ਵਿਧਾਇਕ ਭੁੱਲਰ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿਖ਼ੇ ਪਹੁੰਚ ਕੇ ਬੰਨ੍ਹਾਂ ਦਾ ਕੀਤਾ ਨਿਰੀਖਣ

ਵਿਧਾਇਕ ਭੁੱਲਰ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿਖ਼ੇ ਪਹੁੰਚ ਕੇ ਬੰਨ੍ਹਾਂ ਦਾ ਕੀਤਾ ਨਿਰੀਖਣ
ਫ਼ਿਰੋਜ਼ਪੁਰ, 22 ਅਗਸਤ 2025: ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਧੀਰਾ ਘਾਰਾ, ਨਿਹਾਲਾ ਲਵੇਰਾ, ਮੁੱਠਿਆਂ ਵਾਲਾ ਤੇ ਬਸਤੀ ਰਾਮ ਲਾਲ
ਦਾ ਦੌਰਾ ਕੀਤਾ ਅਤੇ ਹੜ੍ਹਾਂ ਦੇ ਮੱਦੇਨਜ਼ਰ ਦਰਿਆ ਦੇ ਬੰਨ੍ਹਾਂ ਤੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ।
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਬੰਨ੍ਹਾਂ ਦਾ ਨਿਰੀਖਣ ਕਰਨ ਉਪਰੰਤ ਡਰੇਨਜ਼ ਤੇ ਹੋਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਤਲੁਜ ਦਰਿਆ ਦੇ ਬੰਨ੍ਹਾਂ ਤੇ ਹਰ ਵੇਲੇ ਨਜ਼ਰ ਰੱਖੀ ਜਾਵੇ ਤੇ ਜਿੱਥੇ ਕਿਤੇ ਵੀ ਕੋਈ ਕਮੀ ਨਜ਼ਰ ਆਵੇ ਤਾਂ ਉੱਥੇ ਮਿੱਟੀ ਦੀਆਂ ਬੋਰੀਆਂ ਲਾ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪਾਣੀ ਦਾ ਪੱਧਰ ਵੱਧਣ ਤੇ ਬੰਨ੍ਹ ਟੁੱਟਣ ਦਾ ਖ਼ਤਰਾ ਨਾ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਹਲਕੇ ਅੰਦਰ ਪੈਂਦੇ ਸੰਭਾਵੀ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੀਆਂ ਮੁਸਕਲਾਂ ਵੀ ਸੁਣੀਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਮਨੁੱਖਾਂ ਅਤੇ ਪਸ਼ੂਆਂ ਲਈ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੇ ਮੁਢਲੀ ਸਹਾਇਤਾ ਮੌਕੇ ਤੇ ਦਿੱਤੀ ਜਾ ਸਕੇ।
ਇਸ ਮੌਕੇ ਅਮਰਿੰਦਰ ਸਿੰਘ ਬਰਾੜ ,ਹਿਮਾਂਸ਼ੂ ਠੱਕਰ, ਦਵਿੰਦਰ ਸਿੰਘ ਉੱਪਲ, ਜਗਤਾਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ , ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਜਰਮਲ ਸਿੰਘ ਸਰਪੰਚ ਆਦਿ ਵੀ ਹਾਜ਼ਰ ਸਨ।





