ਸਿਰਜਣਾਤਮਕਤਾ ਲਈ ਸਿੱਖਿਆ-: ਕਲਪਨਾ ਤੋਂ ਕਾਮਯਾਬੀ ਤੱਕ (Education for creativity)
"ਸਿੱਖਿਆ ਸਿਰਫ਼ ਗਿਆਨ ਨਹੀਂ ਦਿੰਦੀ, ਸਗੋਂ ਸੋਚਣ, ਸਿਰਜਣ ਅਤੇ ਨਵੀਆਂ ਸੰਭਾਵਨਾਵਾਂ ਨੂੰ ਜਨਮ ਦੇਣ ਦੀ ਤਾਕਤ ਵੀ ਦਿੰਦੀ ਹੈ।"

ਸਿਰਜਣਾਤਮਕਤਾ ਲਈ ਸਿੱਖਿਆ-: ਕਲਪਨਾ ਤੋਂ ਕਾਮਯਾਬੀ ਤੱਕ
(Education for creativity)“ਸਿੱਖਿਆ ਸਿਰਫ਼ ਗਿਆਨ ਨਹੀਂ ਦਿੰਦੀ, ਸਗੋਂ ਸੋਚਣ, ਸਿਰਜਣ ਅਤੇ ਨਵੀਆਂ ਸੰਭਾਵਨਾਵਾਂ ਨੂੰ ਜਨਮ ਦੇਣ ਦੀ ਤਾਕਤ ਵੀ ਦਿੰਦੀ ਹੈ।”
ਸਿੱਖਿਆ ਦੇ ਮੁੱਢਲੇ ਉਦੇਸ਼ਾਂ ਵਿੱਚੋਂ ਇੱਕ ਉਦੇਸ਼ ਵਿਦਿਆਰਥੀਆਂ ਵਿੱਚ ਸਿਰਜਣਾਤਮਕ ਕਿਰਿਆਵਾਂ ਕਰਨ ਦੀ ਰੁਚੀ ਪੈਦਾ ਕਰਨਾ ਹੈ । ਸਿਰਜਣਾਤਮਕ ਸੋਚ ਉਹ ਸ਼ਕਤੀ ਹੈ ,ਜਿਸ ਰਾਹੀਂ ਮਨੁੱਖ ਨਵੇਂ ਵਿਚਾਰ, ਸਾਹਸਪੂਰਨ ਤਰੀਕੇ ਨਾਲ ਸੋਚਣਾ ,ਸਿੱਧੇ ਰਸਤੇ ਤੋਂ ਹਟ ਕੇ ਅਲੱਗ ਚੱਲਣਾ, ਕਿਸੇ ਕੰਮ ਨੂੰ ਕਰਨ ਲਈ ਪਹਿਲਾਂ ਤੋਂ ਸੋਚੇ ਹੋਏ ਢਾਂਚੇ ਦੀ ਥਾਂ ਨਵੇਂ ਨੂੰ ਪਹਿਲ ਦੇਣਾ ,ਨਵੇਂ ਤਜਰਬੇ ਕਰਨ ਲਈ ਤਿਆਰ ਰਹਿਣਾ ਅਤੇ ਇਕ ਤੋਂ ਬਾਅਦ ਦੂਸਰੇ ਰਸਤੇ ਵੱਲ ਚੱਲਦੇ ਰਹਿਣ ਨੂੰ ਤਿਆਰ ਰਹਿੰਦਾ ਹੈ।
ਸਿਰਜਣਾਤਮਕ ਸੋਚ ਦਾ ਵਿਕਾਸ ਸਮੱਸਿਆਵਾਂ ਦੇ ਹੱਲ ਕਰਨ ਨਾਲ ਹੁੰਦਾ ਹੈ। ਵਿਦਿਆਰਥੀ ਜਦੋਂ ਕੋਈ ਸਮੱਸਿਆ ਦਾ ਸਾਹਮਣਾ ਕਰਦਾ ਹੈ ਤਾਂ ਉਸ ਨੂੰ ਪਹਿਲਾਂ ਕੋਈ ਤਜ਼ਰਬਾ ਨਹੀਂ ਹੁੰਦਾ, ਗਿਆਨ ਨਹੀਂ ਹੁੰਦਾ, ਉਹ ਨਵੇਂ ਹਾਲਾਤਾਂ ਵਿੱਚ ਕੰਮ ਕਰਦਾ ਹੈ, ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਇਸ ਕੋਸ਼ਿਸ਼ ਤੋਂ ਹੀ ਸਿਰਜਣਾਤਮਕ ਸੋਚ ਦੀ ਸ਼ੁਰੂਆਤ ਹੁੰਦੀ ਹੈ। ਜਿਸ ਰਾਹੀਂ ਉਹ ਸਮੱਸਿਆ ਦੇ ਨਵੇਂ ਅਰਥ ਕੱਢਦਾ ਹੈ, ਸਮੱਸਿਆ ਨੂੰ ਹੱਲ ਕਰਨ ਦੇ ਵੱਖ-ਵੱਖ ਤਰੀਕੇ ਸੋਚਦਾ ਹੈ, ਉਨਾਂ ਉੱਪਰ ਵਿਚਾਰ ਕਰਦਾ ਹੈ, ਪੁਨਰ ਵਿਚਾਰ ਕਰਦਾ ਹੈ ,ਸਰਵੋਤਮ ਹੱਲ ਦੀ ਚੋਣ ਕਰਦਾ ਹੈ ,ਵਿਸ਼ਲੇਸ਼ਣ ਕਰਦਾ ਹੈ ਅਤੇ ਅੰਤਿਮ ਹੱਲ ਕੱਢਦਾ ਹੈ।
ਸਿਰਜਣਾਤਮਕ ਸੋਚ ਦਾ ਵਿਦਿਆਰਥੀ ਮਾਨਸਿਕ ਅਤੇ ਭਾਵਨਾਤਮਕ ਤੌਰ ਤੇ ਮਜ਼ਬੂਤ ਹੁੰਦਾ ਹੈ। ਇਸ ਲਈ ਵਿਦਿਆਰਥੀ ਜੀਵਨ ਦੇ ਜੋਸ਼ ਅਤੇ ਤਾਕਤ ਨੂੰ ਸਿਰਜਣਾਤਮਕ ਕਿਰਿਆਵਾਂ ਵੱਲ ਲਗਾ ਕੇ ਉਸਦੇ ਸਰਵਪੱਖੀ ਵਿਕਾਸ ਵੱਲ ਲਿਜਾਇਆ ਜਾ ਸਕਦਾ ਹੈ। ਉਸ ਦੀ ਤਾਕਤ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਜਾ ਸਕਦੀ ਹੈ। ਵਿਦਿਆਰਥੀ ਜੀਵਨ ਦੇ ਭਾਵਨਾਤਮਕ ਅਤੇ ਮਾਨਸਿਕ ਤਨਾਅ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।
ਸਕੂਲ ਪੱਧਰ ਤੇ ਜੇ ਸਿਰਜਣਾਤਮਕ ਕਿਰਿਆਵਾਂ ਨੂੰ ਢੁਕਵਾਂ ਸਥਾਨ ਦਿੱਤਾ ਜਾਵੇ ਤਾਂ ਇਹ ਰੱਟਾ ਲਗਾਉਣ ਦੀ ਪੜ੍ਹਾਈ ਦੀ ਥਾਂ ਵੱਖ ਵੱਖ ਦਿਸ਼ਾਵਾਂ ਵੱਲ ਸੋਚਣ ਅਤੇ ਜ਼ਿੰਦਗੀ ਦੀਆਂ ਵੱਖ-ਵੱਖ ਸਮੱਸਿਆਵਾਂ ਹੱਲ ਕਰਨ ਦੀ ਕਾਬਲੀਅਤ ਦਾ ਵਿਕਾਸ ਕਰੇਗਾ । ਇਹ ਵਿਦਿਆਰਥੀਆਂ ਨੂੰ ਜੋਖਿਮ ਲੈਣ, ਨਵੇਂ ਤਜਰਬੇ ਕਰਨ ਅਤੇ ਨਵੇਂ ਵਿਚਾਰ ਪੈਦਾ ਕਰਨ ਲਈ ਵੀ ਉਤਸ਼ਾਹਿਤ ਕਰੇਗਾ।
ਅਧਿਆਪਕ ਦੁਆਰਾ ਸਿਰਜਨਾਤਮਕ ਕਿਰਿਆਵਾਂ ਨੂੰ ਉਤਸ਼ਾਹਿਤ ਕਰਨ ਲਈ ਜਮਾਤ ਦੇ ਕਮਰੇ ਵਿੱਚ ਹੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪ੍ਰਸ਼ਨ ਪੁੱਛਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਪ੍ਰਸ਼ਨ ਪੁੱਛਣਾ ਅਤੇ ਮੌਜੂਦਾ ਧਾਰਨਾ ਨੂੰ ਚੁਣੌਤੀ ਦੇਣ ਵਾਲਾ ਬੱਚਾ ਜਗਿਆਸੂ ਹੁੰਦਾ ਹੈ । ਜਦੋਂ ਵਿਦਿਆਰਥੀ ਨੂੰ ਪ੍ਰਸ਼ਨ ਪੁੱਛਣ, ਤਜ਼ਰਬਾ ਕਰਨ ,ਗਲਤੀਆਂ ਤੋਂ ਸਿੱਖਣ ਅਤੇ ਆਪਣੇ ਵਿਚਾਰ ਬਿਨਾਂ ਕਿਸੇ ਡਰ ਤੋਂ ਪ੍ਰਗਟ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਇਸ ਨਾਲ ਉਸ ਵਿੱਚ ਆਤਮ ਵਿਸ਼ਵਾਸ ਕਲਪਨਾ ਸ਼ਕਤੀ ਅਤੇ ਨਿਵੇਕਲਾ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ।
ਨਵੇਂ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਵਿੱਚ ਸੁਝਾਅ ਪੇਟੀ ਬਹੁਤ ਵਧੀਆ ਅਤੇ ਲਾਭਦਾਇਕ ਤਰੀਕਾ ਹੈ। ਸ਼ਰਮੀਲੇ ਸੁਭਾਅ ਦੇ ਵਿਦਿਆਰਥੀ ਜੋ ਅਧਿਆਪਕ ਜਾਂ ਸਕੂਲ ਮੁਖੀ ਸਾਹਮਣੇ ਗੱਲਬਾਤ ਕਰਨ ਤੋਂ ਝਿਜਕਦੇ ਹਨ । ਪਰੰਤੂ ਵਿਚਾਰਾਂ ਦੇ ਮਾਮਲੇ ਵਿੱਚ ਉੱਚ ਸੋਚ ਰੱਖਦੇ ਹਨ । ਉਹਨਾਂ ਦੁਆਰਾ ਦਿੱਤੇ ਸੁਝਾਅ ਜਿੱਥੇ ਸਕੂਲ ਲਈ ਲਾਹੇਵੰਦ ਸਾਬਿਤ ਹੁੰਦੇ ਹਨ, ਉੱਥੇ ਵਿਦਿਆਰਥੀਆਂ ਵਿੱਚ ਵੀ ਨਵੀਂ ਸੋਚ ਅਤੇ ਵਿਚਾਰ ਪੈਦਾ ਕਰਦੇ ਹਨ। ਨਵੀਆਂ ਸੰਭਾਵਨਾਵਾਂ ਅਤੇ “ਜੇਕਰ ਇਸ ਤਰ੍ਹਾਂ ਦਾ ਹੋ ਜਾਵੇ ਤਾਂ ਇਸ ਵਰਗੇ ਵਿਚਾਰ ਉਸ ਨੂੰ ਅਗਾਂਹ ਵਧੂ ਸੋਚ ਦਾ ਮਾਲਕ ਅਤੇ ਕਲਪਨਾਸ਼ੀਲ ਬਣਾ ਦਿੰਦੇ ਹਨ।
ਸਕੂਲ ਵਿੱਚ ਲੈਕਚਰ ਦੀ ਥਾਂ ਤੇ ਕੁਝ ਹੱਥੀ ਕੰਮ ਕਰਨ ਲਈ ਦਿੱਤਾ ਜਾਵੇ, ਪ੍ਰੋਜੈਕਟ ਵਰਕ ਤੇ ਅਧਾਰਿਤ ਸਿੱਖਿਆ ਪ੍ਰਦਾਨ ਕੀਤੀ ਜਾਵੇ, ਉਹਨਾਂ ਨੂੰ ਅਸਲ ਜ਼ਿੰਦਗੀ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਵਿਸ਼ੇ ਦਿੱਤੇ ਜਾਣ ਤਾਂ ਅਜਿਹੇ ਤਜ਼ਰਬੇ ਜ਼ਿੰਦਗੀ ਭਰ ਲਈ ਲਾਹੇਵੰਦ ਸਾਬਿਤ ਹੁੰਦੇ ਹਨ । ਸਕੂਲ ਵਿੱਚ ਕਰਵਾਏ ਜਾਂਦੇ ਕੁਇਜ਼ ਮੁਕਾਬਲੇ ,ਵਿਚਾਰ ਚਰਚਾ , ਵਾਦ ਵਿਵਾਦ ਮੁਕਾਬਲੇ, ਵਰਗੀਕਰਨ ਦੀ ਯੋਜਨਾ ਅਤੇ ਭਵਿੱਖ ਦੇ ਨਤੀਜਿਆਂ ਬਾਰੇ ਵਿਚਾਰ ਕਰਕੇ ਸਿਰਜਣਾਤਮਕ ਸੋਚ ਵੱਲ ਕਦਮ ਤੇਜ਼ੀ ਨਾਲ ਵਧਾਏ ਜਾ ਸਕਦੇ ਹਨ। ਅਧਿਆਪਕ ਵਰਗ ਦੀ ਛੋਟੀ ਜਿਹੀ ਪਹਿਲ ਅਜਿਹੀ ਸੋਚ ਵਿਕਸਿਤ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾ ਸਕਦੀ ਹੈ।
ਮੌਜੂਦਾ ਦੌਰ ਵਿੱਚ ਸਕੂਲ ਦੀ ਰੱਟੇਬਾਜ਼ੀ ਵਾਲੀ ਪੜ੍ਹਾਈ, ਪ੍ਰੀਖਿਆ ਵਿੱਚੋਂ ਵੱਧ ਤੋਂ ਵੱਧ ਅੰਕ ਲੈਣਾ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਕੇ ਚੰਗੇ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਵਿੱਚ ਦਾਖਲਾ ਲੈਣ ਤੋਂ ਅੱਗੇ ਨਿਕਲ ਕੇ ਸਿੱਖਿਆ ਨੂੰ ਸਿਰਜਣਾਤਮਕ ਸੋਚ ਵੱਲ ਲੈ ਕੇ ਜਾਣ ਦੀ ਜਰੂਰਤ ਹੈ। ਜੇ ਸਿਰਜਣਾਤਮਕ ਸੋਚ ਨੂੰ ਉਤਸ਼ਾਹਿਤ ਅਤੇ ਪ੍ਰਫੁੱਲਤ ਨਾ ਕੀਤਾ ਗਿਆ ਤਾਂ ਇਸ ਨਾਲ ਭਵਿੱਖ ਵਿੱਚ ਰਾਸ਼ਟਰੀ ਨੁਕਸਾਨ ਦੇ ਨਾਲ-ਨਾਲ ਵਿਦਿਆਰਥੀ ਦੇ ਅਸੰਤੁਲਿਤ ਵਿਕਾਸ ਦੇ ਰੂਪ ਵਿੱਚ ਵਿਅਕਤੀਗਤ ਨੁਕਸਾਨ ਵੀ ਹੋਵੇਗਾ। ਇਸ ਸਮੇਂ ਦੇਸ਼ ਦੇ ਨਾਗਰਿਕਾਂ ਦੀ ਬੁੱਧੀ ,ਵਿਵੇਕ ,ਜਗਿਆਸਾ ਅਤੇ ਉਹਨਾਂ ਦੀ ਸਿਰਜਨਾਤਮਕ ਸ਼ਕਤੀ ਨੂੰ ਦੇਸ਼ ਦੀਆਂ ਅਨੇਕਾਂ ਸਮੱਸਿਆਵਾਂ ਦੇ ਹੱਲ ਕਰਨ ਵੱਲ ਲਗਾਉਣ ਦੀ ਜ਼ਰੂਰਤ ਹੈ। ਅਜੋਕੇ ਸਮੇਂ ਵਿੱਚ ਦੇਸ਼ ਨੂੰ ਨੈਤਿਕ ,ਆਰਥਿਕ, ਰਾਜਨੀਤਿਕ, ਸਮਾਜਿਕ, ਸਿੱਖਿਆ ,ਸਿਹਤ ਅਤੇ ਹੋਰ ਕਈ ਮਹੱਤਵਪੂਰਨ ਖੇਤਰਾਂ ਵਿੱਚ ਉੱਚ ਪੱਧਰੀ ਬੁੱਧੀਮਾਨ, ਦੇਸ਼ ਦੇ ਨਵ ਨਿਰਮਾਣ ਵਿੱਚ ਰੁਚੀ ਲੈਣ ਵਾਲੇ ਅਤੇ ਨਵੇਂ ਵਿਚਾਰਾਂ ਨੂੰ ਪ੍ਰੋਤਸਾਹਨ ਦੇਣ ਵਾਲੇ ਪ੍ਰਤਿਭਾਵਾਨ ਨੌਜਵਾਨਾਂ ਦੀ ਬਹੁਤ ਵੱਡੀ ਜਰੂਰਤ ਹੈ । ਤਾਂ ਜੋ ਪਰੰਪਰਾਗਤ ਅਤੇ ਰੂੜੀਵਾਦੀ ਵਿਚਾਰਾਂ ਤੋਂ ਦੂਰ ਹੋ ਕੇ ਸੋਚਣ ਅਤੇ ਉੱਚ ਪੱਧਰੀ ਸਿਰਜਣਾਤਮਕ ਸੋਚ ਦਾ ਪ੍ਰਯੋਗ ਕਰਨ ,ਨਵੇਂ ਗਿਆਨ ਅਤੇ ਤਜਰਬੇ ਲਈ ਯਤਨਸ਼ੀਲ ਹੋਣ।
ਵਿੱਦਿਅਕ ਸੰਸਥਾਵਾਂ ਅਤੇ ਅਧਿਆਪਕ ਵਰਗ ਅਜਿਹੀ ਸਿੱਖਿਆ ਅਤੇ ਸੋਚ ਪੈਦਾ ਕਰਨ ਦੀ ਪਹਿਲ ਕਰ ਸਕਦੇ ਹਨ। ਇਹ ਸਿੱਖਿਆ ਹੀ ਉਨਾਂ ਵਿੱਚ ਰਾਸ਼ਟਰ ਨਿਰਮਾਣ ,ਨੈਤਿਕਤਾ, ਆਤਮ ਵਿਸ਼ਵਾਸ ,ਨਵੀਨਤਾ ਅਤੇ ਜੀਵਨ ਜਾਂਚ ਦੇ ਹੁਨਰ ਸਿੱਖਣ ਦੀ ਪ੍ਰੇਰਨਾ ਪੈਦਾ ਕਰਦੀ ਹੈ।
“ਸਿੱਖਿਆ ਦਾ ਉਦੇਸ਼ ਸਿਰਫ਼ ਉੱਤਰ ਯਾਦ ਕਰਵਾਉਣਾ ਨਹੀਂ, ਸਗੋਂ ਨਵੇਂ ਪ੍ਰਸ਼ਨ ਪੁੱਛਣ ਦੀ ਹਿੰਮਤ ਪੈਦਾ ਕਰਨਾ ਹੈ।”
ਡਾ ਸਤਿੰਦਰ ਸਿੰਘ( ਨੈਸ਼ਨਲ ਅਵਾਰਡੀ)
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ।





