ਨੀਟ ਪ੍ਰੀਖਿਆ – ਭਰੋਸੇ ਦੇ ਸੰਕਟ ਵਿੱਚ ਪ੍ਰੀਖਿਆ ਪ੍ਰਣਾਲੀ – ਡਾ ਸਤਿੰਦਰ ਸਿੰਘ

ਨੀਟ ਪ੍ਰੀਖਿਆ – ਭਰੋਸੇ ਦੇ ਸੰਕਟ ਵਿੱਚ ਪ੍ਰੀਖਿਆ ਪ੍ਰਣਾਲੀ।
ਦੇਸ਼ ਦੇ ਮੈਡੀਕਲ ਕਾਲਜਾਂ ਦੇ ਵਿੱਚ ਐਮ ਬੀ ਬੀ ਐਸ ਦੇ ਦਾਖਲੇ ਲਈ 03 ਮਈ ਨੂੰ ਆਯੋਜਿਤ ਹੋਈ ਦੇਸ਼ ਦੀ ਬੇਹੱਦ ਮਹੱਤਵਪੂਰਨ ਨੀਟ ( ਰਾਸ਼ਟਰੀ ਯੋਗਤਾ ਅਤੇ ਦਾਖਲਾ ਟੈਸਟ)ਪ੍ਰੀਖਿਆ, ਗੜਬੜੀਆਂ ਦੀਆਂ ਖਬਰਾਂ ਕਾਰਨ ਰੱਦ ਹੋਣ ਤੋਂ ਬਾਅਦ 21 ਜੂਨ ਨੂੰ ਦੁਬਾਰਾ ਕਰਵਾਉਣ ਦਾ ਐਲਾਨ ਹੋਣ ਤੋਂ ਬਾਅਦ 22 ਲੱਖ ਤੋਂ ਵੱਧ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਮਨਾਂ ਵਿੱਚ ਇੱਕ ਹੀ ਪ੍ਰਸ਼ਨ ਉੱਠ ਰਿਹਾ ਹੈ ਕਿ ,ਇਹ ਪ੍ਰੀਖਿਆ ਪਾਰਦਰਸ਼ੀ ਨਿਰਪੱਖ ਅਤੇ ਇਮਾਨਦਾਰੀ ਨਾਲ ਸੁਚੱਜੇ ਢੰਗ ਨਾਲ ਆਯੋਜਿਤ ਹੋਵੇਗੀ ਜਾਂ ਇਸ ਦਾ ਵੀ ਹਸ਼ਰ ਪਹਿਲਾਂ ਵਰਗੇ ਟੈਸਟ ਵਾਂਗ ਹੋਵੇਗਾ । ਇਸ ਸਮੇਂ ਵਿਦਿਆਰਥੀ ਅਤੇ ਮਾਪੇ ਬੇਹੱਦ ਤਨਾਪੂਰਨ ਸਥਿਤੀ ਵਿੱਚੋਂ ਗੁਜਰ ਰਹੇ ਹਨ।
ਸਾਡੇ ਦੇਸ਼ ਵਿੱਚ ਡਾਕਟਰੀ ਦੇ ਕਿੱਤੇ ਨੂੰ ਪਵਿੱਤਰ ਅਤੇ ਸਤਿਕਾਰ ਪੇਸ਼ਾ ਮੰਨਿਆ ਜਾਂਦਾ ਹੈ । ਭਾਰਤ ਵਿੱਚ ਡਾਕਟਰੀ ਸਿੱਖਿਆ ਨੂੰ ਸਭ ਤੋਂ ਜਿੰਮੇਵਾਰ ਖੇਤਰਾਂ ਵਿੱਚ ਇੱਕ ਗਿਣਿਆ ਜਾਂਦਾ ਹੈ । ਦੇਸ਼ ਦੇ ਰੋਸ਼ਨ ਦਿਮਾਗ ਲੱਖਾਂ ਵਿਦਿਆਰਥੀ ਹਰ ਸਾਲ ਐਮਬੀਬੀਐਸ ਦੀ ਡਿਗਰੀ ਵਿੱਚ ਦਾਖਲਾ ਲੈ ਕੇ ਡਾਕਟਰ ਬਣਨ ਦਾ ਸੁਪਨਾ ਦੇਖਦੇ ਹਨ। ਉਹ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ, ਲਗਨ ਅਤੇ ਸਮਰਪਣ ਨਾਲ ਤਿਆਰੀ ਕਰਦੇ ਹਨ । ਇਸ ਲਈ ਉਹ ਆਪਣੀ ਜਵਾਨੀ ਸਮੇਂ ਦੀਆਂ ਖੁਸ਼ੀਆਂ ,ਸਰੀਰਕ ਖੇਡਾਂ, ਤਿਉਹਾਰ ਮਨਾਉਣ ਦੇ ਚਾਅ, ਰਿਸ਼ਤੇਦਾਰੀ ਅਤੇ ਪਰਿਵਾਰਕ ਸਮਾਗਮ, ਦੋਸਤਾਂ ਮਿੱਤਰਾਂ ਨਾਲ ਹੁੰਦੀ ਮੌਜ ਮਸਤੀ ਆਂਦਿ ਇਹਨਾਂ ਸਭ ਦਾ ਤਿਆਗ ਕਰਦੇ ਹਨ। ਮਾਪਿਆਂ ਵੱਲੋਂ ਆਪਣੀ ਜ਼ਿੰਦਗੀ ਭਰ ਦੀ ਜਮਾ ਕੀਤੀ ਪੂੰਜੀ ਦੇ ਲੱਖਾਂ ਰੁਪਏ ਬੱਚਿਆਂ ਦੇ ਉਜੱਵਲ ਭਵਿੱਖ ਲਈ ਨੀਟ ਦੀ ਤਿਆਰੀ ਲਈ ਕੋਚਿੰਗ ਸੈਂਟਰਾਂ ,ਹੋਸਟਲ, ਨੋਟਸ ,ਟੈਸਟ ਸੀਰੀਜ਼ ਲਈ ਲਗਾ ਦਿੱਤੀ ਜਾਂਦੀ ਹੈ ,ਕਿ ਬੱਚੇ ਦਾ ਭਵਿੱਖ ਉਜਵਲ ਹੋਏਗਾ ਅਤੇ ਉਹ ਡਾਕਟਰੀ ਦਾ ਪਵਿੱਤਰ ਪੇਸ਼ਾ ਅਪਣਾਏਗਾ । ਨੀਟ ਦੀ ਸੰਜੀਦਗੀ ਨਾਲ ਤਿਆਰੀ ਕਰਦੇ ਬਹੁ ਗਿਣਤੀ ਵਿਦਿਆਰਥੀਆਂ ਦੇ ਘਰਾਂ ਵਿੱਚ ਜੰਗ ਦੀ ਤਿਆਰੀ ਵਰਗਾ ਮਾਹੌਲ ਹੁੰਦਾ ਹੈ। ਇਹ ਮਹੱਤਵਪੂਰਨ ਪ੍ਰੀਖਿਆ ਪਰਿਵਾਰਾਂ ਦੀ ਆਰਥਿਕ, ਸਮਾਜਿਕ, ਮਾਨਸਿਕ ਅਤੇ ਸਰੀਰਕ ਸਥਿਤੀ ਨੂੰ ਬਦਲ ਕੇ ਰੱਖ ਦਿੰਦੀ ਹੈ। ਐਮਬੀਬੀਐਸ ਦਾਖਲਾ ਪ੍ਰਕਿਰਿਆ ਸਿਰਫ ਪ੍ਰੀਖਿਆ ਹੀ ਨਹੀਂ ਸਗੋਂ ਵਿਦਿਆਰਥੀ ਦੀ ਯੋਗਤਾ, ਧੀਰਜ ,ਮਾਨਸਿਕ ਮਜਬੂਤੀ ਅਤੇ ਮਿਹਨਤ ਦੀ ਵੀ ਪਰਖ ਹੁੰਦੀ ਹੈ।
ਇਸ ਲਈ ਵਿਦਿਆਰਥੀਆਂ ਦਾ ਸਵੇਰੇ ਸੂਰਜ ਚੜਨ ਤੋਂ ਕਾਫੀ ਸਮਾਂ ਪਹਿਲੇ ਉੱਠਣਾ, ਦੇਰ ਰਾਤ ਨੂੰ ਸੋਣਾ, ਕਮਰੇ ਦੀਆਂ ਦੀਵਾਰਾਂ ਉੱਤੇ ਲੱਗੇ ਨੋਟਸ, ਅੱਖਾਂ ਵਿੱਚ ਨੀਂਦ, ਸਰੀਰਕ ਥਕਾਵਟ, ਦਿਮਾਗ ਵਿੱਚ ਡਰ ਅਤੇ ਤਨਾਅ ਨੀਟ ਦੀ ਸੰਜੀਦਗੀ ਨਾਲ ਤਿਆਰੀ ਕਰਦੇ ਹਰ ਵਿਦਿਆਰਥੀ ਵਿੱਚ ਆਮ ਦੇਖਿਆ ਜਾ ਸਕਦਾ ਹੈ। ਵਿਦਿਆਰਥੀ ਨੋਟਸ, ਕਿਤਾਬਾਂ ਅਤੇ ਮੌਕ ਟੈਸਟ ਦੇ ਚੱਕਰ ਵਿੱਚ ਘਿਰ ਜਾਂਦਾ ਹੈ। ਯੋਗ ਵਿਦਿਆਰਥੀ ਦੀ ਰੋਜ਼ਾਨਾ 14-16 ਘੰਟੇ ਦੀ ਪੜ੍ਹਾਈ, ਜ਼ਿੰਦਗੀ ਦੇ ਸੁਨਹਿਰੀ ਪਲਾਂ ਦਾ ਤਿਆਗ ,ਜਿੱਥੇ ਉੱਜਵਲ ਭਵਿੱਖ ਲਈ ਕਰਦਾ ਹੈ ,ਉੱਥੇ ਉਮੀਦ ਕਰਦਾ ਹੈ ਕਿ ਇਹ ਪ੍ਰੀਖਿਆ ਨਿਰਪੱਖਤਾ ,ਪਾਰਦਰਸ਼ਤਾ ਅਤੇ ਭਰੋਸੇਯੋਗ ਹੋਵੇਗੀ ਅਤੇ ਸਮੁੱਚੀ ਪ੍ਰਕਿਰਿਆ ਇਮਾਨਦਾਰੀ ਨਾਲ ਮੁਕੰਮਲ ਹੋਵੇਗੀ।
ਪਰੰਤੂ 2-3 ਸਾਲ ਦੀ ਕਠਿਨ ਮਿਹਨਤ ਤੋਂ ਬਾਅਦ ਪ੍ਰੀਖਿਆ ਮੁਕੰਮਲ ਹੋਣ ਤੋਂ ਬਾਅਦ ਜਦੋਂ ਵਿਦਿਆਰਥੀ ਕੁਝ ਆਰਾਮ ਕਰਨ ਅਤੇ ਦੋਸਤਾਂ ,ਮਿੱਤਰਾਂ ਅਤੇ ਪਰਿਵਾਰ ਨਾਲ ਕੁਝ ਮੋਜ਼ ਮਸਤੀ ਦੀ ਤਿਆਰੀ ਕਰ ਰਿਹਾ ਹੁੰਦਾ ਹੈ ਤਾਂ ਅਚਾਨਕ ਪੇਪਰ ਲੀਕ ,ਧੋਖਾਧੜੀ ਜਾਂ ਅਣਗਹਿਲੀ ਵਰਗੀ ਖਬਰ ਆਉਂਦੀ ਹੈ ਤਾਂ ਵਿਦਿਆਰਥੀ ਦਾ ਪੂਰਾ ਸਿਸਟਮ ਤੋਂ ਭਰੋਸਾ ਹੀ ਉੱਠ ਜਾਂਦਾ ਹੈ ,ਇਸ ਨਾਲ ਯੋਗ ਵਿਦਿਆਰਥੀਆਂ ਨਾਲ ਅਨਿਆ ਹੁੰਦਾ ਹੈ ,ਉਹਨਾਂ ਦੀ ਉਮੀਦ ਹਨੇਰੇ ਵਿੱਚ ਚਲੀ ਜਾਂਦੀ ਹੈ। “ਪੇਪਰ ਰੱਦ ਹੋ ਗਿਆ” ਇਹ ਚਾਰ ਸ਼ਬਦ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਬੇਹੱਦ ਮਾਨਸਿਕ ਤਨਾਅ ਅਤੇ ਬਹੁਤ ਵੱਡੇ ਸਦਮੇ ਵੱਲ ਲੈ ਕੇ ਜਾਣ ਲਈ ਕਾਫੀ ਹਨ। ਪਿਛਲੇ ਦਿਨੀ ਆਈਆਂ ਰਿਪੋਰਟਾਂ ਅਨੁਸਾਰ ਦਿੱਲੀ, ਗੋਆ ,ਯੂਪੀ ਅਤੇ ਰਾਜਸਥਾਨ ਦੇ ਚਾਰ ਹੋਣਹਾਰ ਵਿਦਿਆਰਥੀਆਂ ਨੇ ਤਾਂ ਨੀਟ ਪ੍ਰੀਖਿਆ ਰੱਦ ਹੋਣ ਦੀ ਖਬਰ ਤੋਂ ਹੋਏ ਮਾਨਸਿਕ ਤਨਾਅ ਕਾਰਨ ਆਪਣੀ ਜ਼ਿੰਦਗੀ ਤੱਕ ਖਤਮ ਕਰ ਲਈ। ਦੁਬਾਰਾ ਪ੍ਰੀਖਿਆ ਦੀ ਸੰਭਾਵਨਾ ਉਹਨਾਂ ਦੇ ਮਨ ਵਿੱਚ ਡਰ ਅਤੇ ਤਨਾਅ ਪੈਦਾ ਕਰਦੀ ਹੈ ।