ਵਿਧਾਇਕ ਰਣਬੀਰ ਭੁੱਲਰ ਅਤੇ ਡੀ.ਸੀ. ਰਾਜੇਸ਼ ਧੀਮਾਨ ਨੇ ਜਨ ਸੁਵਿਧਾ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ; ਕਈ ਸ਼ਿਕਾਇਤਾਂ ਦਾ ਮੌਕੇ ‘ਤੇ ਕੀਤਾ ਨਿਪਟਾਰਾ
ਪੰਜਾਬ ਸਰਕਾਰ ਲੋਕਾਂ ਦੀਆਂ ਬਰੂਹਾਂ ਤੱਕ ਸਰਕਾਰੀ ਸੁਵਿਧਾਵਾਂ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ -ਭੁੱਲਰ
ਵਿਧਾਇਕ ਰਣਬੀਰ ਭੁੱਲਰ ਅਤੇ ਡੀ.ਸੀ. ਰਾਜੇਸ਼ ਧੀਮਾਨ ਨੇ ਜਨ ਸੁਵਿਧਾ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ; ਕਈ ਸ਼ਿਕਾਇਤਾਂ ਦਾ ਮੌਕੇ ‘ਤੇ ਕੀਤਾ ਨਿਪਟਾਰਾ
- ਪੰਜਾਬ ਸਰਕਾਰ ਲੋਕਾਂ ਦੀਆਂ ਬਰੂਹਾਂ ਤੱਕ ਸਰਕਾਰੀ ਸੁਵਿਧਾਵਾਂ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ -ਭੁੱਲਰ
- ਅਜਿਹੇ ਕੈਂਪ ਭਵਿੱਖ ਵਿਚ ਵੀ ਲਗਾਏ ਜਾਣਗੇ – ਧੀਮਾਨ
ਫਿਰੋਜ਼ਪੁਰ 24 ਫਰਵਰੀ 2023 ( ) ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਬਰੂਹਾਂ ਤੱਕ ਸਰਕਾਰੀ ਸੁਵਿਧਾਵਾਂ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹੈ। ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਇਹ ਪ੍ਰਗਟਾਵਾ ਵਿਧਾਨਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ.ਰਣਬੀਰ ਸਿੰਘ ਭੁੱਲਰ ਨੇ ਨਗਰ ਕੌਂਸਲ ਫਿਰੋਜ਼ਪੁਰ ਵਿਖੇ ਲਗਾਏ ਜਨ ਸੁਵਿਧਾ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਦਿਆਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਅਤੇ ਸਹਾਇਕ ਕਮਿਸ਼ਨਰ ਸੂਰਜ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਰਾਜ ਭਰ ਵਿਚ ਲੋਕਾਂ ਨੂੰ ਭਲਾਈ ਸਕੀਮਾਂ ਦਾ ਪੂਰਾ ਲਾਭ ਦੇਣ ਲਈ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਆਸਾਨੀ ਨਾਲ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਹਰ ਵਰਗ ਦੀ ਭਲਾਈ ਲਈ ਵੱਡੇ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਕੈਂਪ ਲਗਾਉਣ ਦਾ ਮੰਤਵ ਇਕੋ ਥਾਂ `ਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ ਤਾਂ ਜੋ ਲੋਕਾਂ ਦੀ ਖਜਲ-ਖੁਆਰੀ ਨਾ ਹੋਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸੁਵਿਧਾ ਕੈਂਪ ਵਿਚ ਵਿੱਚ ਪੈਨਸ਼ਨ, ਰਾਸ਼ਨ ਕਾਰਡ, ਬਿਜਲੀ, ਸਫਾਈ, ਸੀਵਰੇਜ, ਸੜਕਾਂ, ਸਿਹਤ ਵਿਭਾਗ ਆਦਿ ਨਾਲ ਸਬੰਧਤ ਅਰਜੀਆਂ ਪ੍ਰਾਪਤ ਹੋਈਆਂ। ਇਨ੍ਹਾਂ ਅਰਜੀਆਂ ਨੂੰ ਮੌਕੇ ‘ਤੇ ਹੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਕੇ ਸਮਾਂਬੱਧ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਵੱਖ-ਵੱਖ ਸਕੀਮਾਂ ਦੇ ਲਾਭ ਮੁਹੱਈਆ ਕਰਵਾਉਣ ਲਈ ਬਿਨੈ ਪੱਤਰ ਪ੍ਰਾਪਤ ਹੋਏ ਜਿੰਨਾ ਦੀ ਪੜਤਾਲ ਉਪਰੰਤ ਯੋਗ ਪ੍ਰਾਰਥੀਆਂ ਨੂੰ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤਾਂ ਲਈ ਭਵਿੱਖ ਵਿਚ ਵੀ ਅਜਿਹੇ ਕੈਂਪ ਲਗਾਏ ਜਾਣਗੇ।
ਇਸ ਮੌਕੇ ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਕਾਰਜਸਾਧਕ ਅਫਸਰ ਨਗਰ ਕੌਂਸਲ ਫਿਰੋਜ਼ਪੁਰ ਸੰਜੇ ਬਾਂਸਲ, ਨਾਇਬ ਤਹਿਸੀਲਦਾਰ ਰਾਕੇਸ਼ ਅਗਰਵਾਲ, ਪ੍ਰਧਾਨ ਨਗਰ ਕੌਂਸਲ ਰੋਹਿਤ ਗਰੋਵਰ, ਮਨਮੀਤ ਸਿੰਘ ਮਿੱਠੂ ਤੋਂ ਇਲਾਵਾ ਪੁਲਿਸ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਨਗਰ ਕੌਂਸਲ ਦੇ ਮੈਂਬਰ ਹਾਜ਼ਰ ਸਨ।