੁਰੂ ਕਰਨ ਦੀਆਂ ਮੰਗਾਂ ਪ੍ਰਮੁੱਖ ਤੌਰ ’ਤੇ ਸ਼ਾਮਲ ਸਨ । ਮਾਣਯੋਗ ਮੁੱਖ ਮੰਤਰੀ ਜੀ ਵੱਲੋਂ ਇਨ੍ਹਾਂ ਮੰਗਾਂ ’ਤੇ ਸਹਿਮਤੀ ਪ੍ਰਗਟ ਕਰਦਿਆਂ ਇਨ੍ਹਾਂ ਨੂੰ ਜਲਦ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਗਿਆ, ਜਿਸ ਨਾਲ ਯੂਨੀਵਰਸਿਟੀ ਦੇ ਵਿਕਾਸ ਨੂੰ ਹੋਰ ਗਤੀ ਮਿਲਣ ਦੀ ਆਸ ਬਣੀ ਹੈ।
ਆਜ਼ਾਦੀ ਦਿਵਸ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾਉਂਦਿਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਤੇ ਸਟਾਫ਼ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨਾਲ ਭਰਭੂਰ ਕਵਿਤਾਵਾਂ, ਭਾਸ਼ਣ, ਗੀਤ ਅਤੇ ਨਾਚ ਆਦਿ ਪੇਸ਼ ਕੀਤੇ ਗਏ। ਇਨ੍ਹਾਂ ਪੇਸ਼ਕਾਰੀਆਂ ਨੇ ਦਰਸ਼ਕਾਂ ਵਿੱਚ ਦੇਸ਼ ਪ੍ਰੇਮ ਅਤੇ ਜੋਸ਼ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਸਮਾਗਮ ਨੂੰ ਰੰਗਾਰੰਗ ਬਣਾਇਆ।
ਇਸ ਮੌਕੇ ਯੂਨੀਵਰਸਿਟੀ ਦੀ ਤਰੱਕੀ ਅਤੇ ਦਾਖ਼ਲਾ ਮੁਹਿੰਮ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਅਤੇ ਆਪਣੇ ਕੰਮ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਵਾਲੇ ਫੈਕਲਟੀ ਮੈਂਬਰਾਂ ਅਤੇ ਸਟਾਫ਼ ਮੈਂਬਰਾਂ ਨੂੰ ਵਾਈਸ ਚਾਂਸਲਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਿਹਨਤੀ ਅਤੇ ਸਮਰਪਿਤ ਕਰਮਚਾਰੀ ਕਿਸੇ ਵੀ ਸੰਸਥਾ ਦੀ ਸਫਲਤਾ ਦੀ ਮਜ਼ਬੂਤ ਨੀਂਹ ਹੁੰਦੇ ਹਨ।
ਮਾਣਯੋਗ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਨੇ ਇਸ ਸਫਲ ਸਮਾਗਮ ਲਈ ਕੋਆਰਡੀਨੇਟਰ ਡਾ. ਸੁਨੀਲ ਬਹਿਲ, ਕੋ-ਕੋਆਰਡੀਨੇਟਰ ਸ੍ਰੀ ਯਸ਼ਪਾਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।
ਸਮਾਗਮ ਦੌਰਾਨ ਅਸਿਸਟੈਂਟ ਪ੍ਰੋਫੈਸਰ ਡਾ. ਨਵਦੀਪ ਕੌਰ ਝੱਜ ਨੇ ਸਟੇਜ ਸਕੱਤਰ ਵਜੋਂ ਆਪਣੀ ਜ਼ਿੰਮੇਵਾਰੀ ਬੜੇ ਉਤਸ਼ਾਹ, ਆਤਮ-ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਸਮਾਗਮ ਦੇ ਅੰਤ ਵਿੱਚ ਫੈਕਲਟੀ ਸਟਾਫ ਤੇ ਵਿਦਿਆਰਥੀਆਂ ਨੂੰ ਮਠਿਆਈਆਂ ਵੰਡੀਆਂ ਗਈਆਂ ।
ਸਮੁੱਚਾ ਸਮਾਗਮ ਦੇਸ਼ ਭਗਤੀ, ਰਾਸ਼ਟਰੀ ਏਕਤਾ, ਉਤਸ਼ਾਹ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੀ ਭਾਵਨਾ ਨਾਲ ਭਰਪੂਰ ਰਿਹਾ ਅਤੇ ਹਾਜ਼ਰ ਸਮੂਹ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਆਪਣਾ ਯੋਗਦਾਨ ਪਾਉਣ ਦਾ ਸੰਦੇਸ਼ ਲੈ ਕੇ ਸਮਾਗਮ ਦੀ ਸਮਾਪਤੀ ਕੀਤੀ।





