Ferozepur News
ਸੀ.ਐਮ. ਦੀ ਯੋਗਸ਼ਾਲਾ ਜ਼ਿਲ੍ਹਾ ਵਾਸੀਆਂ ਦੀ ਸਿਹਤ ਲਈ ਵਰਦਾਨ : ਅਮਨਪ੍ਰੀਤ ਕੌਰ

ਸੀ.ਐਮ. ਦੀ ਯੋਗਸ਼ਾਲਾ ਜ਼ਿਲ੍ਹਾ ਵਾਸੀਆਂ ਦੀ ਸਿਹਤ ਲਈ ਵਰਦਾਨ : ਅਮਨਪ੍ਰੀਤ ਕੌਰ
ਫ਼ਿਰੋਜ਼ਪੁਰ, 05 ਅਗਸਤ, 2025: ਫ਼ਿਰੋਜ਼ਪੁਰ ਵਾਸੀਆਂ ਲਈ ਸੀ.ਐਮ. ਦੀ ਯੋਗਸ਼ਾਲਾ ਸਿਹਤ ਦਾ ਵਰਦਾਨ ਸਾਬਿਤ ਹੋ ਰਹੀ ਹੈ। ਸੈਂਕੜੇ ਲੋਕ ਰੋਜ਼ਾਨਾ ਯੋਗ ਕਰਕੇ ਤੰਦਰੁਸਤ ਜੀਵਨ ਜੀ ਰਹੇ ਹਨ। ਸੀ.ਐਮ. ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਅਮਨਪ੍ਰੀਤ ਕੌਰ ਨੇ ਕਿਹਾ ਕਿ ਯੋਗ ਸਭ ਲਈ ਹੈ ਅਤੇ ਹਰ ਨਾਗਰਿਕ ਨੂੰ ਚਾਹੀਦਾ ਹੈ ਕਿ ਸਿਹਤਮੰਦ ਜੀਵਨ ਸ਼ੈਲੀ ਅਪਣਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ.ਐਮ. ਦੀ ਯੋਗਸ਼ਾਲਾ ਨਾਲ ਜੁੜੇ ਅਤੇ ਮੁਫ਼ਤ ਯੋਗ ਕਲਾਸਾਂ ਜੁਆਇਨ ਕਰਕੇ ਰੋਜ਼ਾਨਾ ਇੱਕ ਘੰਟਾ ਆਪਣੇ ਲਈ ਕੱਢ ਕੇ ਯੋਗ ਜ਼ਰੂਰ ਕਰੇ। ਯੋਗ ਨਾਲ ਨਾ ਸਿਰਫ਼ ਮੌਜੂਦਾ ਬਿਮਾਰੀਆਂ ਵਿੱਚ ਸੁਧਾਰ ਹੁੰਦਾ ਹੈ, ਬਲਕਿ ਵੱਧਦੀ ਉਮਰ ਨਾਲ ਹੋਣ ਵਾਲੀਆਂ ਸਮੱਸਿਆਂਵਾਂ ਤੋਂ ਵੀ ਬਚਾਅ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਮੁਫ਼ਤ ਯੋਗ ਕਲਾਸ ਸ਼ੁਰੂ ਕਰਨ ਲਈ 25 ਮੈਂਬਰਾਂ ਦੇ ਗਰੁੱਪ ਨਾਲ 7669400500 ’ਤੇ ਕਾਲ ਕਰਕੇ ਰਜਿਸਟਰ ਕਰਾਇਆ ਜਾ ਸਕਦਾ ਹੈ। ਸਰਕਾਰ ਵੱਲੋਂ ਨਿਯੁਕਤ ਮਾਹਿਰ ਯੋਗ ਟ੍ਰੇਨਰ ਇਨ੍ਹਾਂ ਕਲਾਸਾਂ ਵਿੱਚ ਯੋਗ ਸਿਖਾਉਣ ਦੇ ਨਾਲ-ਨਾਲ ਤੰਦਰੁਸਤ ਜੀਵਨਸ਼ੈਲੀ ਅਤੇ ਸੰਤੁਲਿਤ ਖੁਰਾਕ ਬਾਰੇ ਵੀ ਜਾਣਕਾਰੀ ਦਿੰਦੇ ਹਨ।
ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ੀਰਾ ਮੋੜ ਪਾਰਕ ਮਖੂ ਵਿੱਚ ਪਰਮਜੀਤ ਕੌਰ ਆਪਣੀਆਂ 25 ਮਹਿਲਾ ਸਾਥਣਾਂ ਦੇ ਗਰੁੱਪ ਨਾਲ ਪਿਛਲੇ ਇੱਕ ਸਾਲ ਤੋਂ ਲਗਾਤਾਰ ਯੋਗ ਕਰ ਰਹੀ ਹੈ। ਮਹਿਲਾਵਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਰੋਜ਼ਾਨਾ ਯੋਗ ਕਰਨ ਨਾਲ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸਿਹਤ ਲਾਭ ਮਿਲੇ ਹਨ, ਜਿਵੇਂ ਕਿ: ਮੋਟਾਪਾ ਘਟਣਾ, ਮਨੋਵਿਕਾਰਾਂ ਵਿੱਚ ਸੁਧਾਰ, ਸ਼ੋਲਡਰ ਫ੍ਰੋਜ਼ਨ, ਸਰਵਾਈਕਲ, ਥਾਇਰਾਇਡ, ਸ਼ੂਗਰ ਅਤੇ ਹਾਈ ਬੀਪੀ ਵਿੱਚ ਲਾਭ, ਸਰੀਰ ਵਿੱਚ ਲਚਕੀਲਾਪਨ, ਫ਼ੁਰਤੀ ਤੇ ਮਜ਼ਬੂਤੀ ਵਿੱਚ ਵਾਧਾ ਆਦਿ। ਉਨ੍ਹਾਂ ਕਿਹਾ ਕਿ ਮਹਿਲਾਵਾਂ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦਾ ਸਿਹਤਮੰਦ ਤੇ ਜਾਗਰੂਕ ਹੋਣਾ ਇੱਕ ਸਿਹਤਮੰਦ, ਵਿਕਾਸਸ਼ੀਲ ਅਤੇ ਮਜ਼ਬੂਤ ਸਮਾਜ ਦੀ ਨੀਂਹ ਹੈ। ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਇਸ ਸਰਾਹਨਾਯੋਗ ਉਪਰਾਲੇ ਨਾਲ ਜੁੜ ਕੇ ਆਪਣੀ ਸਿਹਤ ਸੰਭਾਲਣ ਦੇ ਨਾਲ-ਨਾਲ ਚੰਗੇ ਸਮਾਜ ਅਤੇ ਚੰਗੇ ਦੇਸ਼ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ।




