Ferozepur News

ਡੀ.ਟੀ.ਐੱਫ. ਨੇ ਸਰਕਾਰੀ ਸਕੂਲਾਂ ਨੂੰ ਸਿਆਸੀ ਪ੍ਰਚਾਰ ਦਾ ਸਾਧਨ ਬਣਾਉਣ ‘ਤੇ ਚੁੱਕੇ ਸਵਾਲ

ਖਾਲੀ ਅਸਾਮੀਆਂ ਭਰਨ, ਅਧਿਆਪਕਾਂ ਨੂੰ ਗੈਰ-ਸਿੱਖਿਆਕ ਕੰਮਾਂ ਤੋਂ ਮੁਕਤ ਕਰਨ ਅਤੇ ਸਿੱਖਿਆ ਸੁਧਾਰਾਂ 'ਤੇ ਧਿਆਨ ਦੇਣ ਦੀ ਮੰਗ

ਡੀ.ਟੀ.ਐੱਫ. ਨੇ ਸਰਕਾਰੀ ਸਕੂਲਾਂ ਨੂੰ ਸਿਆਸੀ ਪ੍ਰਚਾਰ ਦਾ ਸਾਧਨ ਬਣਾਉਣ 'ਤੇ ਚੁੱਕੇ ਸਵਾਲ

ਡੀ.ਟੀ.ਐੱਫ. ਨੇ ਸਰਕਾਰੀ ਸਕੂਲਾਂ ਨੂੰ ਸਿਆਸੀ ਪ੍ਰਚਾਰ ਦਾ ਸਾਧਨ ਬਣਾਉਣ ‘ਤੇ ਚੁੱਕੇ ਸਵਾਲ

ਖਾਲੀ ਅਸਾਮੀਆਂ ਭਰਨ, ਅਧਿਆਪਕਾਂ ਨੂੰ ਗੈਰ-ਸਿੱਖਿਆਕ ਕੰਮਾਂ ਤੋਂ ਮੁਕਤ ਕਰਨ ਅਤੇ ਸਿੱਖਿਆ ਸੁਧਾਰਾਂ ‘ਤੇ ਧਿਆਨ ਦੇਣ ਦੀ ਮੰਗ

ਫ਼ਿਰੋਜ਼ਪੁਰ, 21 ਜੁਲਾਈ, 2026:

ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਰਾਹੀਂ ਸਰਕਾਰ ਦਾ ਸਿਆਸੀ ਪ੍ਰਚਾਰ ਕਰਵਾਉਣ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਨੂੰ ਸਕੂਲਾਂ ਨੂੰ ਪ੍ਰਚਾਰ ਦਾ ਸਾਧਨ ਬਣਾਉਣਾ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ, ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਖੋਸਾ, ਜ਼ਿਲ੍ਹਾ ਵਿੱਤ ਸਕੱਤਰ ਅਮਿਤ ਸ਼ਰਮਾ ਅਤੇ ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਵੱਲੋਂ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁੱਖ ਮੰਤਰੀ ਦੀ ਤਸਵੀਰ ਵਾਲੇ ਸਕੂਲ ਬੈਗ ਅਤੇ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਮੁੱਖ ਮੰਤਰੀ ਦੀ ਤਸਵੀਰ ਵਾਲੇ ਪੋਲੀਥੀਨ ਲਿਫ਼ਾਫ਼ੇ ਸਕੂਲਾਂ ਨੂੰ ਭੇਜੇ ਗਏ ਹਨ, ਜੋ ਸਰਕਾਰੀ ਸਕੂਲਾਂ ਨੂੰ ਸਿਆਸੀ ਪ੍ਰਚਾਰ ਦਾ ਮਾਧਿਅਮ ਬਣਾਉਣ ਦੇ ਬਰਾਬਰ ਹੈ।

ਡੀ.ਟੀ.ਐੱਫ. ਆਗੂਆਂ ਨੇ ਕਿਹਾ ਕਿ ਸਰਕਾਰੀ ਸਕੂਲ ਕਿਸੇ ਵੀ ਸਿਆਸੀ ਪਾਰਟੀ ਦੇ ਪ੍ਰਚਾਰ ਕੇਂਦਰ ਨਹੀਂ ਹਨ ਅਤੇ ਸਰਕਾਰੀ ਖ਼ਜ਼ਾਨੇ ਨਾਲ ਖਰੀਦੀ ਸਮੱਗਰੀ ਨੂੰ ਸਿਆਸੀ ਦਿੱਖ ਚਮਕਾਉਣ ਲਈ ਵਰਤਣਾ ਲੋਕਤੰਤਰੀ ਅਤੇ ਵਿਦਿਅਕ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇੱਕ ਪਾਸੇ “ਸਿੱਖਿਆ ਕ੍ਰਾਂਤੀ” ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸੂਬੇ ਦੇ 1100 ਤੋਂ ਵੱਧ ਸੀਨੀਅਰ ਸੈਕੰਡਰੀ ਸਕੂਲ ਅਤੇ ਸੈਂਕੜੇ ਹਾਈ ਸਕੂਲ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਤੋਂ ਬਿਨਾਂ ਚੱਲ ਰਹੇ ਹਨ। 100 ਤੋਂ ਵੱਧ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਅਸਾਮੀਆਂ ਖਾਲੀ ਹਨ, ਅਧਿਆਪਕਾਂ ਦੀ ਘਾਟ ਲਗਾਤਾਰ ਵੱਧ ਰਹੀ ਹੈ ਅਤੇ ਲੋੜ ਅਨੁਸਾਰ ਨਿਯਮਤ ਭਰਤੀ ਵੀ ਨਹੀਂ ਕੀਤੀ ਗਈ।

