ਫਿਰੋਜ਼ਪੁਰ: ਇਫਕੋ ਵਲੋਂ ਖੇਤਰੀ ਸਹਿਕਾਰੀ ਕਾਨਫਰੰਸ ਕਰਵਾਈ ਗਈ
ਨੈਨੋ ਖਾਦਾਂ ਦਾ ਸਹੀ ਤਰੀਕੇ ਨਾਲ ਪ੍ਰਚਾਰ ਪਸਾਰ ਕਰਨ ਅਤੇ ਪਿੰਡ ਪੱਧਰ ਤੇ ਇਫਕੋ ਦੇ ਸਹਿਯੋਗ ਨਾਲ ਕੈਂਪ ਲਗਾ ਕੇ ਕਿਸਾਨਾਂ ਨੂੰ ਦਿੱਤੀ ਜਾਵੇ ਜਾਣਕਾਰੀ

ਇਫਕੋ ਵਲੋਂ ਖੇਤਰੀ ਸਹਿਕਾਰੀ ਕਾਨਫਰੰਸ ਕਰਵਾਈ ਗਈ
ਨੈਨੋ ਖਾਦਾਂ ਦਾ ਸਹੀ ਤਰੀਕੇ ਨਾਲ ਪ੍ਰਚਾਰ ਪਸਾਰ ਕਰਨ ਅਤੇ ਪਿੰਡ ਪੱਧਰ ਤੇ ਇਫਕੋ ਦੇ ਸਹਿਯੋਗ ਨਾਲ ਕੈਂਪ ਲਗਾ ਕੇ ਕਿਸਾਨਾਂ ਨੂੰ ਦਿੱਤੀ ਜਾਵੇ ਜਾਣਕਾਰੀ
ਫਿਰੋਜ਼ਪੁਰ, 14 ਅਗਸਤ, 2025: ਸੰਸਾਰ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਵਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਇਕ ਨਿੱਜੀ ਹੋਟਲ ਵਿੱਖੇ ਖੇਤਰੀ ਸਹਿਕਾਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸਦੇ ਮੁੱਖ ਮਹਿਮਾਨ ਸ਼੍ਰੀ ਉਮੇਸ਼ ਕੁਮਾਰ ਵਰਮਾ, ਸਯੁੰਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਫਿਰੋਜ਼ਪੁਰ ਮੰਡਲ ਸਨ। ਓਹਨਾਂ ਦੇ ਨਾਲ ਸਹਿਕਾਰਤਾ ਵਿਭਾਗ ਦੇ ਫਿਰੋਜ਼ਪੁਰ ਡਿਵੀਜ਼ਨ ਹੇਠ ਆਉਂਦੇ 7 ਜਿਲ੍ਹਿਆਂ ਦੇ ਉਪ ਰਜਿਸਟਰਾਰ ਸਾਹਿਬਾਨ, ਸਹਾਇਕ ਰਜਿਟਰਾਰ ਸਾਹਿਬਾਨ, ਕੋਆਪਰੇਟਿਵ ਬੈਂਕ ਦੇ ਜਿਲ੍ਹਾ ਮਨੇਜਰ ਸਾਹਿਬਾਨਾਂ ਸਮੇਤ ਸਹਿਕਾਰਤਾ ਵਿਭਾਗ ਦੇ ਸਾਰੇ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਇਫਕੋ ਦੇ ਸਟੇਟ ਮੈਨੇਜਰ ਸਰਦਾਰ ਹਰਮੇਲ ਸਿੰਘ ਸਿੱਧੂ ਜੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਤੇ ਬੋਲਦਿਆਂ ਸ੍ਰੀ ਅਭਿਤੇਸ਼ ਸੰਧੂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼੍ਰੀ ਮੁਕਤਸਰ ਸਾਹਿਬ ਨੇ ਇਸ ਕਾਨਫਰੰਸ ਨੂੰ ਆਯੋਜਿਤ ਕਰਨ ਲਈ ਇਫਕੋ ਦਾ ਧੰਨਵਾਦ ਕੀਤਾ ਅਤੇ ਇਸਨੂੰ ਸਹਿਕਾਰਤਾ ਵਿਭਾਗ ਦੇ ਨਾਲ ਜੁੜੇ ਸਮੂਹ ਅਦਾਰਿਆਂ ਦੇ ਅਧਿਕਾਰੀਆ ਲਈ ਬਹੁਤ ਲਾਹਵੰਦ ਦੱਸਿਆ ਕਿਉੰਕਿ ਇਸ ਤਰ੍ਹਾਂ ਦੇ ਆਯੋਜਨ ਵਿੱਚ ਸਹਿਕਾਰਤਾ ਵਿਭਾਗ ਦੇ ਵੱਖ ਵੱਖ ਮੁੱਦੇ ਸਾਰਿਆਂ ਦੇ ਤਾਲ ਮੇਲ ਨਾਲ ਵਿਚਾਰ ਕੇ ਮੁਸ਼ਕਲਾਂ ਦਾ ਹੱਲ ਕੱਢਣ ਵਿੱਚ ਬਹੁਤ ਮਦਦ ਮਿਲ ਜਾਂਦੀ ਹੈ।