Ferozepur News

ਰਾਸ਼ਟਰ ਨਿਰਮਾਣ ਵਿੱਚ ਜਨ ਗਣਨਾ ਦੀ ਅਹਿਮ ਭੂਮਿਕਾ

ਰਾਸ਼ਟਰ ਨਿਰਮਾਣ ਵਿੱਚ ਜਨ ਗਣਨਾ ਦੀ ਅਹਿਮ ਭੂਮਿਕਾਰਾਸ਼ਟਰ ਨਿਰਮਾਣ ਵਿੱਚ ਜਨ ਗਣਨਾ ਦੀ ਅਹਿਮ ਭੂਮਿਕਾ

ਪੂਰੇ ਭਾਰਤ ਦੇਸ਼ ਦੇ 28 ਪ੍ਰਦੇਸ਼ਾਂ ਅਤੇ 08 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਮਰਦਮਸ਼ੁਮਾਰੀ ਅਰਥਾਤ ਜਨ ਗਣਨਾ ਦੇ ਪਹਿਲੇ ਪੜਾਅ ਦਾ ਕੰਮ ਵਿਧੀਵਤ ਤਰੀਕੇ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੀ ਨਿਗਰਾਨੀ ਹੇਠ ਰਾਜ ਸਰਕਾਰਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਸ਼ੁਰੂ ਹੋ ਚੁੱਕਿਆ ਹੈ। ਜਨ ਗਣਨਾ ਸਿਰਫ ਦੇਸ਼ ਦੀ ਜਨਸੰਖਿਆ ਸਬੰਧੀ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਹੀ ਨਹੀਂ, ਬਲਕਿ ਦੇਸ਼ ਦੇ ਸਮੁੱਚੇ ਵਿਕਾਸ ਲਈ ਯੋਜਨਾਬੰਦੀ,ਰਾਸ਼ਟਰ ਨਿਰਮਾਣ ਅਤੇ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰਨ ਵਾਲੀ ਬੇਹੱਦ ਮਹੱਤਵਪੂਰਨ ਰਾਸ਼ਟਰੀ ਮੁਹਿੰਮ ਹੈ।ਪੰਜਾਬ ਰਾਜ ਵਿੱਚ 67 ਹਜ਼ਾਰ ਤੋਂ ਵੱਧ ਸਰਕਾਰੀ ਕਰਮਚਾਰੀ ਬਤੌਰ ਗਿਣਤੀਕਾਰ ਅਤੇ ਸੁਪਰਵਾਈਜ਼ਰ ਇਸ ਕੰਮ ਤੇ ਲਗਾਏ ਗਏ ਹਨ। ਜਨ ਗਣਨਾ ਦੇ ਕੰਮ ਵਿੱਚ ਲੱਗੇ ਗਿਣਤੀਕਾਰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਘਰ ਘਰ ਜਾ ਕੇ ਅੰਕੜੇ ਇਕੱਠੇ ਕਰ ਰਹੇ ਹਨ। ਆਧੁਨਿਕ ਦੌਰ ਵਿੱਚ ਵੱਧਦੇ ਸਾਈਬਰ ਕ੍ਰਾਈਮ ਅਤੇ ਡਿਜੀਟਲ ਧੋਖਾਧੜੀ ਦੇ ਕਾਰਨ ਆਮ ਲੋਕ ਆਪਣੇ ਸਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਤੋਂ ਗੁਰੇਜ ਕਰਦੇ ਹਨ। ਜਦ ਕਿ ਜਨ ਗਣਨਾ ਦੀ ਸਫਲਤਾ ਲੋਕਾਂ ਵੱਲੋਂ ਦਿੱਤੀ ਉਚਿਤ ਜਾਣਕਾਰੀ ਤੇ ਹੀ ਨਿਰਭਰ ਕਰਦੀ ਹੈ । ਜਨ ਗਣਨਾ ਦੀ ਚੱਲਦੀ ਪ੍ਰਕਿਰਿਆ ਦੌਰਾਨ ਆਮ ਨਾਗਰਿਕ ਨੂੰ ਇਹ ਵਿਸ਼ਵਾਸ ਦਿਵਾਉਣਾ, ਕਿ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ , ਅਤੇ ਇਸ ਦੀ ਵਰਤੋਂ ਸਿਰਫ ਅੰਕੜਾਗਤ ਉਦੇਸ਼ਾਂ ਲਈ ਹੀ ਕੀਤੀ ਜਾਂਦੀ ਹੈ। ਇਸ ਸਬੰਧੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਵੱਡੀ ਜਰੂਰਤ ਹੈ
ਜਨ ਗਣਨਾ ਤੋ ਭਾਵ ਦੇਸ਼ ਦੀ ਸਮੁੱਚੀ ਆਬਾਦੀ ਸਬੰਧੀ ਵਿਸਤ੍ਰਿਤ ਸੂਚਨਾ ਇਕੱਠੀ ਕਰਨਾ ਹੈ। ਦੇਸ਼ ਵਿੱਚ ਜਨਗਣਨਾ ਦੀ ਪ੍ਰਕਿਰਿਆ ਦੇਸ਼ ਦੇ ਉਜੱਵਲ ਭਵਿੱਖ ਅਤੇ ਸੁਚੱਜੇ ਵਿਕਾਸ ਲਈ ਬੇਹੱਦ ਮਹੱਤਵਪੂਰਨ ਮੰਨੀ ਜਾਂਦੀ ਹੈ। ਜਨ ਗਣਨਾ ਤੋਂ ਭਾਵ ਸਿਰਫ ਦੇਸ਼ ਦੀ ਕੁੱਲ ਜਨ ਸੰਖਿਆ ਦਾ ਹੀ ਪਤਾ ਨਹੀਂ ਚੱਲਦਾ ਬਲਕਿ ਦੇਸ਼ ਦੀ ਕੁੱਲ ਆਬਾਦੀ ਨਾਲ ਸੰਬੰਧਿਤ ਸਮਾਜਿਕ ,ਆਰਥਿਕ, ਬੁਨਿਆਦੀ ਢਾਂਚੇ ਅਤੇ ਆਮ ਲੋਕਾਂ ਦੇ ਰਹਿਣ ਸਹਿਣ, ਉਮਰ, ਕੰਮਕਾਜ, ਸਿੱਖਿਆ ,ਮਾਂ ਬੋਲੀ, ਧਰਮ, ਜਾਤੀ ,ਲਿੰਗ , ਅਪਾਹਜਤਾ ,ਪ੍ਰਵਾਸ, ਮਕਾਨ ਦੀ ਸਥਿਤੀ ਅਤੇ ਹੋਰ ਲੋੜੀਂਦੇ ਅੰਕੜਿਆਂ ਦੀ ਵੱਡਮੁੱਲੀ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ।
ਅਰਥਾਤ ਇਹ ਦੇਸ਼ ਦੀ ਸਮਾਜਿਕ, ਆਰਥਿਕ ਅਤੇ ਭੂਗੋਲਿਕ ਤਸਵੀਰ ਪੇਸ਼ ਕਰਨ ਵਾਲੀ ਸਭ ਤੋਂ ਵੱਡੀ ਅਤੇ ਮਹੱਤਵਪੂਰਨ ਪ੍ਰਕਿਰਿਆ ਹੁੰਦੀ ਹੈ।