ਕੁਝ ਵਿਦਿਆਰਥੀ ਮਨੋਵਿਗਿਆਨਕ ਦਬਾਅ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਗਲਤ ਕਦਮ ਵੀ ਚੁੱਕ ਲੈਂਦੇ ਹਨ । ਕਿਉਂਕਿ ਉਹਨਾਂ ਨੂੰ ਆਪਣੀ ਸਖਤ ਮਿਹਨਤ ਵਿਅਰਥ ਜਾਂਦੀ ਹੋਈ ਮਹਿਸੂਸ ਹੁੰਦੀ ਹੈ।
ਨੀਟ 2026 ਵਿਚ ਗੜਬੜੀਆਂ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦੇ ਨੌਜਵਾਨਾਂ ਵਿੱਚ ਸਰਕਾਰ ਅਤੇ ਖਾਸ ਤੌਰ ਤੇ ਜਿੰਮੇਵਾਰ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ (ਐਨ ਟੀ ਏ )ਦੇ ਪ੍ਰਤੀ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ । ਸਾਲ 2018 ਵਿੱਚ ਐਨਟੀਏ ਦੀ ਸਥਾਪਨਾ ਦਾ ਉਦੇਸ਼ ਪਾਰਦਰਸ਼ੀ ,ਕੁਸ਼ਲ ਅਤੇ ਨਿਰਪੱਖ ਦਾਖਲਾ ਪ੍ਰਕਿਰਿਆ ਇਸ ਦੀ ਬੁਨਿਆਦੀ ਪਹਿਲ ਸੀ । ਜਿਸ ਤਹਿਤ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਖਾਸ ਤੌਰ ਤੇ ਨੀਟ, ਜੇ ਈ ਈ ,ਯੁ ਜੀ ਸੀ ਨੈਟ ਵਰਗੀਆਂ ਮਹੱਤਵਪੂਰਨ ਦਾਖਲਾ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਆਯੋਜਿਤ ਕਰਨਾ ਸੀ।
ਪ੍ਰੰਤੂ ਸਾਲ 2018 ਵਿੱਚ ਵੀ ਨੀਟ ਟੈਸਟ ਕੁਝ ਕੇਂਦਰਾਂ ਵਿੱਚ ਗਲਤ ਪ੍ਰਸ਼ਨ ਪੱਤਰ ਦੇਣ ਕਾਰਨ ਵਿਵਾਦਾਂ ਵਿੱਚ ਰਿਹਾ, ਫਿਰ 2024 ਦਾ ਨੀਟ ਲੀਕ ਅਤੇ ਗੜਬੜੀਆਂ ਕਾਰਨ ਐਂਨ ਟੀ ਏ ਦੀ ਕਾਰਜ ਪ੍ਰਣਾਲੀ ਸਵਾਲਾਂ ਦੇ ਘੇਰੇ ਵਿੱਚ ਆਈ। ਕੁਝ ਕੇਂਦਰਾਂ ਵਿੱਚ ਪ੍ਰੀਖਿਆ ਦੁਬਾਰਾ ਆਯੋਜਿਤ ਕੀਤੀ ਗਈ। ਦੇਸ਼ ਦੀ ਸਰਵ ਉੱਚ ਅਦਾਲਤ ਤੱਕ ਨੂੰ ਦਖਲ ਦੇਣਾ ਪਿਆ ,ਲੋਕ ਸਭਾ ਵਿੱਚ ਵੀ ਹੰਗਾਮਾ ਹੋਇਆ । ਪ੍ਰੰਤੂ ਸਬਕ ਫਿਰ ਵੀ ਨਹੀਂ ਸਿੱਖਿਆ ਅਤੇ 2026 ਵਿੱਚ ਉਸ ਤੋਂ ਵੀ ਵੱਡੀ ਲਾਪਰਵਾਹੀ ਸਾਹਮਣੇ ਆਈ ਜਿਸ ਨੇ ਹੋਣਹਾਰ ਨੌਜਵਾਨਾਂ ਅਤੇ ਬੁੱਧੀਜੀਵੀ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਵਿਦਿਆਰਥੀਆਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਹੁਣ ਉਨ੍ਹਾਂ ਦੀ ਮਿਹਨਤ ਸੁਰੱਖਿਅਤ ਨਹੀਂ ਰਹੀ।
ਪਿਛਲੇ 12 ਸਾਲ ਤੋਂ ਮੈਡੀਕਲ ਦਾਖਲਾ ਪ੍ਰਕਿਰਿਆ ਨੂੰ ਬਹੁਤ ਨੇੜੇ ਤੋਂ ਦੇਖਣ ਤੇ ਮਹਿਸੂਸ ਹੋਇਆ ਹੈ ,ਕਿ ਇਹ ਦਾਖਲਾ ਪ੍ਰਕਿਰਿਆ ਹਰ ਸਾਲ ਕਿਸੇ ਨਾ ਕਿਸੇ ਵਿਵਾਦ ਨਾਲ ਜਰੂਰ ਜੁੜ ਜਾਂਦੀ ਹੈ। ਪ੍ਰਸ਼ਨ ਪੱਤਰ ਲੀਕ, ਕੌਂਸਲਿੰਗ ਪ੍ਰਕਿਰਿਆ, ਰਾਖਵੇਂਕਰਨ ਦੀ ਦੋਸ਼ਪੂਰਨ ਨੀਤੀ ,ਪ੍ਰਸ਼ਨ ਪੱਤਰਾਂ ਵਿੱਚ ਗੜਬੜੀ ਆਦਿ ਵਰਗੀਆਂ ਗੱਲਾਂ ਆਮ ਹੋ ਚੁੱਕੀਆਂ ਹਨ। ਜਿਸ ਦਾ ਖਮਿਆਜਾ ਵਿਦਿਆਰਥੀ ਅਤੇ ਮਾਪੇ ਭੁਗਤਦੇ ਹਨ ।ਅਨੇਕਾਂ ਵਾਰ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਦਖਲ ਦੇਣਾ ਪਿਆ ਹੈ। ਹਰ ਸਾਲ 22- 24 ਲੱਖ ਵਿਦਿਆਰਥੀ ਨੀਟ ਪ੍ਰੀਖਿਆ ਦਿੰਦੇ ਹਨ। ਇੰਨੀ ਵੱਡੀ ਗਿਣਤੀ ਲਈ ਮਿਆਰੀ ਪ੍ਰਸ਼ਨ ਪੱਤਰ ਤਿਆਰ ਕਰਨਾ, ਉਨਾਂ ਦੀ ਛਪਾਈ, ਪੈਕਿੰਗ ਅਤੇ ਕੇਂਦਰਾਂ ਤੱਕ ਪਹੁੰਚਾਉਣ ਲਈ ਆਵਾਜਾਈ ਵਰਗੇ ਕੰਮਾਂ ਵਿੱਚ ਹਜ਼ਾਰਾਂ ਲੋਕ ਜੁੜ ਜਾਂਦੇ ਹਨ। ਕਿਸੇ ਇੱਕ ਵਿਅਕਤੀ ਦਾ ਲਾਲਚ ਪੂਰੇ ਸਿਸਟਮ ਨੂੰ ਬਰਬਾਦ ਕਰ ਦਿੰਦਾ ਹੈ ।