Ferozepur News

ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਦੇ ਵਾਧੇ ਵੱਲ ਇੱਕ ਹੋਰ ਕਦਮ

ਏ.ਡੀ.ਸੀ. ਦੀ ਪ੍ਰਧਾਨਗੀ 'ਚ ਨਵੇਂ ਆਯੂਸ਼ਮਾਨ ਅਰੋਗਿਆ ਕੇਂਦਰ / ਆਮ ਆਦਮੀ ਕਲੀਨਿਕਾਂ ਦੀ ਉਸਾਰੀ ਲਈ ਜ਼ਿਲਾ ਸਿਹਤ ਸੋਸਾਇਟੀ ਦੀ ਹੋਈ ਮੀਟਿੰਗ

ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਦੇ ਵਾਧੇ ਵੱਲ ਇੱਕ ਹੋਰ ਕਦਮ

ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਦੇ ਵਾਧੇ ਵੱਲ ਇੱਕ ਹੋਰ ਕਦਮ

ਏ.ਡੀ.ਸੀ. ਦੀ ਪ੍ਰਧਾਨਗੀ ‘ਚ ਨਵੇਂ ਆਯੂਸ਼ਮਾਨ ਅਰੋਗਿਆ ਕੇਂਦਰ / ਆਮ ਆਦਮੀ ਕਲੀਨਿਕਾਂ ਦੀ ਉਸਾਰੀ ਲਈ ਜ਼ਿਲਾ ਸਿਹਤ ਸੋਸਾਇਟੀ ਦੀ ਹੋਈ ਮੀਟਿੰਗ

ਫ਼ਿਰੋਜ਼ਪੁਰ, 3 ਨਵੰਬਰ, 2025: ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ ਦੀ ਅਗਵਾਈ ਹੇਠ ਜ਼ਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਮਨਜ਼ੂਰ ਹੋਏ ਤਿੰਨ ਨਵੇਂ ਆਯੂਸ਼ਮਾਨ ਅਰੋਗਿਆ ਕੇਂਦਰ / ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਸਬੰਧੀ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ਸ਼ਹਿਰ ਵਿੱਚ ਦੋ ਨਵੇਂ ਆਯੂਸ਼ਮਾਨ ਅਰੋਗਿਆ ਕੇਂਦਰ / ਆਮ ਆਦਮੀ ਕਲੀਨਿਕਾਂ — ਇਕ ਸੋਕੜ ਨਹਿਰ ਨੇੜੇ ਅਤੇ ਦੂਜਾ ਮਲਵਾਲ ਰੋਡ ਵਿਖੇ ਸਥਿਤ ਮਾਰਕਫੈੱਡ ਦਫ਼ਤਰ ਦੇ ਨੇੜੇ — ਸਥਾਪਿਤ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ, ਜਦਕਿ ਤੀਜਾ ਕੇਂਦਰ ਸੈਂਟਰਲ ਜੇਲ ਫ਼ਿਰੋਜ਼ਪੁਰ ਵਿਖੇ ਬਣਾਇਆ ਜਾਵੇਗਾ। ਇਹਨਾਂ ਕੇਂਦਰਾਂ ਦੀ ਉਸਾਰੀ ਲਈ ਲੋੜੀਂਦਾ ਬਜਟ ਮਨਜ਼ੂਰ ਕਰ ਲਿਆ ਗਿਆ ਹੈ ਅਤੇ ਉਸਾਰੀ ਦਾ ਕੰਮ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸੰਬੰਧਤ ਅਧਿਕਾਰੀਆਂ ਨੂੰ ਉਸਾਰੀ ਦੇ ਕੰਮ ਨੂੰ ਜਲਦ ਪੂਰਾ ਕਰਨ ਤੇ ਕਲੀਨਿਕਾਂ ਦੇ ਸੰਚਾਲਨ ਲਈ ਲੋੜੀਂਦੀਆਂ ਤਿਆਰੀਆਂ ਕਰਨ ਲਈ ਹਦਾਇਤ ਕੀਤੀ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਸਿਹਤ ਮਿਸ਼ਨ ਸਫਲ ਸਾਬਤ ਹੋ ਰਿਹਾ ਹੈ, ਕਿਉਂਕਿ ਅੱਜ ਹਜ਼ਾਰਾਂ ਲੋਕ ਆਮ ਆਦਮੀ ਕਲੀਨਿਕਾਂ ਰਾਹੀਂ ਸੁਚੱਜੀਆਂ ਸਿਹਤ ਸਹੂਲਤਾਂ ਦਾ ਲਾਭ ਲੈ ਰਹੇ ਹਨ। ਇਸ ਵੇਲੇ ਜ਼ਿਲ੍ਹੇ ਵਿੱਚ 28 ਆਯੂਸ਼ਮਾਨ ਅਰੋਗਿਆ ਕੇਂਦਰ / ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ, ਜੋ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

ਉਹਨਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਗੈਰ-ਸੰਚਾਰੀ ਰੋਗਾਂ ਅਤੇ ਕੈਂਸਰ ਦੀ ਸਕ੍ਰੀਨਿੰਗ ਕੀਤੀ ਜਾਂਦੀ ਹੈ। ਹੁਣ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕੇਂਦਰਾਂ ਵਿੱਚ ਗਰਭਵਤੀ ਮਹਿਲਾਵਾਂ ਦੇ ਏਐਨਸੀ ਚੈੱਕਅੱਪ, ਬੱਚਿਆਂ ਦੇ ਟੀਕਾਕਰਨ ਅਤੇ ਰੇਬੀਜ਼ ਤੋਂ ਬਚਾਅ ਲਈ ਐਂਟੀ-ਰੇਬੀਜ਼ ਵੈਕਸੀਨ ਦੀ ਸਹੂਲਤ ਵੀ ਉਪਲਬਧ ਕਰਾਈ ਜਾ ਰਹੀ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਨਵੇਂ ਕਲੀਨਿਕਾਂ ਵਿੱਚ ਡਾਕਟਰਾਂ ਅਤੇ ਹੋਰ ਸਟਾਫ ਦੀ ਨਿਯੁਕਤੀ ਸਮੇਂ-ਸਿਰ ਕੀਤੀ ਜਾਵੇ, ਤਾਂ ਜੋ ਇਹ ਕੇਂਦਰ ਜਲਦ ਤੋਂ ਜਲਦ ਲੋਕਾਂ ਲਈ ਖੋਲ੍ਹੇ ਜਾ ਸਕਣ।

ਇਸ ਮੌਕੇ ਡਾ. ਸੁਸ਼ਮਾ ਠੱਕਰ ਸਹਾਇਕ ਸਿਵਲ ਸਰਜਨ, ਡਾ. ਗੁਰਮੇਜ ਰਾਮ ਡਿਪਟੀ ਮੈਡੀਕਲ ਕਮਿਸ਼ਨਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਡਾ. ਸਤਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਕੋਮਲ ਅਰੋੜਾ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ, ਹਰੀਸ਼ ਕਟਾਰੀਆ ਜ਼ਿਲਾ ਪ੍ਰੋਗਰਾਮ ਮੈਨੇਜਰ) ਸਮੇਤ ਸਮੂਹ ਐਸ.ਐਮ.ਓ.ਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

 

Related Articles

Leave a Reply

Your email address will not be published. Required fields are marked *

Back to top button