ਭਾਰਤ ਦੀ ਜਨਗਣਨਾ ਦੁਨੀਆਂ ਦੀ ਸਭ ਤੋਂ ਵੱਡੀ ਪ੍ਰਸ਼ਾਸਨਿਕ ਅਤੇ ਸੰਖਿਅਕ ਕੰਮਾਂ ਵਿੱਚੋਂ ਇੱਕ ਹੈ। ਭਾਰਤ ਪੂਰੇ ਵਿਸ਼ਵ ਦੇ ਖੇਤਰਫਲ ਦਾ 2.4% ਹਿੱਸਾ ਹੈ, ਜਦ ਕਿ ਆਬਾਦੀ ਪੱਖੋਂ 17.5% ਹਿੱਸਾ ਹੈ। ਅਰਥਾਤ ਵਿਸ਼ਵ ਦਾ ਹਰ ਛੇਵਾਂ ਵਿਅਕਤੀ ਭਾਰਤੀ ਹੈ। ਇਹ ਪ੍ਰਕਿਰਿਆ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬਰਤਾਨਵੀ ਸਰਕਾਰ ਵੇਲੇ 1865 ਤੋਂ 1872 ਦੌਰਾਨ ਸ਼ੁਰੂ ਕੀਤੀ ਗਈ ਸੀ। ਸੰਨ 1881 ਵਿੱਚ ਸੰਪੂਰਨ ਜਨਗਣਨਾ ਕੀਤੀ ਗਈ । ਆਜ਼ਾਦ ਭਾਰਤ ਵਿੱਚ ਇਹ ਪਹਿਲੀ ਵਾਰ 1951 ਵਿੱਚ ਦੇਸ਼ ਦੇ ਗ੍ਰਹਿ ਮੰਤਰਾਲੇ ਦੀ ਨਿਗਰਾਨੀ ਹੇਠ ਜਨ ਗਣਨਾ ਕਾਨੂੰਨ 1948 ਅਧੀਨ ਕਰਵਾਈ ਗਈ। ਉਸ ਸਮੇਂ ਦੇਸ਼ ਦੀ ਕੁੱਲ ਆਬਾਦੀ 36.1 ਕਰੋੜ ਸੀ। ਦੇਸ਼ ਦੀ ਪਿਛਲੀ ਜਨ ਗਣਨਾ 2011 ਵਿੱਚ ਕਰਵਾਈ ਗਈ ,ਜਿਸ ਅਨੁਸਾਰ ਦੇਸ਼ ਦੀ ਆਬਾਦੀ 121 ਕਰੋੜ ਦੇ ਕਰੀਬ ਸੀ। ਕੋਵਿਡ -19 ਦੇ ਕਾਰਨ ਦੇਸ਼ ਦੀ ਜਨਗਣਨਾ ਦਾ ਕੰਮ 2021 ਵਿੱਚ ਸ਼ੁਰੂ ਨਹੀਂ ਹੋ ਸਕਿਆ।
ਹੁਣ ਭਾਰਤ ਦੇਸ਼ ਦੀ 16ਵੀ ਅਤੇ ਅਜ਼ਾਦ ਭਾਰਤ ਦੀ 8ਵੀ ਜਨ ਗਣਨਾ ਦੀ ਪ੍ਰਕਿਰਿਆ ਦਾ ਪਹਿਲਾ ਪੜਾਅ ਅਪ੍ਰੈਲ 2026 ਤੋਂ ਸ਼ੁਰੂ ਹੋ ਚੁੱਕਿਆ ਹੈ। ਅਤੇ ਦੂਸਰੇ ਪੜਾਅ ਦਾ ਕੰਮ ਫਰਵਰੀ 2027 ਵਿੱਚ ਸ਼ੁਰੂ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ ਗਿਣਤੀਕਾਰਾਂ ਵੱਲੋਂ ਮਕਾਨ ਸੁਚੀਕਰਨ ਦਾ ਕੰਮ ਕੀਤਾ ਜਾਵੇਗਾ। ਦੇਸ਼ ਦੇ ਵਿੱਚ ਪਹਿਲੀ ਵਾਰ ਇਹ ਪ੍ਰਕਿਰਿਆ ਡਿਜੀਟਲ ਪ੍ਰਣਾਲੀ ਨਾਲ ਵੀ ਕਰਵਾਈ ਜਾ ਰਹੀ ਹੈ। ਜਿਸ ਤਹਿਤ ਆਮ ਲੋਕ ਆਪਣੀ ਜਾਣਕਾਰੀ ਮੋਬਾਇਲ ਐਪ ਜਾਂ ਆਨਲਾਈਨ ਵਿਧੀ ਨਾਲ ਆਪਣੇ ਆਪ ਸਵੈ ਜਨ ਗਣਨਾ ਕਰ ਸਕਦੇ ਹਨ। ਡਿਜੀਟਲ ਪ੍ਰਣਾਲੀ ਨਾਲ ਪ੍ਰਕਿਰਿਆ ਤੇਜ਼ੀ ਨਾਲ ਨੇਪਰੇ ਚੜਦੀ ਹੈ ,ਜਿਸ ਨਾਲ ਸਮੇਂ ਦੀ ਬੱਚਤ ਹੋਣ ਦੇ ਨਾਲ ਨਾਲ ਗਲਤੀਆਂ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ । ਇਸ ਨਾਲ ਅੰਕੜੇ ਇਕੱਠੇ ਕਰਨ ਦੀ ਪਾਰਦਰਸ਼ਤਾ ਵੀ ਬਣੀ ਰਹਿੰਦੀ ਹੈ।ਇਹ ਪ੍ਰਕਿਰਿਆ 30 ਅਪ੍ਰੈਲ ਤੋਂ 14 ਮਈ ਤੱਕ ਸੁਚੱਜੇ ਢੰਗ ਨਾਲ ਚੱਲੀ । ਹੁਣ ਗਿਣਤੀਕਾਰਾਂ ਵੱਲੋਂ ਘਰ ਘਰ ਜਾ ਕੇ ਮਕਾਨ ਸੁਚੀਕਰਨ ਕਰਨ ਦੀ ਪ੍ਰਕਿਰਿਆ ਜੋਰ ਸ਼ੋਰ ਨਾਲ ਸ਼ੁਰੂ ਹੋ ਚੁੱਕੀ ਹੈ। ਇਹ ਪ੍ਰਕਿਰਿਆ 15 ਮਈ ਤੋਂ 13 ਜੂਨ 2026 ਤੱਕ ਚੱਲੇਗੀ। ਜਿਸ ਤਹਿਤ ਮਕਾਨ ਦੀ ਸਥਿਤੀ ,ਸਹੂਲਤਾਂ ਅਤੇ ਪਰਿਵਾਰ ਦੀ ਸੰਪਤੀ ਦੇ ਅੰਕੜੇ ਇਕੱਠੇ ਕੀਤੇ ਜਾਣਗੇ। ਜਨਗਣਨਾ ਦਾ ਇਹ ਪਹਿਲਾ ਪੜਾਅ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਫਰਵਰੀ 2027 ਵਿੱਚ ਹੋਣ ਵਾਲੇ ਦੂਸਰੇ ਪੜਾਅ ਲਈ ਇਹ ਅੰਕੜੇ ਅਧਾਰ ਦਾ ਕੰਮ ਕਰਦੇ ਹਨ।
ਇਹ ਅੰਕੜੇ ਦੇਸ਼ ਦੇ ਭਵਿੱਖ ਦੀਆਂ ਯੋਜਨਾਵਾਂ ਦਾ ਆਧਾਰ ਬਣਦੇ ਹਨ। ਜਿਨਾਂ ਦੇ ਆਧਾਰ ਤੇ ਹੀ ਲੋਕ ਭਲਾਈ ਦੀਆਂ ਸਲਾਨਾ, ਪੰਜ ਸਾਲਾਂ ਅਤੇ ਹੋਰ ਵਿਕਾਸ ਦੀਆਂ ਯੋਜਨਾਵਾਂ ਬਣਦੀਆਂ ਹਨ। ਕੇਂਦਰ ਅਤੇ ਰਾਜ ਸਰਕਾਰ ਜਨਗਣਨਾ ਦੇ ਅੰਕੜਿਆਂ ਦੇ ਆਧਾਰ ਤੇ ਸਿੱਖਿਆ, ਸਿਹਤ, ਰੁਜ਼ਗਾਰ, ਆਵਾਜਾਈ ਅਤੇ ਰਿਹਾਇਸ਼ ਨਾਲ ਸੰਬੰਧਿਤ ਯੋਜਨਾਵਾਂ ਤਿਆਰ ਕਰਦੀਆਂ ਹਨ। ਦੇਸ਼ ਦੇ ਸਰੋਤਾਂ ਦੀ ਸੁਚੱਜੀ ਵੰਡ ਵੀ ਇਸ ਦੇ ਅਧਾਰ ਤੇ ਹੀ ਕੀਤੀ ਜਾਂਦੀ ਹੈ, ਕਿਉਂਕਿ ਇਸ ਰਾਹੀਂ ਹੀ ਪਤਾ ਚੱਲਦਾ ਹੈ ਕਿ ਕਿਸ ਖੇਤਰ ਵਿੱਚ ਵੱਧ ਆਬਾਦੀ ਹੈ ਅਤੇ ਕਿੱਥੇ ਘੱਟ ਸਹੂਲਤਾਂ ਹਨ। ਲੋਕਤੰਤਰ ਦੀ ਕਾਮਯਾਬੀ ਅਤੇ ਚੋਣ ਪ੍ਰਣਾਲੀ ਦੀ ਸਫਲਤਾ ਲਈ ਵੀ ਜਨ ਗਣਨਾ ਬੇਹੱਦ ਲਾਇਵੰਦ ਸਾਬਿਤ ਹੁੰਦੀ ਹੈ। ਜਿਸ ਦੇ ਆਧਾਰ ਤੇ ਹੀ ਹਲਕਿਆਂ ਦੀ ਹੱਦਬੰਦੀ ਅਤੇ ਚੁਣੇ ਜਾਣ ਵਾਲੇ ਨੁਮਾਇੰਦਿਆਂ ਦੀ ਗਿਣਤੀ ਨਿਰਧਾਰਿਤ ਕੀਤੀ ਜਾਂਦੀ ਹੈ। ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਪਾਈਆਂ ਜਾਂਦੀਆਂ ਅਨੇਕਾਂ ਸਮਾਜਿਕ ਸਮੱਸਿਆਵਾਂ ਜਿਵੇਂ ਕਿ ਗਰੀਬੀ, ਅਨਪੜਤਾ, ਲਿੰਗ ਅਸਮਾਨਤਾਵਾਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਸਰਕਾਰ ਸੁਧਾਰ ਲਈ ਕਦਮ ਚੁੱਕਦੀ ਹੈ । ਦੇਸ਼ ਦੇ ਭਵਿੱਖ ਦੀ ਯੋਜਨਾ ਬਣਾਉਣ ਲਈ ਵੱਧਦੀ ਆਬਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੜਕਾਂ, ਪਾਣੀ, ਸੀਵਰੇਜ, ਬਿਜਲੀ ਅਤੇ ਹੋਰ ਬੁਨਿਆਦੀ ਜਰੂਰਤਾਂ ਦੀ ਯੋਜਨਾ ਵੀ ਇਹਨਾਂ ਅੰਕੜਿਆਂ ਦੇ ਅਧਾਰ ਤੇ ਹੀ ਤਿਆਰ ਕੀਤੀ ਜਾਂਦੀ ਹੈ। ਵਪਾਰਕ ਅਤੇ ਉਦਯੋਗੀ ਖੇਤਰ ਵਿੱਚ ਇਹ ਅੰਕੜੇ ਬੇਹੱਦ ਲਾਹੇਵੰਦ ਸਾਬਿਤ ਹੁੰਦੇ ਹਨ। ਬਜ਼ਾਰ ਨੂੰ ਸਮਝਣ ਵਿੱਚ ਆਸਾਨੀ ਹੁੰਦੀ ਹੈ।ਵਪਾਰਕ ਖੋਜ, ਇਸ਼ਤਿਹਾਰਬਾਜ਼ੀ ,ਵਪਾਰ ਦਾ ਖੇਤਰ ਤੈਅ ਕਰਨਾ , ਉਦਯੋਗ ਲਗਾਉਣਾ ਅਤੇ ਇਸ ਦਾ ਵਿਸਥਾਰ ਕਰਨ ਵਰਗੇ ਫੈਸਲੇ ਜਨ ਗਣਨਾ ਦੇ ਅੰਕੜਿਆਂ ਨੂੰ ਧਿਆਨ ਵਿੱਚ ਰੱਖ ਕੇ ਲਏ ਜਾਂਦੇ ਹਨ। ਕਿਉਂਕਿ ਇਹ ਸਮਾਜ ਦੀ ਅਸਲ ਸਥਿਤੀ ਨੂੰ ਦਰਸਾਉਂਦੇ ਹਨ।
