ਚਰਿੱਤਰ ਨਿਰਮਾਣ ਲਈ ਸਿੱਖਿਆ – ਡਾ ਸਤਿੰਦਰ ਸਿੰਘ

ਚਰਿੱਤਰ ਨਿਰਮਾਣ ਲਈ ਸਿੱਖਿਆ
ਸਾਡੇ ਸਮਾਜ ਵਿੱਚ ਚਰਿੱਤਰ ਨੂੰ ਅੱਜ ਵੀ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਚਰਿੱਤਰ ਤੋਂ ਭਾਵ ਕਿਸੇ ਵਿਅਕਤੀ ਦੇ ਨਿੱਜੀ ਗੁਣ, ਮਨੁੱਖੀ ਕਦਰਾਂ ਕੀਮਤਾਂ, ਨੈਤਿਕ ਗੁਣ ਅਤੇ ਸੁਭਾਅ ਜੋ ਉਸਦੇ ਵਿਵਹਾਰ ਵਿੱਚੋਂ ਝਲਕਦਾ ਹੋਵੇ। ਇਹ ਸਭ ਉਸ ਇਨਸਾਨ ਦੀ ਇਮਾਨਦਾਰੀ, ਸੱਚਾਈ, ਦੂਸਰਿਆਂ ਪ੍ਰਤੀ ਦਿਆਲੂ ਵਿਵਹਾਰ, ਸੁੱਖ ਦੁੱਖ ਵਿੱਚ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਦਾ ਸਾਥ ਦੇਣ ਵਾਲਾ, ਸਮੇਂ ਦਾ ਪਾਬੰਦ ਅਤੇ ਮੁਸ਼ਕਿਲ ਹਾਲਾਤਾਂ ਵਿੱਚ ਉਸ ਦਾ ਵਿਵਹਾਰ ਅਤੇ ਫੈਸਲੇ ਲੈਣ ਦੀ ਸਮਰੱਥਾ ਦਾ ਸੁਮੇਲ ਹੁੰਦਾ ਹੈ। ਅਮਲੀ ਰੂਪ ਵਿੱਚ ਤਾਂ ਚਰਿੱਤਰ ਵਿਅਕਤੀ ਦੇ ਵਿਵਹਾਰ, ਸੋਚ ਅਤੇ ਭਾਵਨਾਵਾਂ ਰਾਹੀਂ ਹੀ ਪ੍ਰਗਟ ਹੁੰਦਾ ਹੈ। ਚਰਿੱਤਰ ਕੋਈ ਇੱਕ ਗੁਣ ਨਹੀਂ ਹੁੰਦਾ, ਸਗੋਂ ਇਹ ਉਹ ਤਰੀਕਾ ਹੈ ,ਜਿਸ ਰਾਹੀਂ ਉਹ ਦੂਸਰਿਆਂ ਨਾਲ ਅਤੇ ਆਪਣੇ ਆਪ ਪ੍ਰਤੀ ਵਿਵਹਾਰ ਕਰਦਾ ਹੈ।
ਚਰਿੱਤਰ ਦੇ ਸਬੰਧ ਵਿੱਚ ਸੱਚੇ ਅਤੇ ਡੂੰਘੇ ਅਰਥ ਰੱਖਣ ਵਾਲਾ ਕਥਨ ਹੈ ਕਿ, ਜੇਕਰ ਧਨ ਗੁਆਚ ਜਾਵੇ ਤਾਂ ਕੁਝ ਨਹੀਂ ਗੁਵਾਚਿਆ, ਜੇਕਰ ਸਿਹਤ ਗੁਆਚ ਜਾਵੇ ਤਾਂ ਕੁਝ ਕੁਝ ਗੁਆਚ ਜਾਂਦਾ ਹੈ। ਪਰ ਜੇਕਰ ਚਰਿੱਤਰ ਗੁਆਚ ਜਾਵੇ ਤਾਂ ਸਭ ਕੁਝ ਗੁਆਚ ਜਾਂਦਾ ਹੈ। ਅਰਥਾਤ ਚਰਿੱਤਰ ਨੂੰ ਧਨ ਅਤੇ ਸਿਹਤ ਤੋਂ ਕਈ ਗੁਣਾ ਉੱਪਰ ਰੱਖਿਆ ਗਿਆ ਹੈ। ਕਿਉਂਕਿ ਜੇ ਇਨਸਾਨ ਦੇ ਚਰਿੱਤਰ ਜਾਂ ਇਖਲਾਕੀ ਕਦਰਾਂ ਕੀਮਤਾਂ ਨੂੰ ਇੱਕ ਵਾਰ ਢਾਹ ਲੱਗ ਜਾਵੇ ਤਾਂ ਮਨੁੱਖ ਦਾ ਸਭ ਕੁਝ ਖਤਮ ਹੋ ਜਾਂਦਾ ਹੈ। ਵਿਅਕਤੀ ਦਾ ਕਿਰਦਾਰ, ਇਮਾਨਦਾਰੀ ਅਤੇ ਚੰਗੇ ਕਰਮ ਹੀ ਸਮਾਜ ਵਿੱਚ ਉਸਦੀ ਅਸਲ ਪਹਿਚਾਣ ਅਤੇ ਸਤਿਕਾਰ ਬਣਾਉਂਦੇ ਹਨ।
ਵਿਦਿਆਰਥੀ ਵਰਗ ਦੇ ਚਰਿੱਤਰ ਨਿਰਮਾਣ ਵਿੱਚ ਸਕੂਲ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ । ਸਿੱਖਿਆ ਦਾ ਮੁੱਖ ਉਦੇਸ਼ ਹੀ ਵਿਦਿਆਰਥੀ ਦੀ ਸੰਤੁਲਿਤ ਸ਼ਖਸ਼ੀਅਤ ਦਾ ਵਿਕਾਸ ਕਰਨਾ ਅਤੇ ਮਜ਼ਬੂਤ ਨੈਤਿਕ ਚਰਿੱਤਰ ਦਾ ਨਿਰਮਾਣ ਕਰਨਾ ਹੈ। ਪ੍ਰਸਿੱਧ ਸਿੱਖਿਆ ਮਾਹਿਰ ਮਾਰਟਿਨ ਕਿੰਗ ਲੂਥਰ ਅਨੁਸਾਰ “ਬੁੱਧੀ ਅਤੇ ਚਰਿੱਤਰ- ਇਹ ਸੱਚੀ ਸਿੱਖਿਆ ਦਾ ਉਦੇਸ਼ ਹੈ”। ਇੱਕ ਪੜ੍ਹਿਆ ਲਿਖਿਆ ਵਿਅਕਤੀ ਸਿਰਫ਼ ਬੁੱਧੀਮਾਨ ਹੀ ਨਹੀਂ ਹੁੰਦਾ ਸਗੋਂ ਇਮਾਨਦਾਰ ,ਸਵੈ ਅਨੁਸ਼ਾਸਿਤ, ਜਿੰਮੇਵਾਰ, ਲੋੜਵੰਦਾਂ ਪ੍ਰਤੀ ਦਿਆਲਤਾ ਦਿਖਾਉਣ ਵਾਲਾ, ਮਨੁੱਖੀ ਰਿਸ਼ਤਿਆਂ ਦੀ ਕਦਰ ਕਰਨ ਵਾਲਾ ਅਤੇ ਸਮਾਜਿਕ ਤੌਰ ਤੇ ਜਾਗਰੂਕ ਵੀ ਹੁੰਦਾ ਹੈ। ਇਸ ਲਈ ਚਰਿੱਤਰ ਨਿਰਮਾਣ ਨੂੰ ਸਿੱਖਿਆ ਦੇ ਸਭ ਤੋਂ ਮਹੱਤਵਪੂਰਨ ਉਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਚਰਿੱਤਰ ਨਿਰਮਾਣ ਲਈ ਜ਼ਰੂਰੀ ਹੈ ਕਿ ਬਚਪਨ ਤੋਂ ਹੀ ਨੈਤਿਕ ਸਿੱਖਿਆ ਮਿਲੇ।ਮਾਪਿਆਂ ਤੋਂ ਬਾਅਦ ਇਹ ਜ਼ਿੰਮੇਵਾਰੀ ਅਧਿਆਪਕ ਵਰਗ ਵੱਲੋਂ ਨਿਭਾਈ ਜਾ ਸਕਦੀ ਹੈ। ਨੈਤਿਕ ਸਿੱਖਿਆ ਦਾ ਪਾਠ ਸਕੂਲ ਦੇ ਕਣ ਕਣ ਵਿੱਚ ਪੜਾਇਆ ਜਾ ਸਕਦਾ ਹੈ। ਸਿੱਖਿਆ ਸੰਬੰਧੀ ਪ੍ਰਯੋਗ ਤੋਂ ਸਪੱਸ਼ਟ ਹੋ ਚੁੱਕਿਆ ਹੈ ਕਿ ਛੋਟੇ ਬੱਚੇ ਦੇ ਮਨ ਉੱਪਰ ਸਕੂਲ ਦੀਆਂ ਦੀਵਾਰਾਂ ਉੱਪਰ ਲਿਖੇ ਆਦਰਸ਼ ਵਾਕਾਂ ਦਾ ਡੂੰਘਾ ਪ੍ਰਭਾਵ ਪੈਂਦਾ ਹੈ । ਆਦਰਸ਼ ਵਾਕ ਵਿਦਿਆਰਥੀ ਨੂੰ ਇਮਾਨਦਾਰੀ, ਦਇਆ ,ਆਦਰ, ਸਹਿਯੋਗ, ਵਿਰੋਧੀ ਲਿੰਗ ਦਾ ਸਤਿਕਾਰ, ਵੱਡਿਆਂ ਦਾ ਸਨਮਾਨ ਵਰਗੇ ਮਹੱਤਵਪੂਰਨ ਨੈਤਿਕ ਗੁਣ ਸਿਖਾਉਂਦੇ ਹਨ। ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ,ਉਹਨਾਂ ਦੇ ਲੈਕਚਰ ਅਤੇ ਜਮਾਤ ਦੇ ਕਮਰੇ ਵਿੱਚ ਵਿਚਾਰ ਵਟਾਂਦਰੇ ਵਿਦਿਆਰਥੀ ਲਈ ਬੇਹੱਦ ਲਾਹੇਵੰਦ ਸਾਬਿਤ ਹੁੰਦੇ ਹਨ। ਉਹ ਸਿੱਖਦੇ ਹਨ ਕਿ ਚੰਗੇ ਗੁਣ ਕਿਸ ਤਰ੍ਹਾਂ ਜੀਵਨ ਨੂੰ ਸਫਲ ਬਣਾਉਂਦੇ ਹਨ।
ਸਾਡਾ ਅਮੀਰ ਵਿਰਸਾ, ਸੱਭਿਆਚਾਰ ,ਸਾਡੀਆਂ ਪਰੰਪਰਾਵਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਅਤੇ ਚਰਿੱਤਰ ਨਿਰਮਾਣ ਦਾ ਅਮੁਲ ਖਜ਼ਾਨਾ ਹੈ ।ਪਰ ਅੱਜ ਦੇ ਇੰਟਰਨੈਟ, ਸੋਸ਼ਲ ਮੀਡੀਆ ਅਤੇ ਪਦਾਰਥਵਾਦੀ ਯੁੱਗ ਵਿੱਚ ਤੇਜ਼ੀ ਨਾਲ ਬਦਲਦੇ ਸਮਾਜਿਕ ਪਰਿਪੇਖ ਵਿੱਚ ਇਹਨਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਸਾਨੂੰ ਯਤਨ ਕਰਨੇ ਪੈ ਰਹੇ ਹਨ। ਬਦਲੀ ਜੀਵਨ ਸ਼ੈਲੀ ਕਾਰਨ ਨੈਤਿਕਤਾ ਨੂੰ ਸਕੂਲੀ ਗਤੀਵਿਧੀਆਂ ਅਤੇ ਸਿਲੇਬਸ ਦਾ ਹਿੱਸਾ ਬਣਾਉਣਾ ਜਰੂਰੀ ਹੋ ਗਿਆ ਹੈ।
ਅਨੁਸ਼ਾਸਨ ਚਰਿੱਤਰ ਨਿਰਮਾਣ ਦਾ ਪਹਿਲਾ ਸਬਕ ਹੈ। ਸਕੂਲੀ ਜੀਵਨ ਵਿੱਚ ਸਕੂਲ ਲੱਗਣ ਦੀ ਪਹਿਲੀ ਘੰਟੀ ਹੀ ਵਿਦਿਆਰਥੀ ਨੂੰ ਸਮੇਂ ਦੀ ਮਹੱਤਤਾ ਅਤੇ ਪਾਬੰਦੀ ਸਿਖਾਉਂਦੀ ਹੈ। ਇਸ ਤੋਂ ਇਲਾਵਾ ਅਧਿਆਪਕਾਂ ਦਾ ਸਤਿਕਾਰ, ਸੱਚਾਈ, ਨਿਯਮਿਤ ਜਮਾਤਾਂ ਲਗਾਉਣਾ ,ਸਕੂਲ ਦੇ ਨਿਯਮਾਂ ਦਾ ਪਾਲਣ ਕਰਨਾ, ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਵਿੱਚ ਸਵੈ ਨਿਯੰਤਰਣ ਅਤੇ ਅਨੁਸ਼ਾਸਨ ਪੈਦਾ ਹੁੰਦਾ ਹੈ। ਚਰਿੱਤਰ ਨਿਰਮਾਣ ਲਈ ਲੋੜੀਂਦੇ ਆਤਮ ਵਿਸ਼ਵਾਸ ਅਤੇ ਲੀਡਰਸ਼ਿਪ ਦੇ ਗੁਣ ਵੀ ਸਕੂਲ ਵਿੱਚੋਂ ਪੈਦਾ ਹੁੰਦੇ ਹਨ।
