ਏਐਨਟੀਐਫ ਵੱਲੋਂ ਨਾਰਕੋ-ਹਵਾਲਾ-ਹਥਿਆਰ ਗਿਰੋਹ ਬੇਨਕਾਬ; ਡਰੋਨ ਰਾਹੀਂ ਸੁੱਟੀ ਹੈਰੋਇਨ, ਪਿਸਤੌਲਾਂ ਤੇ ਨਕਦੀ ਸਮੇਤ ਦੋ ਕਾਬੂ

ਏਐਨਟੀਐਫ ਵੱਲੋਂ ਨਾਰਕੋ-ਹਵਾਲਾ-ਹਥਿਆਰ ਗਿਰੋਹ ਬੇਨਕਾਬ; ਡਰੋਨ ਰਾਹੀਂ ਸੁੱਟੀ ਹੈਰੋਇਨ, ਪਿਸਤੌਲਾਂ ਤੇ ਨਕਦੀ ਸਮੇਤ ਦੋ ਕਾਬੂ
ਹਰੀਸ਼ ਮੋਂਗਾ
ਫਿਰੋਜ਼ਪੁਰ, 18 ਮਾਰਚ 2026: ਸਰਹੱਦ ਪਾਰ ਤਸਕਰੀ ਖ਼ਿਲਾਫ਼ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ), ਫਿਰੋਜ਼ਪੁਰ ਰੇਂਜ ਨੇ ਦੋ ਕਥਿਤ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 5.710 ਕਿਲੋ ਹੈਰੋਇਨ, ਚਾਰ ਅਧੁਨਿਕ ਪਿਸਤੌਲਾਂ, ਗੋਲਾਬਾਰੂਦ ਅਤੇ 16.90 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਇਹ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਤਹਿਤ ਏਡੀਜੀਪੀ ਏਐਨਟੀਐਫ ਪੰਜਾਬ ਨਿਲਾਭ ਕਿਸ਼ੋਰ ਅਤੇ ਏਆਈਜੀ ਏਐਨਟੀਐਫ ਪੰਜਾਬ ਅਸ਼ਵਿਨੀ ਗੋਟਿਆਲ ਦੀ ਰਹਿਨੁਮਾਈ ਹੇਠ ਕੀਤੀ ਗਈ।

ਪੁਲਿਸ ਮੁਤਾਬਕ ਇਹ ਕਾਰਵਾਈ ਐਸਪੀ ਏਐਨਟੀਐਫ ਫਿਰੋਜ਼ਪੁਰ ਰੇਂਜ ਗੁਰਿੰਦਰਬੀਰ ਸਿੰਘ ਅਤੇ ਡੀਐਸਪੀ ਏਐਨਟੀਐਫ ਫਿਰੋਜ਼ਪੁਰ ਰੇਂਜ ਪਿਰਥੀਪਾਲ ਸਿੰਘ ਦੀ ਨਿਗਰਾਨੀ ਹੇਠ ਅਮਲ ਵਿੱਚ ਲਿਆਂਦੀ ਗਈ। ਇਹ ਸਫਲਤਾ ਐਸਆਈ ਹਰਦੇਵ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ ਤਕਨੀਕੀ ਨਿਗਰਾਨੀ ਅਤੇ ਭਰੋਸੇਯੋਗ ਮਨੁੱਖੀ ਸੂਚਨਾ ਦੇ ਆਧਾਰ ’ਤੇ ਮਿਲੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਗੁਰਵਿੰਦਰ ਸਿੰਘ ਉਰਫ਼ ਗੋਰੀ ਅਤੇ ਸਿਕੰਦਰ ਸਿੰਘ ਉਰਫ਼ ਕਾਲੀ ਵਜੋਂ ਹੋਈ ਹੈ। ਦੋਵੇਂ ਪਿੰਡ ਨਿਹਾਲਾ ਕਿਲਚਾ, ਥਾਣਾ ਸਦਰ ਫਿਰੋਜ਼ਪੁਰ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਕਥਿਤ ਤੌਰ ’ਤੇ ਪਾਕਿਸਤਾਨੀ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਪਿੰਡ ਨਿਹਾਲਾ ਕਿਲਚਾ ਨੇੜੇ ਅੰਤਰਰਾਸ਼ਟਰੀ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਗਈ ਨਸ਼ੇ ਦੀ ਖੇਪ ਪ੍ਰਾਪਤ ਕੀਤੀ ਸੀ। ਇਹ ਪਿੰਡ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦਾ ਹੈ।