ਜਨ ਗਣਨਾ ਕੇਵਲ ਲੋਕਾਂ ਦੀ ਗਿਣਤੀ ਨਹੀਂ ਸਗੋਂ ਦੇਸ਼ ਦੇ ਸਰਵਪੱਖੀ ਵਿਕਾਸ ਦੀ ਨੀਹ ਹੈ। ਇਸ ਨਾਲ ਸਰਕਾਰ ਨੂੰ ਲੋਕਾਂ ਦੀਆਂ ਅਸਲ ਲੋੜਾਂ ਦਾ ਪਤਾ ਲੱਗਦਾ ਹੈ ਅਤੇ ਦੇਸ਼ ਦੀ ਤਰੱਕੀ ਲਈ ਪ੍ਰਭਾਵਸ਼ਾਲੀ ਯੋਜਨਾਵਾਂ ਬਣਾਉਣ ਵਿੱਚ ਮੱਦਦ ਮਿਲਦੀ ਹੈ।
ਜਨ ਗਣਨਾ ਦੀ ਸਫਲਤਾ ਦੀ ਦੇਸ਼ ਦੇ ਵਿਕਾਸ ਵਿੱਚ ਇੰਨੀ ਜ਼ਿਆਦਾ ਮਹੱਤਤਾ ਹੋਣ ਕਾਰਨ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਉਹ ਉਚਿਤ ਅਤੇ ਸੱਚੀ ਜਾਣਕਾਰੀ ਉਪਲਬਧ ਕਰਵਾਉਣ । ਗਿਣਤੀਕਾਰ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਤਨਦੇਹੀ ਅਤੇ ਨਿਰਪੱਖਤਾ ਨਾਲ ਕੰਮ ਕਰਨ। ਆਮ ਲੋਕਾਂ ਵਿੱਚ ਇਹ ਵਿਸ਼ਵਾਸ ਪੈਦਾ ਕਰਨ ਦੀ ਜਰੂਰਤ ਹੈ ਕਿ ਜਨਗਣਨਾ ਦੌਰਾਨ ਇਕੱਠੀ ਕੀਤੀ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ। ਇੱਥੋਂ ਤੱਕ ਕੀ ਆਮ ਨਾਗਰਿਕਾਂ ਵੱਲੋਂ ਦਿੱਤੀ ਜਾਣਕਾਰੀ ਨੂੰ ਸੂਚਨਾ ਅਧਿਕਾਰ ਕਾਨੂੰਨ (ਆਰ ਟੀ ਆਈ )ਤਹਿਤ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਦੀ ਵਰਤੋਂ ਕਿਸੇ ਵੀ ਸਿਵਲ ਜਾਂ ਫ਼ੌਜਦਾਰੀ ਮਾਮਲੇ ਵਿੱਚ ਸਬੂਤ ਵਜੋਂ ਵੀ ਪੇਸ਼ ਨਹੀਂ ਕੀਤੀ ਜਾ ਸਕਦੀ । ਇਸ ਲਈ ਹਰ ਦੇਸ਼ ਵਾਸੀ ਦਾ ਫਰਜ਼ ਬਣਦਾ ਹੈ ਕਿ ਇਸ ਰਾਸ਼ਟਰੀ ਮੁਹਿੰਮ ਦੀ ਸਫਲਤਾ ਅਤੇ ਦੇਸ਼ ਦੇ ਵਿਕਾਸ ਦੀਆਂ ਠੋਸ ਯੋਜਨਾਵਾਂ ਲਈ ਬਿਨਾਂ ਕਿਸੇ ਡਰ, ਭੈਅ, ਸ਼ੱਕ ਜਾਂ ਸੰਕੋਚ ਤੋਂ ਸੱਚੀ ਜਾਣਕਾਰੀ ਦੇਣ । ਗਲਤ ਇੰਦਰਾਜ਼ ਕਰਾਉਣ ਲਈ ਗਿਣਤੀਕਾਰ ਤੇ ਕਿਸੇ ਕਿਸਮ ਦਾ ਦਬਾਅ ਨਾ ਪਾਇਆ ਜਾਵੇ।
