ਦਵਾਈਆਂ ਦੀ ਗੈਰਕਾਨੂੰਨੀ ਵਿਕਰੀ ਖ਼ਿਲਾਫ਼ ਡਰੱਗ ਕੰਟਰੋਲ ਵਿਭਾਗ ਦੀ ਕਾਰਵਾਈ
ਤਿੰਨ ਮੈਡੀਕਲ ਸਟੋਰਾਂ ਤੋਂ ਪ੍ਰਤੀਬੰਧਿਤ ਦਵਾਈਆਂ / ਐਮ.ਟੀ. ਪੀ. ਕਿੱਟਾਂ ਕੀਤੀਆਂ ਜ਼ਬਤ

ਦਵਾਈਆਂ ਦੀ ਗੈਰਕਾਨੂੰਨੀ ਵਿਕਰੀ ਖ਼ਿਲਾਫ਼ ਡਰੱਗ ਕੰਟਰੋਲ ਵਿਭਾਗ ਦੀ ਕਾਰਵਾਈ
– ਤਿੰਨ ਮੈਡੀਕਲ ਸਟੋਰਾਂ ਤੋਂ ਪ੍ਰਤੀਬੰਧਿਤ ਦਵਾਈਆਂ / ਐਮ.ਟੀ. ਪੀ. ਕਿੱਟਾਂ ਕੀਤੀਆਂ ਜ਼ਬਤ
ਫ਼ਿਰੋਜ਼ਪੁਰ, 04 ਫਰਵਰੀ 2026: ਡਰੱਗ ਕੰਟਰੋਲ ਅਫ਼ਸਰ ਫਿਰੋਜ਼ਪੁਰ ਸੋਨੀਆ ਗੁਪਤਾ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਸ਼ਹਿਰ ਫਿਰੋਜ਼ਪੁਰ ਵਿੱਚ ਦਵਾਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਨਰੇਸ਼ ਮੈਡੀਸਨ ‘ਤੇ ਫਰਜ਼ੀ ਗ੍ਰਾਹਕ ਭੇਜਿਆ ਗਿਆ, ਜਿੱਥੇ ਦੁਕਾਨਦਾਰ ਵੱਲੋਂ ਗੈਰਕਾਨੂੰਨੀ ਤੌਰ ‘ਤੇ ਐਮ.ਟੀ. ਪੀ. ਕਿੱਟ ਵੇਚੀ ਗਈ। ਜਾਂਚ ਦੌਰਾਨ ਦੁਕਾਨਦਾਰ ਵੱਲੋਂ ਖਰੀਦ ਬਿਲ ਪੇਸ਼ ਨਾ ਕਰਨ ਕਾਰਨ 10 ਐਮ.ਟੀ. ਪੀ. ਕਿੱਟਾਂ ਕੀਮਤ ਲਗਭਗ ₹7,000/- ਰੁਪਏ ਜ਼ਬਤ ਕੀਤੀਆਂ ਗਈਆਂ।
ਇਸ ਤੋਂ ਇਲਾਵਾ, ਅੱਜ ਡਰੱਗ ਕੰਟਰੋਲ ਅਫ਼ਸਰ ਵੱਲੋਂ ਬਾਬਾ ਦੀਪ ਮੈਡੀਕਲ ਹਾਲ, ਅਹਿਮਦ ਢੰਡੀ ਦੀ ਜਾਂਚ ਕੀਤੀ ਗਈ, ਜਿੱਥੋਂ ਪ੍ਰੇਗਾਬਾਲਿਨ ਅਤੇ ਟੈਪੈਂਟਾਡੋਲ ਦੀਆਂ 7 ਕਿਸਮਾਂ ਦੀਆਂ ਦਵਾਈਆਂ (198 ਕੈਪਸੂਲ ਅਤੇ 1586 ਗੋਲੀਆਂ), ਕੁੱਲ ਲਾਗਤ ₹30,594/- ਰੁਪਏ, ਬਿਨਾਂ ਖਰੀਦ ਰਿਕਾਰਡ ਦੇ ਮਿਲਣ ‘ਤੇ ਜ਼ਬਤ ਕੀਤੀਆਂ ਗਈਆਂ।
ਇਸੇ ਤਰ੍ਹਾਂ ਹੀ ਐਸ.ਐਸ. ਮੈਡੀਕਲ ਹਾਲ, ਰਾਉ ਕੇ ਹਿਠਾੜ ਦੀ ਵੀ ਜਾਂਚ ਕੀਤੀ ਗਈ, ਜਿੱਥੋਂ ਪ੍ਰੇਗਾਬਾਲਿਨ 300 ਦੇ 1800 ਕੈਪਸੂਲ, ਜਿਨ੍ਹਾਂ ਦੀ ਕੀਮਤ ₹53,100/- ਰੁਪਏ ਹੈ, ਬਿਨਾਂ ਖਰੀਦ ਬਿਲਾਂ ਦੇ ਮਿਲਣ ‘ਤੇ ਜ਼ਬਤ ਕੀਤੇ ਗਏ।
ਡਰੱਗ ਕੰਟਰੋਲ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਨਸ਼ੀਲੀ ਅਤੇ ਨਿਯੰਤਰਿਤ ਦਵਾਈਆਂ ਦੀ ਗੈਰਕਾਨੂੰਨੀ ਵਿਕਰੀ ਖ਼ਿਲਾਫ਼ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ





