Ferozepur News
ਗਾਂਧੀ ਗਾਰਡਨ ਵਿਖੇ ਮਨਾਇਆ ਗਿਆ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ
ਐਮ.ਐਲ.ਏ. ਰਣਬੀਰ ਸਿੰਘ ਭੁੱਲਰ, ਫੌਜਾ ਸਿੰਘ ਸਰਾਰੀ, ਸ੍ਰੀ ਨਾਰੇਸ਼ ਕਟਾਰੀਆ ਨੇ ਵੀ ਅੰਤਰਰਾਸ਼ਟਰੀ ਯੋਗ ਦਿਵਸ ਤੇ ਕੀਤਾ ਯੋਗ
ਗਾਂਧੀ ਗਾਰਡਨ ਵਿਖੇ ਮਨਾਇਆ ਗਿਆ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ
• ਐਮ.ਐਲ.ਏ. ਰਣਬੀਰ ਸਿੰਘ ਭੁੱਲਰ, ਫੌਜਾ ਸਿੰਘ ਸਰਾਰੀ, ਸ੍ਰੀ ਨਾਰੇਸ਼ ਕਟਾਰੀਆ ਨੇ ਵੀ ਅੰਤਰਰਾਸ਼ਟਰੀ ਯੋਗ ਦਿਵਸ ਤੇ ਕੀਤਾ ਯੋਗ
• ਯੋਗ ਸਾਡੀ ਸ਼ਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ – ਧੀਮਾਨ
ਫਿਰੋਜ਼ਪੁਰ, 21 ਜੂਨ 2024:
ਫਿਰੋਜ਼ਪੁਰ ਛਾਉਣੀ ਸਥਿਤ ਗਾਂਧੀ ਗਾਰਡਨ ਵਿਖੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਪੱਧਰੀ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਸਾਲ ਦੇ ਯੋਗ ਦਿਵਸ ਦਾ ਥੀਮ ” ਯੋਗ- ਆਪਣੇ ਅਤੇ ਸਮਾਜ ਲਈ” ਸੀ। ਇਸ ਯੋਗ ਦਿਵਸ ਮੌਕੇ ਵਿਧਾਇਕ ਫਿਰੋਜਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਵਧਾਇਕ ਜ਼ੀਰਾ ਸ੍ਰੀ ਨਾਰੇਸ਼ ਕਟਾਰੀਆ, ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
ਇਸ ਮੌਕੇ ਵਿਧਾਇਕ ਫਿਰੋਜਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਵਿਧਾਇਕ ਜ਼ੀਰਾ ਸ੍ਰੀ ਨਾਰੇਸ਼ ਕਟਾਰੀਆਂ ਨੇ ਕਿਹਾ ਕਿ ਯੋਗ ਸਾਡੀ ਸ਼ਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਆਪਣੀ ਜ਼ਿੰਦਗੀ ਵਿੱਚ ਯੋਗ ਨੂੰ ਆਪਣਾ ਕੇ ਸ਼ਰੀਰਕ ਸਮੱਸਿਆਵਾਂ ਨੂੰ ਦੂਰ ਕੀਤਾ ਹੈ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਯੋਗਾ ਕਰਨਾ ਚਾਹੀਦਾ ਹੈ ਅਤੇ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਹਰ ਮਨੁੱਖ ਯੋਗ ਤੋਂ ਪ੍ਰਭਾਵਿਤ ਹੋ ਕੇ ਇਸ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਸ਼ਾਮਿਲ ਕਰ ਸਕੇ|
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਯੋਗ ਕਰਨਾ ਸਾਡੇ ਲਈ ਬਹੁਤ ਅਹਿਮ ਹੈ। ਯੋਗ ਕਰਨ ਵਾਲਾ ਇਨਸਾਨ ਇਕ ਤੰਦਰੁਸਤ ਸ਼ਰੀਰ ਤੇ ਦਿਮਾਗ ਦਾ ਮਾਲਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਯੋਗ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜਕਲ ਦੇ ਤੇਜ਼ ਤਰਾਰ ਮਸ਼ੀਨੀ ਯੁੱਗ ਵਿੱਚ ਯੋਗ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸ਼ਰੀਰਕ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਵਿੱਚ ਸਹਾਈ ਹੋ ਸਕਦਾ ਹੈ।
ਯੋਗਾ ਸੈਸ਼ਨ ਦੀ ਅਗਵਾਈ ਕਰਦੇ ਹੋਏ ਯੋਗਾਚਾਰਿਆ ਸ੍ਰੀ ਪ੍ਰਮੋਦ ਨੇ ਦੱਸਿਆ ਕਿ ਕਿਵੇਂ ਯੋਗਾ ਤੰਦਰੁਸਤੀ ਅਤੇ ਚੰਗੀ ਸਿਹਤ ਲਈ ਇੱਕ ਸੰਪੂਰਨ ਪਹੁੰਚ ਹੈ। ਯੋਗਾਚਾਰਿਆ ਨੇ ਯੋਗਾ ਦੇ ਵੱਖ-ਵੱਖ ਆਸਨਾਂ ਦੀ ਵਿਆਖਿਆ ਕੀਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਇਹ ਆਸਨ ਪ੍ਰਾਣਾਯਾਮ ਅਤੇ ਧਿਆਨ ਨਾਲ ਮਿਲ ਕੇ ਵਿਅਕਤੀ ਨੂੰ ਸ਼ਰੀਰਕ, ਮਾਨਸਿਕ ਤੌਰ ‘ਤੇ ਤੰਦਰੁਸਤ ਅਤੇ ਅਧਿਆਤਮਿਕ ਤੌਰ ‘ਤੇ ਜਾਗਦੇ ਰਹਿਣ ਵਿਚ ਮਦਦ ਕਰਦੇ ਹਨ। ਇਸ ਸਮਾਗਮ ਵਿੱਚ 500 ਦੇ ਕਰੀਬ ਲੋਕਾਂ ਨੇ ਬੜੇ ਉਤਸ਼ਾਹ ਨਾਲ ਆਪਣੀ ਭਾਗੀਦਾਰੀ ਦਰਜ ਕਰਵਾਈ। ਇਸ ਮੌਕੇ ਆਏ ਹੋਏ ਵਿਸ਼ੇਸ ਮਹਿਮਾਨਾਂ ਨੂੰ ਬੂਟੇ ਵੰਡ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਹਰ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਵੀ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ ਫਿਰੋਜ਼ਪੁਰ ਡਾ. ਚਾਰੂਮਿਤਾ ਸ਼ੇਖਰ, ਸਹਾਇਕ ਕਮਿਸ਼ਨਰ ਸ੍ਰੀ ਸੂਰਜ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਡਿਪਟੀ ਡੀ.ਈ.ਓ ਸ੍ਰੀ ਪ੍ਰਗਟ ਬਰਾੜ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ, ਸ੍ਰੀ ਦੀਪਕ ਮੰਗਲਾ, ਡਾ. ਸੁਮਿਤ ਮੋਂਗਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਯੋਗ ਸਾਧਨਾ ਕੇਂਦਰ ਫਿਰੋਜ਼ਪੁਰ ਦੇ ਮੈਂਬਰ ਤੋਂ ਇਲਾਵਾ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।