ਇਸ ਮੌਕੇ ਤੇ ਡਾ. ਗੁਰਜੋਤ ਸਿੰਘ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫਿਰੋਜ਼ਪੁਰ ਅਤੇ ਮੋਗਾ ਨੇ ਸਾਰੇ ਅਧਿਕਾਰੀਆਂ ਦਾ ਕਾਨਫਰੰਸ ਵਿੱਚ ਆਉਣ ਤੇ ਨਿੱਘਾ ਸਵਾਗਤ ਕੀਤਾ ਅਤੇ ਆਪਣੇ ਜਿਲ੍ਹਿਆਂ ਸਬੰਧੀ ਖਾਦਾਂ ਦੀ ਸਪਲਾਈ, ਪੈਮੇਂਟ ਅਤੇ ਪੋਸ ਸੇਲ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਸ਼੍ਰੀ ਤੇਜੇਸ਼ਵਰ ਸਿੰਘ,ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਅਤੇ ਮਾਨਸਾ ਜੀ ਨੇ ਇਫਕੋ ਦਾ ਇਸ ਆਯੋਜਨ ਲਈ ਧੰਨਵਾਦ ਕਰਦਿਆਂ ਆਪਣੇ ਜਿਲ੍ਹਿਆਂ ਦੇ ਕੋਆਪਰੇਟਿਵ ਬੈਂਕ ਨਾਲ ਜੁੜੇ ਮੁੱਦਿਆਂ ਦੀ ਵਿਸਤਾਰ ਨਾਲ ਚਰਚਾ ਕੀਤੀ ਅਤੇ ਉਨ੍ਹਾਂ ਵਲੋਂ ਇਫਕੋ ਦੇ ਕ੍ਰਾਂਤੀਕਾਰੀ ਨੈਨੋ ਖਾਦਾਂ ਦੀ ਰਵਾਇਤੀ ਖਾਦਾਂ ਦੇ ਬਦਲ ਦੇ ਤੌਰ ਤੇ ਆਪਣੇ ਜਿਲ੍ਹਿਆਂ ਵਿੱਚ ਡਿਵੀਜ਼ਨ ਵਿਚ ਸੱਭ ਤੋਂ ਵੱਧ ਕਿਸਾਨਾਂ ਵੱਲੋਂ ਆਪਣਾਉਣ ਦੀ ਸ਼ਲਾਘਾ ਕੀਤੀ। ਸ਼੍ਰੀ ਸੋਨੂੰ ਮਹਾਜਨ,ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫਾਜ਼ਿਲਕਾ ਜੀ ਨੇ ਵੀ ਇਫਕੋ ਦੇ ਨੈਨੋ ਖਾਦਾਂ ਦੀ ਮੱਹਤਤਾ ਬਾਰੇ ਚਰਚਾ ਕੀਤੀ।
ਇਸ ਮੌਕੇ ਤੇ ਸ਼੍ਰੀ ਹਰਮੇਲ ਸਿੰਘ ਸਿੱਧੂ ਨੇ ਸਾਰੇ ਉਪ ਰਜਿਸਟਰਾਰ ਅਤੇ ਸਹਾਇਕ ਰਜਿਟਰਾਰ ਸਹਿਕਾਰੀ ਸਭਾਵਾਂ ਨੂੰ ਸੰਬੋਧਨ ਕਰਦਿਆਂ ਆਉਣ ਵਾਲੇ ਹਾੜੀ ਦੇ ਸੀਜ਼ਨ ਦੌਰਾਨ ਖਾਦਾਂ ਦੀ ਸਪਲਾਈ ਦੇ ਸੰਬੰਧ ਵਿੱਚ ਦੱਸਿਆ ਕਿ ਡੀ ਏ ਪੀ ਖਾਦ ਦੀ ਘਾਟ ਨੂੰ ਬਦਲਵੀਆਂ ਖਾਦਾਂ ਖ਼ਾਸਕਰ ਨੈਨੋ ਖਾਦਾਂ ਦੇ ਇਸਤੇਮਾਲ ਨਾਲ ਬਿਨਾ ਕਿਸੇ ਵਾਧੂ ਖ਼ਰਚ ਤੋਂ ਵਰਤਿਆ ਜਾ ਸਕਦਾ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਵਧੇਰੇ ਝਾੜ ਵੀ ਮਿਲੇਗਾ। ਨੈਨੋ ਖਾਦਾਂ ਨੂੰ ਲਿਆਉਣ ਅਤੇ ਢੋਆ ਢੁਆਈ ਤੇ ਕੋਈ ਖ਼ਰਚ ਨਹੀਂ ਹੁੰਦਾ ਅਤੇ ਇਹ ਖਾਦਾਂ ਵਾਤਾਵਰਨ ਲਈ ਵੀ ਲਾਭਦਾਇਕ ਹਨ। ਇਸ ਕਾਨਫਰੰਸ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਦੋ ਅਗਾਂਹਵਧੂ ਕਿਸਾਨਾਂ ਰਾਜਿੰਦਰ ਸਿੰਘ ਰਾਜਾ ਫ਼ਿਰੋਜਸ਼ਾਹ ਅਤੇ ਸੋਹਣ ਸਿੰਘ ਢੰਡੀਆਂ ਨੇ ਵੀ ਹਿੱਸਾ ਲਿਆ ਅਤੇ ਆਪਣੀਆ ਫ਼ਸਲਾਂ ਵਿੱਚ ਨੈਨੋ ਖਾਦਾਂ ਦੇ ਤਜ਼ਰਬੇ ਅਤੇ ਓਹਨਾਂ ਕਰਕੇ ਹਾਸਲ ਕੀਤਾ ਲਾਭ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਨੈਨੋ ਖਾਦਾਂ ਦੀ ਪਹੁੰਚ ਹਰ ਇੱਕ ਸਹਿਕਾਰੀ ਸਭਾ ਤੱਕ ਕਰਵਾਈ ਜਾਵੇ ਅਤੇ ਸਹਿਕਾਰੀ ਸਭਾਵਾਂ ਦੇ ਮੁਲਾਜਮਾਂ ਨੂੰ ਨੈਨੋ ਖਾਦਾਂ ਦੀ ਵਰਤੋਂ ਅਤੇ ਉਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਲਾਭ ਬਾਰੇ ਟ੍ਰੇਨਿੰਗ ਕਰਵਾਈ ਜਾਵੇ ਤਾਂ ਜੌ ਉਹ ਆਪਣੇ ਮੈਂਬਰਾਂ ਨੂੰ ਇਸ ਬਾਰੇ ਸਮਝਾ ਸਕਣ ਅਤੇ ਕਿਸਾਨ ਇਸਨੂੰ ਸਹੀ ਤਰੀਕੇ ਨਾਲ ਆਪਣੇ ਖੇਤਾਂ ਵਿੱਚ ਵਰਤ ਸਕਣ।
ਇਸ ਮੌਕੇ ਤੇ ਬੋਲਦਿਆਂ ਸ੍ਰੀ ਦਲਵਿੰਦਰ ਸਿੰਘ ਸੰਧੂ, ਜ਼ਿਲ੍ਹਾ ਮਨੇਜਰ ਕੋਆਪਰੇਟਿਵ ਬੈਂਕ ਫਿਰੋਜ਼ਪੁਰ ਨੇ ਬੈਂਕ ਵਲੋਂ ਕਿਸਾਨਾਂ ਦੇ ਹਿਤ ਵਿੱਚ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਓਹਨਾਂ ਨਾਲ ਬੈਂਕ ਦੇ ਸੀਨੀਅਰ ਮੈਨੇਜਰ ਸ੍ਰੀ ਤੇਜਬੀਰ ਸਿੰਘ ਸੰਧੂ ਵੀ ਕਾਨਫਰੰਸ ਵਿੱਚ ਸ਼ਾਮਿਲ ਹੋਏ। ਸ਼੍ਰੀ ਉਮੇਸ਼ ਕੁਮਾਰ ਵਰਮਾ ਸਯੁੰਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਫਿਰੋਜ਼ਪੁਰ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਜਿਲ੍ਹਿਆਂ ਵਿੱਚ ਨੈਨੋ ਖਾਦਾਂ ਦਾ ਸਹੀ ਤਰੀਕੇ ਨਾਲ਼ ਪ੍ਰਚਾਰ ਪਸਾਰ ਕਰਨ ਅਤੇ ਪਿੰਡ ਪੱਧਰ ਤੇ ਇਫਕੋ ਦੇ ਸਹਿਯੋਗ ਨਾਲ ਕੈਂਪ ਲਗਾ ਕੇ ਕਿਸਾਨਾਂ ਨੂੰ ਇਸਦੀ ਜਾਣਕਾਰੀ ਦੇਣ| ਉਨ੍ਹਾਂ ਪੋਸ ਮਸ਼ੀਨਾਂ ਵਿੱਚ ਸਹੀ ਤਰੀਕੇ ਨਾਲ ਸਬੰਧਤ ਕਿਸਾਨਾਂ ਦੇ ਨਾਂ ਤੇ ਹੀ ਖਾਦਾਂ ਦੀ ਸੇਲ ਕਰਨ ਤੇ ਜ਼ੋਰ ਦਿੱਤਾ। ਓਹਨਾਂ ਵਲੋ ਅਧਿਕਾਰੀਆਂ ਨੂੰ ਇਫਕੋ ਦੇ ਸਬੰਧ ਵਿੱਚ ਬਕਾਇਆ ਪੈਮੇਂਟ ਨੂੰ ਜਲਦ ਤੋਂ ਜਲਦ ਕਰਨ ਦੇ ਹੁਕਮ ਦਿੱਤੇ। ਅੰਤ ਵਿੱਚ ਸੰਦੀਪ ਕੁਮਾਰ, ਸਹਾਇਕ ਮੈਨੇਜਰ ਇਫਕੋ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।