ਮੌਜੂਦਾ ਤਕਨੋਲੋਜੀ ਦੇ ਦੌਰ ਵਿੱਚ ਇੰਟਰਨੈਟ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰੀਖਿਆ ਸਮੱਗਰੀ ਮਿੰਟਾਂ ਵਿੱਚ ਹੀ ਲੱਖਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ।
ਮੈਡੀਕਲ ਸਿੱਖਿਆ ਦੀ ਕੋਚਿੰਗ ਅਰਬਾਂ ਰੁਪਏ ਦਾ ਵਪਾਰ ਬਣ ਚੁੱਕਿਆ ਹੈ। ਪ੍ਰਾਈਵੇਟ ਮੈਡੀਕਲ ਕਾਲਜਾਂ ਦੀ ਫੀਸ 75 ਲੱਖ ਤੋਂ 1.25 ਕਰੋੜ ਤੱਕ ਪਹੁੰਚ ਚੁੱਕੀ ਹੈ। ਅਜਿਹੇ ਹਾਲਾਤਾਂ ਵਿੱਚ ਮੋਟੀ ਰਕਮ ਦਾ ਲਾਲਚ ਕਿਸੇ ਨੂੰ ਵੀ ਆਪਣੇ ਨਾਲ ਜੋੜਨ ਦੀ ਸਮਰੱਥਾ ਰੱਖਦਾ ਹੈ।
ਦੇਸ਼ ਦੇ 824 ਮੈਡੀਕਲ ਕਾਲਜਾਂ ਵਿੱਚ 129603 ਐਮਬੀਬੀਐਸ ਦੀਆਂ ਸੀਟਾਂ ਲਈ 22 ਲੱਖ ਵਿਦਿਆਰਥੀ ਨੀਟ ਪ੍ਰੀਖਿਆ ਵਿੱਚ ਬੈਠਦੇ ਹਨ। ਇੰਨਾ ਸਖਤ ਮੁਕਾਬਲਾ ਹੋਣ ਕਾਰਨ ਵਿਦਿਆਰਥੀ ਅਤੇ ਮਾਪੇ ਸਭ ਕੁਝ ਦਾਅ ਤੇ ਲਗਾ ਦਿੰਦੇ ਹਨ। 62 ਹਜਾਰ ਦੇ ਕਰੀਬ ਸਰਕਾਰੀ ਕਾਲਜਾਂ ਵਿੱਚ ਸੀਟਾਂ ਲਈ ਫੀਸ ਘੱਟ ਹੋਣ ਕਾਰਨ ਮੁਕਾਬਲਾ ਕਿਤੇ ਵੱਧ ਜਾਂਦਾ ਹੈ। ਨੀਟ ਦੇ ਕੁੱਲ 720 ਅੰਕਾਂ ਵਿੱਚੋਂ ਘੱਟੋ ਘੱਟ 600 ਅੰਕ ਪ੍ਰਾਪਤ ਕਰਨ ਵਾਲੇ ਦੀ ਹੀ ਸਰਕਾਰੀ ਸੀਟ ਸੰਭਵ ਹੈ। ਜਦਕਿ ਬਾਕੀ 65 ਤੋਂ 70 ਹਜਾਰ ਸੀਟਾਂ ਲਈ ਪ੍ਰਾਈਵੇਟ ਕਾਲਜਾਂ ਅਤੇ ਡੀਮਡ ਯੂਨੀਵਰਸਿਟੀਆਂ ਮਨਚਾਹੀ ਫੀਸਾਂ ਅਤੇ ਫੰਡ ਵਸੂਲ ਕਰਦੀਆਂ ਹਨ। ਕਈ ਮੈਡੀਕਲ ਸੰਸਥਾਵਾਂ ਦੀ ਐਮਬੀਬੀਐਸ ਦੀ ਡਿਗਰੀ ਕਰਨ ਦੀ ਕੁੱਲ ਫੀਸ 1.25 ਕਰੋੜ ਤੋਂ ਵੀ ਪਾਰ ਕਰ ਚੁੱਕੀ ਹੈ। ਜੋ ਕਿ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੋ ਚੁੱਕੀ ਹੈ। ਇਨੀਆਂ ਵੱਧਦੀਆਂ ਫੀਸਾਂ ਅਤੇ ਪ੍ਰੀਖਿਆ ਪ੍ਰਕਿਰਿਆ ਦੇ ਉੱਠਦੇ ਸਵਾਲ ਜਿੱਥੇ ਅਨੇਕਾਂ ਸਮੱਸਿਆਵਾਂ ਪੈਦਾ ਕਰ ਰਹੇ ਹਨ ,ਉੱਥੇ ਦੇਸ਼ ਦੀਆਂ ਸਿਹਤ ਸੇਵਾਵਾਂ ਦੇ ਭਵਿੱਖ ਲਈ ਵੀ ਚਿੰਤਾ ਖੜੀ ਕਰ ਰਹੇ ਹਨ।ਦਾਖਲਾ ਪ੍ਰਕਿਰਿਆਂ ਵਿੱਚ ਹੋ ਰਹੀਆਂ ਧਾਂਦਲੀਆਂ ਤੇ ਗੜਬੜੀਆਂ ਨੂੰ ਰੋਕਣਾ ਸਮੇਂ ਦੀ ਵੱਡੀ ਜਰੂਰਤ ਹੈ ,ਤਾਂ ਜੋ ਦੇਸ਼ ਦਾ ਭਵਿੱਖ, ਸਾਡੇ ਵਿਦਿਆਰਥੀਆਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਨੂੰ ਜਲਦ ਤੋਂ ਜਲਦ ਰੋਕਿਆ ਜਾ ਸਕੇ ਅਤੇ ਨੌਜਵਾਨ ਵਰਗ ਦਾ ਸਾਡੇ ਦੇਸ਼ ਦੇ ਸਿਸਟਮ ਵਿੱਚ ਭਰੋਸਾ ਬਹਾਲ ਹੋ ਸਕੇ। ਵਿਦਿਆਰਥੀ ਵਰਗ ਤਨਾਅ ਤੋਂ ਬਾਹਰ ਆਏ ਅਤੇ ਉਸ ਦਾ ਮਾਨਸਿਕ ਵਿਕਾਸ ਸੰਭਵ ਹੋਵੇ। ਅਜਿਹੀ ਸਥਿਤੀ ਵਿੱਚ ਸਰਕਾਰ ,ਐਨ ਟੀ ਏ ਅਤੇ ਜਿੰਮੇਵਾਰ ਏਜੰਸੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ, ਉਹ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਦਰਸ਼ਤਾ ਨਾਲ ਫੈਸਲਾ ਲੈਣ, ਧੋਖਾਧੜੀ ਅਤੇ ਗੜਬੜੀਆਂ ਕਰਨ ਵਾਲੇ ਲੋਕਾਂ ਦੀ ਨਿਰਪੱਖਤਾ ਨਾਲ ਪਹਿਚਾਣ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਜਲਦ ਤੋਂ ਜਲਦ ਦਿੱਤੀਆਂ ਜਾਣ ਤਾਂ ਜੋ ਭਵਿੱਖ ਲਈ ਚੰਗੀ ਉਦਾਹਰਨ ਬਣ ਸਕੇ। ਭਵਿੱਖ ਵਿੱਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ ਇਸ ਲਈ ਸਰਕਾਰ ਨੂੰ ਠੋਸ ਅਤੇ ਪਾਰਦਰਸ਼ੀ ਯੋਜਨਾਬੰਦੀ ਦਾ ਐਲਾਨ ਜਲਦ ਕਰਨਾ ਚਾਹੀਦਾ।
ਅਜਿਹੇ ਮੌਕੇ ਤੇ ਵਿਦਿਆਰਥੀਆਂ ਨੂੰ ਮਨੋਵਿਗਿਆਨਿਕ ਸਹਾਇਤਾ ਬੇਹੱਦ ਜਰੂਰੀ ਹੈ। ਉਹਨਾਂ ਤੱਕ ਸਹੀ ਜਾਣਕਾਰੀ ਅਤੇ ਸਰਕਾਰ ਦੇ ਫੈਸਲੇ ਉਹਨਾਂ ਤੱਕ ਜਲਦ ਪਹੁੰਚਣੇ ਚਾਹੀਦੇ ਹਨ। ਅਫਵਾਹਾਂ ਤੇ ਰੋਕਥਾਮ ਲੱਗਣੀ ਚਾਹੀਦੀ ਹੈ ,ਤਾਂ ਜੋ ਵਿਦਿਆਰਥੀਆਂ ਦਾ ਮਨੋਬਲ ਅਤੇ ਆਤਮ ਵਿਸ਼ਵਾਸ ਬਣਿਆ ਰਹੇ ।
ਇਸ ਮੌਕੇ ਮਾਪਿਆਂ ਅਤੇ ਅਧਿਆਪਕਾਂ ਦੀ ਜਿੰਮੇਵਾਰੀ ਵੀ ਬੇਹੱਦ ਵੱਧ ਜਾਂਦੀ ਹੈ ।ਉਹਨਾਂ ਨੂੰ ਵਿਦਿਆਰਥੀਆਂ ਦਾ ਹੌਸਲਾ ਲਗਾਤਾਰ ਵਧਾਉਣਾ ਚਾਹੀਦਾ ਹੈ ਤਾਂ ਜੋ ਉਹ ਨਿਰਾਸ਼ ਨਾ ਹੋਣ।
ਨੀਟ ਵਰਗੀ ਮਹੱਤਵਪੂਰਨ ਪ੍ਰੀਖਿਆ ਦੇ ਰੱਦ ਹੋਣ ਦਾ ਪ੍ਰਭਾਵ ਸਿਰਫ ਇੱਕ ਪ੍ਰੀਖਿਆ ਤੱਕ ਹੀ ਸੀਮਤ ਨਹੀਂ, ਬਲਕਿ ਇਹ ਲੱਖਾਂ ਵਿਦਿਆਰਥੀਆਂ ਦੇ ਸੁਪਨਿਆਂ ,ਮਨੋਬਲ ਅਤੇ ਭਵਿੱਖ ਨਾਲ ਜੁੜ ਜਾਂਦਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਕਰੋੜਾਂ ਲੋਕਾਂ ਦੀ ਸਿਹਤ ਸੇਵਾਵਾਂ ਦੇ ਭਵਿੱਖ ਦਾ ਵੀ ਸਵਾਲ ਹੈ। ਇਸ ਲਈ ਸਮੁੱਚੀ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਭਰੋਸੇ ਯੋਗਤਾ ਅਤੇ ਵਿਦਿਆਰਥੀ ਹਿੱਤ ਸਭ ਤੋਂ ਵੱਧ ਮਹੱਤਵਪੂਰਨ ਹੋਣੇ ਚਾਹੀਦੇ ਹਨ।
ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ।

ਡਾ ਸਤਿੰਦਰ ਸਿੰਘ
ਸਟੇਟ ਤੇ ਨੈਸ਼ਨਲ ਅਵਾਰਡੀ ਧਵਨ ਕਲੋਨੀ ਫਿਰੋਜ਼ਪੁਰ 981542754