ਅੰਕੜਾ ਵਿਗਿਆਨ ਅਨੁਸਾਰ ਅੰਕੜਿਆਂ ਤੂੰ ਠੋਸ ਟੀਚੇ ਪ੍ਰਾਪਤ ਕਰਨ ਲਈ ਅੰਕੜਿਆਂ ਨੂੰ ਤਿੰਨ ਪੜਾਅ ਪੂਰੇ ਕਰਨੇ ਪੈਂਦੇ ਹਨ ।ਪਹਿਲਾ ਅੰਕੜੇ ਇਕੱਠੇ ਕਰਨਾ, ਦੂਸਰਾ ਵਰਗੀਕਰਨ ਅਤੇ ਤੀਸਰਾ ਵਿਸ਼ਲੇਸ਼ਣ ।ਦੂਸਰੇ ਅਤੇ ਤੀਸਰੇ ਪੜਾਅ ਦੀ ਸਫਲਤਾ ਪਹਿਲੇ ਪੜਾਅ ਅਰਥਾਤ ਨਿਰਪੱਖ ਅਤੇ ਉੱਚਿਤ ਅੰਕੜੇ ਇਕੱਠੇ ਕਰਨ ਤੇ ਹੀ ਨਿਰਭਰ ਕਰਦੀ ਹੈ। ਇਸ ਲਈ ਜਨ ਗਣਨਾ ਦੌਰਾਨ ਅੰਕੜੇ ਇਕੱਠੇ ਕਰਨ ਦਾ ਪੜਾਅ ਬੇਹੱਦ ਮਹੱਤਵਪੂਰਨ ਹੈ।

ਇਸ ਤੋਂ ਇਲਾਵਾ ਜਨ ਗਣਨਾ ਦੀ ਸਫਲਤਾ ਸਹੀ ਯੋਜਨਾ, ਆਮ ਨਾਗਰਿਕਾਂ ਦਾ ਸਹਿਯੋਗ ਅਤੇ ਨਿਰਪੱਖ ਕਾਰਜ ਪ੍ਰਣਾਲੀ ਤੇ ਨਿਰਭਰ ਕਰਦੀ ਹੈ । ਜੇਕਰ ਹਰ ਨਾਗਰਿਕ ਆਪਣੀ ਜਿੰਮੇਵਾਰੀ ਸਮਝਦੇ ਹੋਏ ਸਹੀ ਅਤੇ ਸੱਚੀ ਜਾਣਕਾਰੀ ਦੇਵੇ ਅਤੇ ਇਸ ਕੰਮ ਨੂੰ ਨੇਪਰੇ ਚੜਨ ਵਾਲਾ ਸਰਕਾਰੀ ਅਮਲਾ ਪੂਰੀ ਪਾਰਦਰਸ਼ਤਾ ਨਾਲ ਪ੍ਰਕਿਰਿਆ ਚਲਾਏ ਤਾਂ ਜਨ ਗਣਨਾ ਦੇਸ਼ ਦੇ ਵਿਕਾਸ ਲਈ ਮਜਬੂਤ ਆਧਾਰ ਸਾਬਿਤ ਹੋ ਸਕਦੀ ਹੈ ।

ਡਾ. ਸਤਿੰਦਰ ਸਿੰਘ (ਪੀ ਈ.ਐਸ)
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਫਿਰੋਜ਼ਪੁਰ
ਸਟੇਟ ਅਤੇ ਨੈਸ਼ਨਲ ਅਵਾਰਡੀ
ਧਵਨ ਕਲੋਨੀ ਫਿਰੋਜ਼ਪੁਰ ।
9815427554

Related Articles

Leave a Reply

Your email address will not be published. Required fields are marked *

Back to top button