ਰੰਗਲੇ ਪੰਜਾਬ ਦਾ ਸੁਫ਼ਨਾ ਸਾਕਾਰ ਕਰਨ ‘ਚ ਮਦਦਗਾਰ ਸਾਬਿਤ ਹੋਣਗੇ ਯੂਥ ਕਲੱਬ : ਵਿਧਾਇਕ ਰਣਬੀਰ ਭੁੱਲਰ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਯੂਥ ਕਲੱਬ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ

ਰੰਗਲੇ ਪੰਜਾਬ ਦਾ ਸੁਫ਼ਨਾ ਸਾਕਾਰ ਕਰਨ ‘ਚ ਮਦਦਗਾਰ ਸਾਬਿਤ ਹੋਣਗੇ ਯੂਥ ਕਲੱਬ : ਵਿਧਾਇਕ ਰਣਬੀਰ ਭੁੱਲਰ
– ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਯੂਥ ਕਲੱਬ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ
ਫ਼ਿਰੋਜ਼ਪੁਰ, 03 ਅਗਸਤ, 2025: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਨਾਲ ਯੂਥ ਕਲਬ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਰਿਫ਼ ਕੇ ਵਿਖੇ ਆਯੋਜਿਤ ਕੀਤਾ ਗਿਆ।
ਇਸ ਮੌਕੇ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵਿਸ਼ੇਸ਼ ਤੌਰ ‘ਤੇ ਪੁੱਜੇ। ਉਨ੍ਹਾਂ ਸਮੂਹ ਭਾਗੀਦਾਰਾਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਨੌਜਵਾਨਾਂ ਨੂੰ ਨਵੀਂ ਸੇਧ ਦੇਵੇਗਾ। ਇਸ ਦੋ ਦਿਨਾ ਟ੍ਰੇਨਿੰਗ ਸੈਸ਼ਨ ਦੌਰਾਨ ਹਰਮੀਤ ਸਿੰਘ ਖਾਈ (ਯੂਥ ਪ੍ਰਧਾਨ ਹਲਕਾ ਫਿਰੋਜ਼ਪੁਰ ਸ਼ਹਿਰੀ) ਸਮੇਤ ਹੋਰ ਯੂਥ ਕਲਬਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਟ੍ਰੇਨਿੰਗ ਸੈਸ਼ਨ ਦੌਰਾਨ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਕਰਨ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰੰਗਲੇ ਪੰਜਾਬ ਦੀ ਸਿਰਜਣਾ ਦੀ ਡੋਰ ਨੌਜਵਾਨਾਂ ਦੇ ਮੋਢਿਆਂ ਉੱਤੇ ਹੈ ਤੇ ਨੌਜਵਾਨਾਂ ਨੂੰ ਸੂਬੇ ਦੀ ਭਲਾਈ ਪ੍ਰਤੀ ਆਪਣਾ ਕਿਰਦਾਰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਥ ਕਲਬਾਂ ਦੇ ਗਠਨ ਨਾਲ ਨੌਜਵਾਨ ਪੀੜ੍ਹੀ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਲੋਕਾਂ ਨੂੰ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਸਬੰਧੀ ਜਨ ਜਾਗਰੂਕਤਾ ਫੈਲਾਏਗੀ ਅਤੇ ਖੇਡਾਂ ਦੇ ਮਹੱਤਵ ਨੂੰ ਸਮਝਦਿਆਂ ਆਪਣਾ ਧਿਆਨ ਤੇ ਊਰਜਾ ਖੇਡਾਂ ਵੱਲ ਲਗਾਏਗੀ।
ਵਿਧਾਇਕ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਸਾਡਾ ਭਵਿੱਖ ਹੈ ਤੇ ਸਾਡਾ ਭਵਿੱਖ ਮਾੜੀਆਂ ਕੁਰੀਤੀਆਂ ਤੋਂ ਦੂਰ ਰਹਿ ਕੇ ਰੌਸ਼ਨ ਭਵਿੱਖ ਵੱਲ ਵਧੇ, ਇਹ ਹੀ ਪੰਜਾਬ ਸਰਕਾਰ ਦਾ ਸੁਪਨਾ ਹੈ। ਨੌਜਵਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀਆਂ ਸਿਖਿਆਵਾਂ ਉੱਤੇ ਚੱਲ ਕੇ ਲੋਕਾਂ ਨੂੰ ਸਹੀ ਅਤੇ ਸਕਾਰਾਤਮਕ ਦਿਸ਼ਾ ਵੱਲ ਮੋੜਨ ਲਈ ਆਪਣਾ ਅਹਿਮ ਯੋਗਦਾਨ ਪਾਉਣ।
ਇਸ ਮੌਕੇ ਹੋਰਨਾਂ ਯੂਥ ਅਗੂਆਂ ਨੇ ਵੀ ਆਪਣੇ-ਆਪਣੇ ਤਜਰਬੇ ਸਾਂਝੇ ਕਰਦਿਆਂ ਨੌਜਵਾਨਾਂ ਅੰਦਰ ਜੋਸ਼ ਭਰਿਆ ਤੇ ਨਸ਼ਿਆਂ ਜਿਹੀਆਂ ਮਾੜੀ ਅਲਾਮਤਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਹਾਜ਼ਰ ਨੌਜਵਾਨਾਂ ਨੇ ਸਮੂਹਿਕ ਸੰਕਲਪ ਲਿਆ ਕਿ ਅਸੀਂ ਆਪਣੇ ਪਿੰਡਾਂ ਵਿੱਚੋਂ ਨਸ਼ੇ ਵਰਗੀਆਂ ਭੈੜੀਆਂ ਅਲਾਮਤਾਂ ਨੂੰ ਜੜ੍ਹੋਂ ਖਤਮ ਕਰਾਂਗੇ, ਖੇਡ ਗਰਾਉਂਡਾਂ ਵਿੱਚ ਨੌਜਵਾਨੀ ਨੂੰ ਲੈ ਕੇ ਜਾਵਾਂਗੇ , ਰੋਜ਼ਗਾਰ ਮੁਹੱਈਆ ਕਰਵਾਉਣ ਲਈ ਕਦਮ ਚੁਕਾਂਗੇ ਅਤੇ ਸਮੇ-ਸਮੇ ਤੇ ਸਭਿਆਚਾਰਕ, ਖੇਡ ਮੇਲੇ ਕਰਵਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਵਾਂਗੇ।





