ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ‘ਗੁਣਵੱਤਾ ਸੁਧਾਰ ਅਤੇ ਨੈਕ (NAAC) ਐਕਰੇਡਿਟੇਸ਼ਨ’ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ‘ਗੁਣਵੱਤਾ ਸੁਧਾਰ ਅਤੇ ਨੈਕ (NAAC) ਐਕਰੇਡਿਟੇਸ਼ਨ’ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ
ਪ੍ਰੋ. (ਡਾ.) ਸੰਦੀਪ ਗਰੋਵਰ ਨੇ ਨੈਕ (NAAC) ਦੇ ਬਾਈਨਰੀ ਐਕਰੇਡਿਟੇਸ਼ਨ ਫ੍ਰੇਮਵਰਕ ਅਤੇ ਸੰਸਥਾਗਤ ਉੱਤਮਤਾ ‘ਤੇ ਸਾਂਝੇ ਕੀਤੇ ਮਹੱਤਵਪੂਰਨ ਵਿਚਾਰ
ਫਿਰੋਜ਼ਪੁਰ: 21-7-2026: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ (SBSSU), ਫਿਰੋਜ਼ਪੁਰ ਦੇ ਇੰਟਰਨਲ ਕਲਾਉਿਟੀ ਅਸ਼ੋਰੈਂਸ ਸੈੱਲ (IQAC) ਵੱਲੋਂ “ਗੁਣਵੱਤਾ ਸੁਧਾਰ ਅਤੇ ਨੈਕ (NAAC) ਐਕਰੇਡਿਟੇਸ਼ਨ” ਵਿਸ਼ੇ ‘ਤੇ ਇੱਕ ਰੋਜ਼ਾ ਵਿਸ਼ੇਸ਼ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਡਾ. ਪੰਕਜ ਕਾਲੜਾ ਦੇ ਜੀ ਆਇਆਂ ਦੇ ਸ਼ਬਦਾਂ ਨਾਲ ਹੋਈ। ਮੁੱਖ ਵਕਤਾ ਪ੍ਰੋ. (ਡਾ.) ਸੰਦੀਪ ਗਰੋਵਰ (ਸੇਵਾਮੁਕਤ), ਸਾਬਕਾ ਕਾਰਜਕਾਰੀ ਵਾਈਸ ਚਾਂਸਲਰ, ਜੇ.ਸੀ. ਬੋਸ ਯੂਨੀਵਰਸਿਟੀ (ਵਾਈ.ਐਮ.ਸੀ.ਏ., ਫਰੀਦਾਬਾਦ) ਨੇ “IQAC ਰਾਹੀਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਗੁਣਵੱਤਾ ਸੁਧਾਰ” ਅਤੇ “ਨੈਕ (NAAC) ਐਕਰੇਡਿਟੇਸ਼ਨ ਲਈ ਰਣਨੀਤੀਆਂ” ਵਿਸ਼ਿਆਂ ‘ਤੇ ਦੋ ਤਕਨੀਕੀ ਸੈਸ਼ਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਵਿੱਚ ਗੁਣਵੱਤਾ ਇੱਕ ਨਿਰੰਤਰ ਪ੍ਰਕਿਰਿਆ ਹੈ, ਜੋ ਨਵੀਨਤਾਕਾਰੀ ਸੋਚ ਅਤੇ ਸਮੂਹਿਕ ਵਚਨਬੱਧਤਾ ਨਾਲ ਹੀ ਸੰਭਵ ਹੈ। IQAC ਨੂੰ ਸੰਸਥਾਗਤ ਉੱਤਮਤਾ ਦਾ ਪ੍ਰੇਰਕ ਦੱਸਦਿਆਂ ਪ੍ਰੋ. ਗਰੋਵਰ ਨੇ ਨੈਕ (NAAC) ਦੇ ਪ੍ਰਸਤਾਵਿਤ ਬਾਈਨਰੀ ਐਕਰੇਡਿਟੇਸ਼ਨ ਫ੍ਰੇਮਵਰਕ, ਇਸ ਦੇ ਦਸ ਪ੍ਰਮੁੱਖ ਪਹਿਲੂਆਂ, ਪ੍ਰਮਾਣਿਤ ਡਿਜੀਟਲ ਡਾਟਾ, ਨਤੀਜਾ-ਮੁਖੀ ਸਿੱਖਿਆ, ਖੋਜ, ਨਿਰੰਤਰਤਾ ਅਤੇ ਮਾਪਣਯੋਗ ਨਤੀਜਿਆਂ ਦੀ ਵਧਦੀ ਅਹਿਮੀਅਤ ‘ਤੇ ਵਿਸਥਾਰਪੂਰਵਕ ਚਾਨਣਾ ਪਾਇਆ।
ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਸੁਰੇਸ਼ ਕੁਮਾਰ ਸ਼ਰਮਾ ਨੇ ਸਮੂਹ ਫੈਕਲਟੀ ਅਤੇ ਸਟਾਫ਼ ਨੂੰ ਅਕਾਦਮਿਕ ਉੱਤਮਤਾ ਅਤੇ ਵਿਦਿਆਰਥੀ-ਕੇਂਦਰਿਤ ਮਾਹੌਲ ਸਿਰਜਣ ਲਈ ਇੱਕਜੁੱਟ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਰਜਿਸਟਰਾਰ ਡਾ. ਰਾਜੀਵ ਅਰੋੜਾ ਨੇ ਵਰਕਸ਼ਾਪ ਦੇ ਸਫਲ ਆਯੋਜਨ ਲਈ IQAC ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਦਕਿ ਡਾਇਰੈਕਟਰ IQAC ਡਾ. ਗਜ਼ਲਪ੍ਰੀਤ ਸਿੰਘ ਨੇ ਆਏ ਹੋਏ ਮੁੱਖ ਵਕਤਾ ਦਾ ਧੰਨਵਾਦ ਕੀਤਾ। ਵਰਕਸ਼ਾਪ ਦੇ ਅੰਤ ਵਿੱਚ ਪ੍ਰੋ. ਗਰੋਵਰ ਅਤੇ ਕੋਰ ਕਮੇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਫੈਕਲਟੀ ਮੈਂਬਰਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।