ਚਰਿੱਤਰ ਨਿਰਮਾਣ ਵਿੱਚ ਅਧਿਆਪਕਾਂ ਅਤੇ ਮਾਪਿਆਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਬੱਚਾ ਕਿਤਾਬੀ ਗਿਆਨ ਜਾਂ ਭਾਸ਼ਣ ਤੋਂ ਵੱਧ ਉਸ ਦੀਆਂ ਅੱਖਾਂ ਸਾਹਮਣੇ ਹੋ ਰਹੇ ਕੰਮ ਅਤੇ ਵਰਤਾਰੇ ਤੋਂ ਸਿੱਖਦਾ ਹੈ। ਅਧਿਆਪਕ ਨੂੰ ਅਕਸਰ ਰੋਲ ਮਾਡਲ ਮੰਨਿਆ ਜਾਂਦਾ ਹੈ। ਜੇ ਅਧਿਆਪਕ ਆਦਰਸ਼ਵਾਦੀ, ਵਤੀਰਾ, ਅਨੁਸ਼ਾਸਨ, ਸਨਮਾਨ, ਮਿਹਨਤ ,ਇਮਾਨਦਾਰੀ, ਸੱਚਾਈ ਅਤੇ ਸਹਿਯੋਗ ਦਾ ਪ੍ਰਦਰਸ਼ਨ ਕਰਦਾ ਹੈ ਤਾਂ ਵਿਦਿਆਰਥੀ ਆਪਣੇ ਆਪ ਇਹ ਗੁਣ ਅਪਣਾ ਲੈਂਦਾ ਹੈ। ਇਸੇ ਤਰ੍ਹਾਂ ਚੰਗਾ ਪਰਿਵਾਰਿਕ ਮਾਹੌਲ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਨੈਤਿਕ ਮੁੱਲਾਂ ਦਾ ਵਿਕਾਸ ਕਰ ਦਿੰਦਾ ਹੈ।
ਸਿੱਖਿਆ ਚਰਿੱਤਰ ਨਿਰਮਾਣ ਅਤੇ ਰਾਸ਼ਟਰੀ ਤਰੱਕੀ ਦੀ ਮਜ਼ਬੂਤ ਨੀਂਹ ਹੈ।ਕੋਈ ਵੀ ਦੇਸ਼ ਉਸ ਸਮੇਂ ਸਹੀ ਅਰਥਾਂ ਵਿੱਚ ਤਰੱਕੀ ਕਰੇਗਾ ਅਤੇ ਮਜਬੂਤ ਬਣੇਗਾ ਜਦੋਂ ਉਸਦੇ ਨਾਗਰਿਕ ਗਿਆਨ, ਹੁਨਰ ਦੇ ਨਾਲ ਨਾਲ ਚੰਗੇ ਚਰਿੱਤਰ ਦੇ ਮਾਲਿਕ ਹੋਣਗੇ। ਸਿੱਖਿਆ ਦਾ ਅਸਲ ਉਦੇਸ਼ ਸਿਰਫ਼ ਡਾਕਟਰ ,ਵਕੀਲ ,ਜੱਜ, ਇੰਜੀਨੀਅਰ ਜਾਂ ਅਫ਼ਸਰ ਤਿਆਰ ਕਰਨਾ ਨਹੀਂ ਹੋਣਾ ਚਾਹੀਦਾ, ਬਲਕਿ ਇਮਾਨਦਾਰ, ਜ਼ਿੰਮੇਵਾਰ ਅਤੇ ਹਮਦਰਦੀ ਰੱਖਣ ਵਾਲੇ ਚੰਗੇ ਇਨਸਾਨ ਬਣਾਉਣਾ ਹੋਣਾ ਚਾਹੀਦਾ ਹੈ।
“ਧਰਤੀ ਕੋ ਹਮਨੇ ਨਾਪ ਲਿਆ, ਹਮ ਚਾਂਦ ਸਿਤਾਰੋ ਤੱਕ ਪਹੁੰਚੇ।
ਕੁਲ ਕਾਇਨਾਤ ਕੋ ਜੀਤ ਲਿਆ, ਖਾਲੀ ਇਨਸਾਨ ਗਵਾ ਬੈਠੇ।





