ਅਣਸੁਖਾਵੀਂ ਸਫਾਈ ਮਿਲਣ ‘ਤੇ ਫੂਡ ਸੇਫਟੀ ਵਿੰਗ ਵੱਲੋਂ ਨੋਟਿਸ ਜਾਰੀ

ਅਣਸੁਖਾਵੀਂ ਸਫਾਈ ਮਿਲਣ ‘ਤੇ ਫੂਡ ਸੇਫਟੀ ਵਿੰਗ ਵੱਲੋਂ ਨੋਟਿਸ ਜਾਰੀ
ਫਿਰੋਜ਼ਪੁਰ, 07 ਅਗਸਤ 2026: ਫੂਡ ਸੇਫਟੀ ਵਿੰਗ, ਫਿਰੋਜ਼ਪੁਰ ਵੱਲੋਂ ਅੱਜ ਰੁਟੀਨ ਚੈਕਿੰਗ ਦੌਰਾਨ ਮੇਨ ਰੋਡ ਸਥਿਤ ਨਰੇਸ਼ ਚਿਕਨ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸਥਾਨ ‘ਤੇ ਸਫਾਈ ਦੀ ਹਾਲਤ ਬਹੁਤ ਹੀ ਅਸੰਤੋਸ਼ਜਨਕ ਪਾਈ ਗਈ। ਖਾਣਾ ਤਿਆਰ ਕਰਨ ਲਈ ਵਰਤੇ ਜਾ ਰਹੇ ਤੇਲ, ਫਰਾਈ ਕਰਨ ਵਾਲੇ ਉਪਕਰਣਾਂ ਅਤੇ ਬ੍ਰੈੱਡ ਟੋਸਟ ਗਰਮ ਕਰਨ ਵਾਲੀ ਮਸ਼ੀਨ ਵਿੱਚ ਕਾਫ਼ੀ ਗੰਦਗੀ ਪਾਈ ਗਈ। ਖਾਣਾ ਵੀ ਗੈਰ-ਸਫਾਈ ਵਾਲੇ ਹਾਲਾਤਾਂ ਵਿੱਚ ਤਿਆਰ ਕੀਤਾ ਜਾਂਦਾ ਦੇਖਿਆ ਗਿਆ।
ਇਸ ਸਬੰਧੀ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਪ੍ਰਾਵਧਾਨਾਂ ਅਨੁਸਾਰ ਸ਼੍ਰੀ ਨਰੇਸ਼ ਕੁਮਾਰ ਪੁੱਤਰ ਸ਼੍ਰੀ ਕਾਲੀ ਰਾਮ ਨੂੰ 15 ਦਿਨਾਂ ਦਾ ਸੁਧਾਰ ਨੋਟਿਸ ਜਾਰੀ ਕੀਤਾ ਗਿਆ ਹੈ। ਜੇਕਰ ਨਿਰਧਾਰਤ ਸਮੇਂ ਅੰਦਰ ਸਫਾਈ ਅਤੇ ਹਾਈਜੀਨ ਵਿੱਚ ਲੋੜੀਂਦੇ ਸੁਧਾਰ ਨਹੀਂ ਕੀਤੇ ਜਾਂਦੇ ਜਾਂ ਦੁਬਾਰਾ ਜਾਂਚ ਦੌਰਾਨ ਗੰਦਗੀ ਪਾਈ ਜਾਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀਆਂ ਸੰਬੰਧਿਤ ਧਾਰਾਵਾਂ, ਧਾਰਾ 26, ਧਾਰਾ 56 ਅਤੇ ਸ਼ੈਡਿਊਲ-4 ਅਧੀਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫੂਡ ਸੇਫਟੀ ਵਿੰਗ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਰੈਸਟੋਰੈਂਟ, ਢਾਬੇ, ਹਲਵਾਈ ਜਾਂ ਰੇਹੜੀ ਤੋਂ ਖਾਣ-ਪੀਣ ਦੀ ਵਸਤੂ ਖਰੀਦਣ ਜਾਂ ਖਾਣ ਤੋਂ ਪਹਿਲਾਂ ਉੱਥੇ ਦੀ ਸਫਾਈ, ਵਰਤੇ ਜਾ ਰਹੇ ਬਰਤਨਾਂ ਅਤੇ ਉਪਕਰਣਾਂ ਦੀ ਹਾਲਤ ਜ਼ਰੂਰ ਵੇਖੋ। ਖਾਣਾ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਬਰਤਨ ਸੰਭਵ ਤੌਰ ‘ਤੇ ਸਟੇਨਲੈੱਸ ਸਟੀਲ ਦੇ ਹੋਣੇ ਚਾਹੀਦੇ ਹਨ ਅਤੇ ਵਰਤਿਆ ਜਾਣ ਵਾਲਾ ਕੁਕਿੰਗ ਆਇਲ ਸਾਫ਼ ਅਤੇ ਮਿਆਰੀ ਹੋਣਾ ਚਾਹੀਦਾ ਹੈ। ਵਾਰ-ਵਾਰ ਵਰਤਿਆ ਗਿਆ ਜਾਂ ਕਾਲਾ/ਗਾੜ੍ਹਾ ਹੋ ਚੁੱਕਾ ਤੇਲ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਅਤੇ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਵਧਾ ਸਕਦੀ ਹੈ।
ਫੂਡ ਸੇਫਟੀ ਵਿੰਗ ਨੇ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਸਫਾਈ, ਨਿੱਜੀ ਹਾਈਜੀਨ ਅਤੇ ਫੂਡ ਸੇਫਟੀ ਮਾਪਦੰਡਾਂ ਦੀ ਪੂਰੀ ਪਾਲਣਾ ਕਰਨ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਭੋਜਨ ਉਪਲਬਧ ਕਰਵਾਇਆ ਜਾ ਸਕੇ।