ਆਗੂਆਂ ਨੇ ਕਿਹਾ ਕਿ ਹਜ਼ਾਰਾਂ ਅਧਿਆਪਕ ਪਹਿਲਾਂ ਹੀ ਡਰੱਗ ਜਨਗਣਨਾ, ਜਨਸੰਖਿਆ ਗਿਣਤੀ ਅਤੇ ਚੋਣ ਡਿਊਟੀਆਂ ਵਿੱਚ ਲੱਗੇ ਰਹੇ ਹਨ, ਜਦਕਿ ਇਸ ਵੇਲੇ 35 ਹਜ਼ਾਰ ਤੋਂ ਵੱਧ ਅਧਿਆਪਕ ਐੱਸ.ਆਈ.ਆਰ. ਦੇ ਕੰਮ ਲਈ ਸਕੂਲਾਂ ਤੋਂ ਬਾਹਰ ਤਾਇਨਾਤ ਹਨ, ਜਿਸ ਕਾਰਨ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਤਿਆਰ ਕਰਨ ਵੱਲ ਵੀ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ।

ਡੀ.ਟੀ.ਐੱਫ. ਨੇ ਦੋਸ਼ ਲਾਇਆ ਕਿ ਸਰਕਾਰ ਸਿੱਖਿਆ ਸੁਧਾਰਾਂ ਦੀ ਬਜਾਏ ਆਪਣੇ ਸਿਆਸੀ ਪ੍ਰਚਾਰ ਨੂੰ ਤਰਜੀਹ ਦੇ ਰਹੀ ਹੈ। ਜਥੇਬੰਦੀ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀ.ਏ.) ਦੇ ਮਾਮਲੇ ਵਿੱਚ ਅਦਾਲਤਾਂ ਵਿੱਚ ਮਹਿੰਗੇ ਵਕੀਲ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸਰਕਾਰੀ ਧਨ ਨੂੰ ਪ੍ਰਚਾਰ ਸਮੱਗਰੀ ‘ਤੇ ਖਰਚ ਕੀਤਾ ਜਾ ਰਿਹਾ ਹੈ।

ਡੀ.ਟੀ.ਐੱਫ. ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਸਿਆਸੀ ਪ੍ਰਚਾਰ ਤੋਂ ਦੂਰ ਰੱਖਿਆ ਜਾਵੇ, ਸਕੂਲਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ, ਨਿਯਮਤ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ, ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਅਧਿਆਪਕਾਂ ਨੂੰ ਗੈਰ-ਸਿੱਖਿਆਕ ਕੰਮਾਂ ਤੋਂ ਮੁਕਤ ਕਰਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਠੋਸ ਕਦਮ ਚੁੱਕੇ ਜਾਣ। ਇਸ ਮੌਕੇ ਦਵਿੰਦਰ ਨਾਥ, ਰਾਜ ਕੁਮਾਰ ਮਹਿਰੋਕ, ਅਮਿਤ ਕੰਬੋਜ਼, ਹੀਰਾ ਸਿੰਘ ਤੂਤ, ਸਵਰਨ ਸਿੰਘ, ਨਰਿੰਦਰ ਜੰਮੂ, ਹਰਵਿੰਦਰ ਸਿੰਘ ਕੈਲਾਸ਼, ਰਾਮ ਕੁਮਾਰ, ਹਰਜਿੰਦਰ ਜਨੇਰ, ਵਿਕਰਮਜੀਤ, ਅਨਿਲ ਧਵਨ, ਗਗਨ ਮਿੱਤਲ, ਸੰਦੀਪ ਕੁਮਾਰ, ਹਰਦੀਪ ਸਿੰਘ, ਬਲਵਿੰਦਰ ਸਿੰਘ, ਜੈਦੇਵ ਪੁੱਗਲ, ਵਿਪਣ ਕੰਬੋਜ, ਗੁਰਦਰਸ਼ਨ ਸਿੰਘ, ਮੁਖਤਿਆਰ ਸਿੰਘ, ਅੰਕੁਸ਼ ਕੰਬੋਜ, ਦਰਸ਼ਨ ਸਿੰਘ ਵੜਵਾਲ, ਸੰਧੂ, ਵਰਿੰਦਰਪਾਲ ਸਿੰਘ, ਕਿਰਪਾਲ ਸਿੰਘ ਅਤੇ ਹਰਵਿੰਦਰ ਸਿੰਘ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button