ਅਧਿਕਾਰੀਆਂ ਦੇ ਅਨੁਸਾਰ 16 ਮਾਰਚ ਨੂੰ ਏਐਨਟੀਐਫ ਵੱਲੋਂ 5.710 ਕਿਲੋ ਹੈਰੋਇਨ, 16.90 ਲੱਖ ਰੁਪਏ ਦੀ ਡਰੱਗ ਮਨੀ ਅਤੇ ਦੋ .30 ਬੋਰ ਪਿਸਤੌਲ, ਦੋ ਮੈਗਜ਼ੀਨਾਂ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਤੋਂ ਬਾਅਦ 17 ਮਾਰਚ ਨੂੰ ਹੋਰ ਜਾਂਚ ਦੌਰਾਨ ਇੱਕ 9 ਐੱਮਐੱਮ ਟੌਰਸ ਪਿਸਤੌਲ (ਅਮਰੀਕਾ ਨਿਰਮਿਤ) ਮੈਗਜ਼ੀਨ ਅਤੇ 10 ਜਿੰਦਾ ਕਾਰਤੂਸਾਂ ਸਮੇਤ, ਅਤੇ ਇੱਕ .32 ਬੋਰ ਕਾਰਲ ਵਾਲਥਰ ਵਾਫਨਫੈਬਰਿਕ ਪਿਸਤੌਲ (ਜਰਮਨੀ ਨਿਰਮਿਤ) ਮੈਗਜ਼ੀਨ ਸਮੇਤ ਵੀ ਬਰਾਮਦ ਕੀਤਾ ਗਿਆ।
ਪੁਲਿਸ ਨੇ ਇਹ ਵੀ ਦੱਸਿਆ ਕਿ ਗੁਰਵਿੰਦਰ ਸਿੰਘ ਦਾ ਅਪਰਾਧਿਕ ਪਿਛੋਕੜ ਹੈ। ਉਸ ਖ਼ਿਲਾਫ਼ 13 ਮਾਰਚ 2024 ਨੂੰ ਧਾਰਾ 365, 506 ਅਤੇ 34 ਆਈਪੀਸੀ ਤਹਿਤ ਥਾਣਾ ਮਹਿਤਪੁਰ, ਜਲੰਧਰ ਦਿਹਾਤੀ ਵਿੱਚ ਇੱਕ ਪਹਿਲਾਂ ਦਾ ਮਾਮਲਾ ਦਰਜ ਹੈ।
ਮੌਜੂਦਾ ਮਾਮਲੇ ਵਿੱਚ 16 ਮਾਰਚ 2026 ਨੂੰ ਦੋਵੇਂ ਮੁਲਜ਼ਮਾਂ ਖ਼ਿਲਾਫ਼ ਧਾਰਾ 21 ਅਤੇ 27-ਏ ਐਨਡੀਪੀਐਸ ਐਕਟ ਅਤੇ ਧਾਰਾ 25 ਆਰਮਜ਼ ਐਕਟ ਤਹਿਤ ਥਾਣਾ ਏਐਨਟੀਐਫ, ਐਸਏਐਸ ਨਗਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਐਸਪੀ ਏਐਨਟੀਐਫ ਫਿਰੋਜ਼ਪੁਰ ਰੇਂਜ ਗੁਰਿੰਦਰਬੀਰ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਸਰਹੱਦ ਪਾਰ ਨਸ਼ਾ ਅਤੇ ਹਥਿਆਰ ਤਸਕਰੀ ਦੀ ਸਪਲਾਈ ਚੇਨ ਨੂੰ ਤੋੜਨ ਲਈ ਚਲਾਈ ਜਾ ਰਹੀ ਵੱਡੀ ਰਣਨੀਤੀ ਦਾ ਹਿੱਸਾ ਹੈ। ਮਾਮਲੇ ਦੀ ਹੋਰ ਜਾਂਚ ਜਾਰੀ ਹੈ ਤਾਂ ਜੋ ਇਸ ਗਿਰੋਹ ਨਾਲ ਜੁੜੇ ਸਥਾਨਕ ਅਤੇ ਵਿਦੇਸ਼ੀ ਹੈਂਡਲਰਾਂ ਅਤੇ ਡਿਸਟ੍ਰੀਬਿਊਟਰਾਂ ਦੀ ਪਛਾਣ ਕੀਤੀ ਜਾ ਸਕੇ।





