ਡੀ.ਏ.ਵੀ. ਕਾਲਜ ਫਾਰ ਵਿਮੈਨ ਫਿਰੋਜ਼ਪੁਰ ਛਾਵਣੀ ਵਿੱਚ ‘ਅਜੋਕੀ ਪੰਜਾਬੀ ਭਾਸ਼ਾ ਤੇ ਸਾਹਿਤ’ ਵਿਸ਼ੇ ਉੱਤੇ ਲੈਕਚਰ ਆਯੋਜਿਤ

ਡੀ.ਏ.ਵੀ. ਕਾਲਜ ਫਾਰ ਵਿਮੈਨ ਫਿਰੋਜ਼ਪੁਰ ਛਾਵਣੀ ਵਿੱਚ ‘ਅਜੋਕੀ ਪੰਜਾਬੀ ਭਾਸ਼ਾ ਤੇ ਸਾਹਿਤ’ ਵਿਸ਼ੇ ਉੱਤੇ ਲੈਕਚਰ ਆਯੋਜਿਤ
ਫਿਰੋਜ਼ਪੁਰ ਛਾਵਣੀ, 19 ਨਵੰਬਰ 2025: ਪੰਜਾਬੀ ਮਾਹ 2025 ਨੂੰ ਸਮਰਪਿਤ ਡੀ.ਏ.ਵੀ. ਕਾਲਜ ਫਾਰ ਵਿਮੈਨ ਫਿਰੋਜ਼ਪੁਰ ਛਾਵਣੀ ਵਿੱਚ ਪ੍ਰਿੰਸੀਪਲ ਡਾ. ਸੀਮਾ ਅਰੋੜਾ ਦੀ ਅਗਵਾਈ ਹੇਠ ਪੰਜਾਬੀ ਪੋਸਟ ਗ੍ਰੈਜੂਏਟ ਵਿਭਾਗ ਵੱਲੋਂ ‘ਅਜੋਕੀ ਪੰਜਾਬੀ ਭਾਸ਼ਾ ਅਤੇ ਸਾਹਿਤ’ ਵਿਸ਼ੇ ਉੱਤੇ ਭਾਵਪੂਰਤ ਲੈਕਚਰ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਮੁੱਖ ਬੁਲਾਰੇ ਵਜੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਸੀਮਾ ਅਰੋੜਾ ਨੇ ਡਾ. ਸੰਧੂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਫੁੱਲਾਂ ਦਾ ਗੁਲਦੱਸਤਾ ਭੇਂਟ ਕੀਤਾ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਪ੍ਰਤੀ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਡਾ. ਜਗਦੀਪ ਸਿੰਘ ਸੰਧੂ ਨੇ ਵਿਦਿਆਰਥਣਾਂ ਨੂੰ ਸ਼ਬਦ, ਸਾਹਿਤ ਅਤੇ ਸਮਾਜਿਕ ਪ੍ਰਸੰਗਾਂ ਨਾਲ ਜੋੜਦਿਆਂ ਆਦਿਕਾਲ ਤੋਂ ਲੈ ਕੇ ਸਮਕਾਲੀ ਪੰਜਾਬੀ ਸਾਹਿਤ ਤੱਕ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਬੋਲੀ ਪ੍ਰਤੀ ਦਵੰਦਭਰੀ ਮਨੋਸਥਿਤੀ ਤੋਂ ਬਾਹਰ ਆਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਹਿਤ ਨਾਲ ਜੁੜ ਕੇ ਹੀ ਜੀਵਨ ਨੂੰ ਉਸਾਰੂ ਬਣਾਇਆ ਜਾ ਸਕਦਾ ਹੈ।
ਇਸ ਸਮੇਂ ਪੰਜਾਬੀ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਖਾਸ ਦਿਲਚਸਪੀ ਦਿਖਾਈ। ‘ਪੁਸਤਕ ਦਾਨ ਮਹਾਂ ਦਾਨ’ ਮੁਹਿੰਮ ਤਹਿਤ ਵਿਭਾਗ ਮੁਖੀ ਡਾ. ਅੰਮ੍ਰਿਤਪਾਲ ਕੌਰ ਸੰਧੂ ਨੇ 50 ਪੁਸਤਕਾਂ ਦਾਨ ਕੀਤੀਆਂ।
ਲੈਕਚਰ ਦਾ ਮੰਚ ਸੰਚਾਲਨ ਡਾ. ਅੰਮ੍ਰਿਤਪਾਲ ਕੌਰ ਸੰਧੂ ਨੇ ਸੁਚੱਜੇ ਢੰਗ ਨਾਲ ਨਿਭਾਇਆ। ਸਮਾਰੋਹ ਵਿੱਚ ਪੰਜਾਬੀ ਵਿਭਾਗ ਦੇ ਅਧਿਆਪਕ ਅਤੇ ਲਗਭਗ 40 ਵਿਦਿਆਰਥਣਾਂ ਨੇ ਹਾਜ਼ਰੀ ਲਗਾਈ।





