ਫੂਡ ਸੇਫਟੀ ਟੀਮ ਵੱਲੋਂ ਵੱਖ-ਵੱਖ ਡੇਅਰੀਆਂ ਦੀ ਕੀਤੀ ਗਈ ਚੈਕਿੰਗ

ਫੂਡ ਸੇਫਟੀ ਟੀਮ ਵੱਲੋਂ ਵੱਖ-ਵੱਖ ਡੇਅਰੀਆਂ ਦੀ ਕੀਤੀ ਗਈ ਚੈਕਿੰਗ
ਫ਼ਿਰੋਜ਼ਪੁਰ, 12 ਮਈ, 2026: ਫੂਡ ਕਮਿਸ਼ਨਰ ਮੈਡਮ ਕੰਵਲ ਪ੍ਰੀਤ ਬਰਾੜ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਰਵੀਰ ਸਿੱਧੂ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਡਾ. ਸਰਬਜੀਤ ਕੌਰ ਅਤੇ ਮੈਂਬਰ ਗੁਰਿੰਦਰ ਸਿੰਘ ਤੇ ਸ਼ਿਵਮ ਮਿੱਢਾ ਦੀ ਟੀਮ ਨੇ ਫ਼ਿਰੋਜ਼ਪੁਰ ਸ਼ਹਿਰ ਵਿੱਚ ਵੱਖ-ਵੱਖ ਡੇਅਰੀਆਂ ’ਤੇ ਜਾ ਕੇ ਦੁੱਧ ਅਤੇ ਪਨੀਰ ਦੇ 8 ਸੈਂਪਲ ਲਏ, ਇਹਨਾਂ ਸੈਂਪਲਾਂ ਨੂੰ ਗਵਾਹਾਂ ਦੀ ਹਾਜ਼ਰੀ ਵਿੱਚ ਸੀਲਬੰਦ ਕੀਤਾ ਗਿਆ ਅਤੇ ਸਟੇਟ ਲੈਬ ਵਿੱਚ ਟੈਸਟਾਂ ਲਈ ਭੇਜਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰਵੀਰ ਸਿੱਧੂ ਨੇ ਦੱਸਿਆ ਕਿ ਸੈਂਪਲ ਫ਼ੇਲ ਆਉਣ ਦੀ ਸੂਰਤ ਵਿੱਚ ਸੰਬਧਿਤ ਡੇਅਰੀ ਖਿਲਾਫ ਬਣਦੇ ਕਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਵਿਲ ਸਰਜਨ ਡਾ: ਮੀਨਕਾਸ਼ੀ ਨੇ ਕਿਹਾ ਕਿ ਸਰਕਾਰ ਵੱਲੋਂ ਦਾ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਫੂਡ ਸੇਫਟੀ ਵੱਲ ਬਹੁਤ ਸਖ਼ਤ ਰਵੱਈਆ ਅਪਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਲਾਵਟ ਰਹਿਤ ਭੋਜਨ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਮਿਲਾਵਟਖੋਰਾਂ ਨੂੰ ਅਜਿਹੀਆਂ ਗੈਰਕਾਨੂੰਨੀ ਹਰਕਤਾਂ ਤੋਂ ਬਾਜ਼ ਆਉਣ ਦੀ ਸਖ਼ਤ ਤਾੜਨਾ ਕੀਤੀ।
ਡਾ: ਸਿੱਧੂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਸ਼ਹਿਰ ਵਿੱਚ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ।





